30 ਵਾਰਡਾਂ ਦੇ ਦੰਗਲ ’ਚ ਅੱਠ ‘ਹੌਟ ਸੀਟਾਂ’ ’ਤੇ ਟਿਕੀਆਂ ਨਜ਼ਰਾਂ 30 ਵਾਰਡਾਂ ਦੇ ਦੰਗਲ ਵਿੱਚ ਅੱਠ ‘ਹੌਟ ਸੀਟਾਂ’ ’ਤੇ ਟਿਕੀਆਂ ਨਜ਼ਰਾਂ
Publish Date: Mon, 23 Nov 2026 06:45 PM (IST)
Updated Date: Mon, 23 Nov 2026 06:49 PM (IST)
ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ : ਨਗਰ ਨਿਗਮ ਦੇ ਕੁੱਲ 60 ਵਾਰਡਾਂ ’ਚੋਂ 30 ਵਾਰਡਾਂ ਲਈ ਹੋ ਰਹੀਆਂ ਜ਼ਿਮਨੀ ਚੋਣਾਂ ਦਾ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਾ ਹੈ। ਇਸ ਚੋਣ ਮੈਦਾਨ ਵਿਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਕਈ ਦਿੱਗਜ ਤੇ ਘਾਗ ਨੇਤਾਵਾਂ ਦੇ ਉੱਤਰਨ ਨਾਲ ਮੁਕਾਬਲਾ ਬੇਹੱਦ ਦਿਲਚਸਪ ਹੋ ਗਿਆ ਹੈ। ਇਨ੍ਹਾਂ 30 ਵਾਰਡਾਂ ’ਚੋਂ ਅੱਠ ਵਾਰਡ ਅਜਿਹੇ ਹਨ, ਜੋ ‘ਹੌਟ ਸੀਟ’ ਬਣੇ ਹੋਏ ਹਨ ਅਤੇ ਜਿੱਥੇ ਸਿਆਸੀ ਆਗੂਆਂ ਦਾ ਰਸੂਖ਼ ਤੇ ਭਵਿੱਖ ਦੀ ਸਿਆਸਤ ਦਾਅ ’ਤੇ ਲੱਗੀ ਹੋਈ ਹੈ। ਡੱਬੀ ਜੁਨੇਜਾ ਪਰਿਵਾਰ ਦੀ ਸਿਆਸੀ ਵਿਰਾਸਤ ਦੀ ਪਰਖ ਵਾਰਡ ਨੰਬਰ 38 ਤੋਂ ਆਮ ਆਦਮੀ ਪਾਰਟੀ ਵੱਲੋਂ ਪੀਆਰਟੀਸੀ ਦੇ ਚੇਅਰਮੈਨ ਹਰਪਾਲ ਜੁਨੇਜਾ ਦੇ ਸਪੁੱਤਰ ਯੁਵਰਾਜ ਜੁਨੇਜਾ ਚੋਣ ਲੜ ਰਹੇ ਹਨ। ਭਾਵੇਂ ਯੁਵਰਾਜ ਇਸ ਚੋਣ ਰਾਹੀਂ ਆਪਣੀ ਸਿਆਸੀ ਪਾਰੀ ਦੀ ਸ਼ੁਰੂਆਤ ਕਰ ਰਹੇ ਹਨ, ਪਰ ਉਨ੍ਹਾਂ ਦੇ ਪਿਤਾ ਦੇ ਸ਼੍ਰੋਮਣੀ ਅਕਾਲੀ ਦਲ ਵਿਚ ਵੱਡੇ ਅਹੁਦਿਆਂ ’ਤੇ ਰਹਿਣ ਅਤੇ ਹੁਣ ‘ਆਪ’ ਸਰਕਾਰ ਵਿਚ ਅਹਿਮ ਜ਼ਿੰਮੇਵਾਰੀ ਨਿਭਾਉਣ ਕਾਰਨ ਜੁਨੇਜਾ ਪਰਿਵਾਰ ਲਈ ਇਹ ਸੀਟ ਜਿੱਤਣਾ ਵੱਕਾਰ ਦਾ ਸਵਾਲ ਬਣ ਗਿਆ ਹੈ। ਉਨ੍ਹਾਂ ਦਾ ਮੁਕਾਬਲਾ ਭਾਜਪਾ ਦੀ ਰੁਤਾਂਕਸ਼ਾ ਬਾਂਸਲ, ਕਾਂਗਰਸ ਦੇ ਡਾ. ਕਰਮਜੀਤ ਸਿੰਘ ਅਤੇ ਅਕਾਲੀ ਦਲ ਦੇ ਸਤਗੁਰਪ੍ਰੀਤ ਸਿੰਘ ਨਾਲ ਹੈ। ਡੱਬੀ ਵਾਰਡ ਨੰਬਰ 34: ਪੁਰਾਣੇ ਵਿਰੋਧੀ ਤੇ ਨਜ਼ਦੀਕੀ ਆਹਮੋ-ਸਾਹਮਣੇ ਤਿੰਨ ਵਾਰ ‘ਆਪ’ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਰਹਿ ਚੁੱਕੇ ਤੇਜਿੰਦਰ ਮਹਿਤਾ ਕਾਰਨ ਵਾਰਡ ਨੰਬਰ 34 ਸਭ ਤੋਂ ਵੱਧ ਚਰਚਾ ਵਿਚ ਹੈ। ਭਾਜਪਾ ਨੇ ਇੱਥੋਂ ਮੁੜ ਸੁਸ਼ੀਲ ਨਈਅਰ ’ਤੇ ਦਾਅ ਖੇਡਿਆ ਹੈ, ਜਿਨ੍ਹਾਂ ਨੇ ਪਿਛਲੀਆਂ ਚੋਣਾਂ ਦੌਰਾਨ ਧੱਕੇਸ਼ਾਹੀ ਦਾ ਦੋਸ਼ ਲਗਾਉਂਦਿਆਂ ਪੈਟਰੋਲ ਦੀ ਬੋਤਲ ਲੈ ਕੇ ਵੋਟਿੰਗ ਸੈਂਟਰ ਦੀ ਛੱਤ ’ਤੇ ਚੜ੍ਹ ਕੇ ਸੁਰਖ਼ੀਆਂ ਬਟੋਰੀਆਂ ਸਨ। ਇਸ ਤੋਂ ਇਲਾਵਾ ਕਾਂਗਰਸ ਦੇ ਗੌਰਵ ਕੁਮਾਰ ਅਤੇ ਅਕਾਲੀ ਦਲ ਦੇ ਭੁਵੇਸ਼ ਧੀਰ ਵੀ ਮੈਦਾਨ ਵਿਚ ਹਨ। ਦਿਲਚਸਪ ਪਹਿਲੂ ਇਹ ਹੈ ਕਿ ਮਹਿਤਾ ਦੇ ਕਦੇ ਬੇਹੱਦ ਨਜ਼ਦੀਕੀ ਰਹੇ ਸੁਰਿੰਦਰ ਸਿੰਘ ਨਿੱਕੂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਕੇ ਮੁਕਾਬਲੇ ਨੂੰ ਹੋਰ ਤਿਕੋਣਾ ਬਣਾ ਰਹੇ ਹਨ। ਡੱਬੀ ਵਾਰਡ ਨੰਬਰ 22: ਵਿਧਾਨ ਸਭਾ ਟਿਕਟ ਲਈ ਅਹਿਮ ਜੰਗ ਹਲਕਾ ਪਟਿਆਲਾ ਦਿਹਾਤੀ ਦੇ ਵਾਰਡ ਨੰਬਰ 22 ’ਚ ਯੂਥ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੰਜੀਵ ਸ਼ਰਮਾ ਕਾਲੂ ਦੀ ਪਤਨੀ ਨੇਹਾ ਸ਼ਰਮਾ ਕਾਂਗਰਸ ਦੀ ਟਿਕਟ ’ਤੇ ਚੋਣ ਲੜ ਰਹੀ ਹੈ। ਕਾਲੂ ਪਹਿਲਾਂ ਵੀ ਕੌਂਸਲਰ ਦੀ ਚੋਣ ਲੜ ਚੁੱਕੇ ਹਨ ਤੇ ਹੁਣ ਵਿਧਾਨ ਸਭਾ ਚੋਣਾਂ ਦੀ ਤਿਆਰੀ ਕਰ ਰਹੇ ਹਨ। ਵਿਧਾਨ ਸਭਾ ਟਿਕਟ ਲਈ ਆਪਣੀ ਦਾਅਵੇਦਾਰੀ ਮਜ਼ਬੂਤ ਕਰਨ ਵਾਸਤੇ ਉਨ੍ਹਾਂ ਲਈ ਆਪਣੀ ਪਤਨੀ ਨੂੰ ਜਿਤਾਉਣਾ ਬੇਹੱਦ ਜ਼ਰੂਰੀ ਹੋ ਗਿਆ ਹੈ। ਇੱਥੇ ਨੇਹਾ ਸ਼ਰਮਾ ਦਾ ਸਾਹਮਣਾ ਭਾਜਪਾ ਆਗੂ ਸੌਰਵ ਸ਼ਰਮਾ ਦੀ ਪਤਨੀ ਯਸ਼ਪਾਲ ਕੌਰ, ‘ਆਪ’ ਦੀ ਗੀਤਿਕਾ ਅਤੇ ਅਕਾਲੀ ਦਲ ਦੀ ਵੰਦਨਾ ਸ਼ਰਮਾ ਨਾਲ ਹੋ ਰਿਹਾ ਹੈ। ਡੱਬੀ ਪੁਰਾਣੇ ਸਾਥੀਆਂ ਵਿਚਾਲੇ ਫਸਵਾਂ ਮੁਕਾਬਲਾ ਭਾਜਪਾ ਪੰਜਾਬ ਯੁਵਾ ਮੋਰਚਾ ਦੇ ਪ੍ਰਧਾਨ ਅਤੇ ਸਾਬਕਾ ਕੌਂਸਲਰ ਅਨੁਜ ਖੋਸਲਾ ਦੂਜੀ ਵਾਰ ਵਾਰਡ ਨੰਬਰ 40 ਤੋਂ ਕਿਸਮਤ ਅਜ਼ਮਾ ਰਹੇ ਹਨ। ਪਿਛਲੀਆਂ ਚੋਣਾਂ ਦੌਰਾਨ ਇਸ ਵਾਰਡ ਵਿੱਚ ਸਭ ਤੋਂ ਵੱਧ ਹੰਗਾਮਾ ਹੋਇਆ ਸੀ। ਇਸ ਵਾਰ ‘ਆਪ’ ਨੇ ਸਿਆਸੀ ਪੈਂਤੜਾ ਖੇਡਦਿਆਂ ਭਾਜਪਾ ਦੇ ਹੀ ਸਾਬਕਾ ਪ੍ਰਧਾਨ ਸੋਨੂੰ ਕੱਕੜ ਨੂੰ ਆਪਣਾ ਉਮੀਦਵਾਰ ਬਣਾ ਕੇ ਖੋਸਲਾ ਦੇ ਸਾਹਮਣੇ ਖੜ੍ਹਾ ਕਰ ਦਿੱਤਾ ਹੈ। ਕਾਂਗਰਸ ਵੱਲੋਂ ਵਿਨੋਦ ਕੁਮਾਰ ਅਤੇ ਅਕਾਲੀ ਦਲ ਵੱਲੋਂ ਗੁਰਪ੍ਰੀਤ ਸਿੰਘ ਗੋਲੂ ਵੀ ਪੂਰੇ ਜ਼ੋਰ-ਸ਼ੋਰ ਨਾਲ ਮੈਦਾਨ ਵਿੱਚ ਡਟੇ ਹੋਏ ਹਨ। ਡੱਬੀ ਸਾਬਕਾ ਮੇਅਰਾਂ ਦਾ ਵੱਕਾਰ ਦਾਅ ’ਤੇ ਵਾਰਡ ਨੰਬਰ 12 ਤੋਂ ਸਾਬਕਾ ਡਿਪਟੀ ਮੇਅਰ ਜਗਦੀਪ ਰਾਏ ਜੱਗਾ ਲਈ ਦੂਜੀ ਵਾਰ ਜਿੱਤ ਦਰਜ ਕਰਨਾ ਮੁੱਛ ਦਾ ਸਵਾਲ ਹੈ। ਸਿਹਤ ਮੰਤਰੀ ਦੇ ਹਲਕੇ ਤੋਂ ਵਿਧਾਇਕ ਬਣਨ ਦਾ ਸੁਪਨਾ ਦੇਖ ਰਹੇ ਜੱਗਾ ਲਈ ਪਹਿਲਾਂ ਕੌਂਸਲਰ ਦੀ ਪੌੜੀ ਚੜ੍ਹਨਾ ਲਾਜ਼ਮੀ ਹੈ। ਉਨ੍ਹਾਂ ਦੇ ਮੁਕਾਬਲੇ ਕਾਂਗਰਸ ਦੇ ਐਡਵੋਕੇਟ ਭੁਵੇਸ਼ ਤਿਵਾੜੀ ਮਜਬੂਤ ਉਮੀਦਵਾਰ ਹਨ। ਇਨਾਂ ਤੋਂ ਇਲਾਵਾ ਭਾਜਪਾ ਦੇ ਸ਼ਮਸ਼ੇਰ ਸਿੰਘ, ਅਤੇ ਅਕਾਲੀ ਦਲ ਦੇ ਜਸਵਿੰਦਰ ਸਿੰਘ ਕਾਲੜਾ ਸਖ਼ਤ ਟੱਕਰ ਦੇ ਰਹੇ ਹਨ। ਦੂਜੇ ਪਾਸੇ, ਵਾਰਡ ਨੰਬਰ 28 ਤੋਂ ‘ਆਪ’ ਆਗੂ ਅਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਮੁੜ ਮੈਦਾਨ ਵਿੱਚ ਹਨ। ਉਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਸਾਬਕਾ ਕੌਂਸਲਰ ਰਾਜੇਸ਼ ਸ਼ਰਮਾ, ਅਕਾਲੀ ਦਲ ਦੇ ਸਾਬਕਾ ਕੌਂਸਲਰ ਅਮਰਜੀਤ ਸਿੰਘ ਬਠਲਾ ਅਤੇ ਭਾਜਪਾ ਦੇ ਇੰਦਰ ਨਾਰੰਗ ਵਰਗੇ ਮਜ਼ਬੂਤ ਉਮੀਦਵਾਰਾਂ ਨਾਲ ਹੈ। ਡੱਬੀ ਜ਼ਿਲ੍ਹਾ ਪ੍ਰਧਾਨਾਂ ਦੇ ਵਾਰਡਾਂ ’ਤੇ ਵਿਸ਼ੇਸ਼ ਨਜ਼ਰ ਚੋਣ ਦੰਗਲ ਵਿਚ ਪਾਰਟੀਆਂ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਕਾਰਗੁਜ਼ਾਰੀ ’ਤੇ ਵੀ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਵਾਰਡ ਨੰਬਰ 50 ਤੋਂ ਭਾਜਪਾ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਵਿਜੇ ਕੂਕਾ ਖੁਦ ਚੋਣ ਮੈਦਾਨ ਵਿਚ ਹਨ, ਜਿੱਥੇ ਉਨ੍ਹਾਂ ਦਾ ਮੁਕਾਬਲਾ ‘ਆਪ’ ਦੇ ਹਰਮਨ ਸੰਧੂ, ਕਾਂਗਰਸ ਦੇ ਅਵਤਾਰ ਸਿੰਘ ਅਤੇ ਅਕਾਲੀ ਦਲ ਦੀ ਜਸਤਿੰਦਰ ਕੌਰ ਨਾਲ ਹੈ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਅਮਿਤ ਸਿੰਘ ਰਾਠੀ ਦੀ ਪਤਨੀ ਕਮਲਦੀਪ ਕੌਰ ਵਾਰਡ ਨੰਬਰ 14 ਤੋਂ ਚੋਣ ਲੜ ਰਹੀ ਹੈ। ਇੱਥੇ ਉਨ੍ਹਾਂ ਨੂੰ ਕਾਂਗਰਸ ਦੀ ਅਮਨਦੀਪ ਕੌਰ, ਭਾਜਪਾ ਦੇ ਗਗਨਦੀਪ ਸਿੰਘ ਅਤੇ ‘ਆਪ’ ਦੇ ਗੁਰਕ੍ਰਿਪਾਲ ਸਿੰਘ ਵੱਲੋਂ ਸਖ਼ਤ ਚੁਣੌਤੀ ਦਿੱਤੀ ਜਾ ਰਹੀ ਹੈ।