DA ਦੀ ਮੰਗ ਨੂੰ ਲੈ ਕੇ ਮੁਲਾਜ਼ਮਾਂ ਦੀ ਕਲਮਛੋੜ ਹੜਤਾਲ, ਪਬਲਿਕ ਡੀਲਿੰਗ ਬੰਦ ਹੋਣ ਨਾਲ ਲੋਕ ਪ੍ਰੇਸ਼ਾਨ ਰਾਜ ਸਰਕਾਰ ਵੱਲੋਂ ਲੰਮੇ ਸਮੇਂ ਤੋਂ ਲਟਕਦੇ ਆ ਰਹੇ ਮਹਿੰਗਾਈ ਭੱਤੇ (ਡੀ.ਏ.) ਦੀ ਰਾਸ਼ੀ ਜਾਰੀ ਨਾ ਕਰਨ ਦੇ ਵਿਰੋਧ ’ਚ ਪਟਿਆਲਾ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਕਲੈਰੀਕਲ ਸਟਾਫ਼ ਨੇ ਮੋਰਚਾ ਖੋਲ੍ਹ ਦਿੱਤਾ ਹੈ। ਮੁਲਾਜ਼ਮਾਂ ਨੇ ਅਨਿਸ਼ਚਿਤ ਸਮੇਂ ਲਈ ‘ਕਲਮਛੋੜ ਹੜਤਾਲ’ ਸ਼ੁਰੂ ਕਰ ਦਿੱਤੀ ਹੈ, ਜਿਸ ਕਾਰਨ ਸਰਕਾਰੀ ਦਫ਼ਤਰਾਂ ’ਚ ਪਬਲਿਕ ਡੀਲਿੰਗ ਪੂਰੀ ਤਰ੍ਹਾਂ ਬੰਦ ਰਹੀ। ਦਫ਼ਤਰਾਂ ’ਚ ਆਪਣੇ ਕੰਮਕਾਜ ਲਈ ਸਵੇਰ ਤੋਂ ਹੀ ਪੁੱਜੇ ਲੋਕਾਂ ਨੂੰ ਹੜਤਾਲ ਕਾਰਨ ਬਿਨਾਂ ਕੰਮ ਕਰਵਾਏ ਹੀ ਵਾਪਸ ਪਰਤਣਾ ਪਿਆ, ਜਿਸ ਨਾਲ ਆਮ ਜਨਤਾ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ। ਦੱਸਣਯੋਗ ਹੈ ਕਿ ਮੁਲਾਜ਼ਮਾਂ ਵੱਲੋਂ ਵੀਰਵਾਰ ਨੂੰ ਵੀ ਦਫ਼ਤ
Publish Date: Thu, 06 Aug 2026 11:38 AM (IST)
Updated Date: Thu, 06 Aug 2026 12:25 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਰਾਜ ਸਰਕਾਰ ਵੱਲੋਂ ਲੰਮੇ ਸਮੇਂ ਤੋਂ ਲਟਕਦੇ ਆ ਰਹੇ ਮਹਿੰਗਾਈ ਭੱਤੇ (ਡੀ.ਏ.) ਦੀ ਰਾਸ਼ੀ ਜਾਰੀ ਨਾ ਕਰਨ ਦੇ ਵਿਰੋਧ ’ਚ ਪਟਿਆਲਾ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਕਲੈਰੀਕਲ ਸਟਾਫ਼ ਨੇ ਮੋਰਚਾ ਖੋਲ੍ਹ ਦਿੱਤਾ ਹੈ। ਮੁਲਾਜ਼ਮਾਂ ਨੇ ਅਨਿਸ਼ਚਿਤ ਸਮੇਂ ਲਈ ‘ਕਲਮਛੋੜ ਹੜਤਾਲ’ ਸ਼ੁਰੂ ਕਰ ਦਿੱਤੀ ਹੈ, ਜਿਸ ਕਾਰਨ ਸਰਕਾਰੀ ਦਫ਼ਤਰਾਂ ’ਚ ਪਬਲਿਕ ਡੀਲਿੰਗ ਪੂਰੀ ਤਰ੍ਹਾਂ ਬੰਦ ਰਹੀ। ਦਫ਼ਤਰਾਂ ’ਚ ਆਪਣੇ ਕੰਮਕਾਜ ਲਈ ਸਵੇਰ ਤੋਂ ਹੀ ਪੁੱਜੇ ਲੋਕਾਂ ਨੂੰ ਹੜਤਾਲ ਕਾਰਨ ਬਿਨਾਂ ਕੰਮ ਕਰਵਾਏ ਹੀ ਵਾਪਸ ਪਰਤਣਾ ਪਿਆ, ਜਿਸ ਨਾਲ ਆਮ ਜਨਤਾ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ। ਦੱਸਣਯੋਗ ਹੈ ਕਿ ਮੁਲਾਜ਼ਮਾਂ ਵੱਲੋਂ ਵੀਰਵਾਰ ਨੂੰ ਵੀ ਦਫ਼ਤਰਾਂ ’ਚ ਪਬਲਿਕ ਡੀਲਿੰਗ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ, ਜਿਸ ਕਾਰਨ ਵੀਰਵਾਰ ਨੂੰ ਵੀ ਸਰਕਾਰੀ ਕੰਮਕਾਜ ਠੱਪ ਰਹਿਣਗੇ।
ਡਿਪਟੀ ਕਮਿਸ਼ਨਰ, ਐੱਸ.ਡੀ.ਐੱਮ. ਤੇ ਤਹਿਸੀਲ ਦਫ਼ਤਰਾਂ ਵਿੱਚ ਮੁਲਾਜ਼ਮਾਂ ਵੱਲੋਂ ਮੁਕੰਮਲ ਹੜਤਾਲ ਰੱਖੀ ਗਈ, ਜਿੱਥੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਲੋਕ ਪ੍ਰਸ਼ਾਸਨਿਕ ਕੰਮਾਂ ਲਈ ਪਹੁੰਚਦੇ ਹਨ। ਇਹਨਾਂ ਦਫ਼ਤਰਾਂ ਵਿੱਚ ਪਬਲਿਕ ਡੀਲਿੰਗ ਬੰਦ ਰਹਿਣ ਕਰਕੇ ਰਿਹਾਇਸ਼ੀ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਅਸਲਾ ਲਾਇਸੈਂਸ, ਡੀ.ਸੀ., ਏ.ਡੀ.ਸੀ., ਐਸ.ਡੀ.ਐਮ. ਅਤੇ ਤਹਿਸੀਲਦਾਰ ਦੀਆਂ ਅਦਾਲਤਾਂ ਦੇ ਕੰਮ ਤੋਂ ਇਲਾਵਾ ਹੋਰਨਾਂ ਸ਼ਾਖਾਵਾਂ ਦੇ ਕੰਮ ਵੀ ਠੱਪ ਰਹੇ। ਬਿਨਾਂ ਕਿਸੇ ਪੂਰਵ ਸੂਚਨਾ ਤੋਂ ਹੋਈ ਇਸ ਹੜਤਾਲ ਕਾਰਨ ਦੂਰ-ਦੁਰਾਡੇ ਤੋਂ ਆਏ ਲੋਕਾਂ ਨੂੰ ਖਾਲੀ ਹੱਥ ਵਾਪਸ ਮੁੜਨਾ ਪਿਆ। ਪ੍ਰਸ਼ਾਸਨਿਕ ਕੰਪਲੈਕਸਾਂ ਤੋਂ ਇਲਾਵਾ ਸਿਵਲ ਸਰਜਨ ਦਫ਼ਤਰ, ਵਾਟਰ ਸਪਲਾਈ ਅਤੇ ਸੈਨੀਟੇਸ਼ਨ, ਨਹਿਰੀ ਵਿਭਾਗ ਅਤੇ ਫੂਡ ਐਂਡ ਸਿਵਲ ਸਪਲਾਈ ਵਿਭਾਗ ਸਮੇਤ ਵੱਖ-ਵੱਖ ਸਰਕਾਰੀ ਮਹਿਕਮਿਆਂ ਦੇ ਕਲੈਰੀਕਲ ਅਮਲੇ ਨੇ ਵੀ ਹੜਤਾਲ ਵਿੱਚ ਭਰਵਾਂ ਯੋਗਦਾਨ ਪਾਇਆ। ਹੜਤਾਲੀ ਮੁਲਾਜ਼ਮਾਂ ਦਾ ਸਪੱਸ਼ਟ ਕਹਿਣਾ ਹੈ ਕਿ ਸਰਕਾਰ ਲਗਾਤਾਰ ਉਹਨਾਂ ਦੀਆਂ ਜਾਇਜ਼ ਮੰਗਾਂ ਨੂੰ ਅਣਗੌਲਿਆ ਕਰ ਰਹੀ ਹੈ।
ਮੁਲਾਜ਼ਮ ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਸਰਕਾਰ ਉਹਨਾਂ ਦੀਆਂ ਮੰਗਾਂ ਪ੍ਰਵਾਨ ਕਰਕੇ ਡੀ.ਏ. ਦੀ ਰਾਸ਼ੀ ਜਾਰੀ ਨਹੀਂ ਕਰਦੀ, ਉਦੋਂ ਤੱਕ ਇਹ ਕਲਮਛੋੜ ਹੜਤਾਲ ਇਸੇ ਤਰ੍ਹਾਂ ਜਾਰੀ ਰਹੇਗੀ। ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਦਰਸ਼ਨ ਸਿੰਘ ਨੇ ਦੱਸਿਆ ਕਿ ਇਹ ਹੜਤਾਲ ‘ਪੰਜਾਬ ਸਟੇਟ ਮਿਨੀਸਟਰੀਅਲ ਸਰਵਿਸਿਜ਼ ਯੂਨੀਅਨ’ ਦੇ ਸੱਦੇ ’ਤੇ ਸ਼ੁਰੂ ਕੀਤੀ ਗਈ ਹੈ ਤੇ ਵੀਰਵਾਰ ਨੂੰ ਵੀ ਜਾਰੀ ਰਹੇਗੀ। ਜੇਕਰ ਸਰਕਾਰ ਨੇ ਜਲਦ ਮੰਗਾਂ ਨਾ ਮੰਨੀਆਂ ਤਾਂ ਹੜਤਾਲ ਨੂੰ ਅੱਗੇ ਵਧਾਉਣ ਦਾ ਫੈਸਲਾ ਲਿਆ ਜਾ ਸਕਦਾ ਹੈ।