ਕਿਸਾਨ ਮੋਰਚੇ ਨੂੰ ਢਾਹ ਲਾਉਣ ਦੇ ਵਿਰੋਧ ’ਚ ਪੁਤਲਾ ਸਾੜਿਆ
ਕਿਸਾਨ ਮੋਰਚੇ ਨੂੰ ਢਾਹ ਲਾਉਣ ਦੇ ਵਿਰੋਧ ’ਚ ਪੁਤਲਾ ਸਾੜਿਆ
Publish Date: Tue, 24 Mar 2026 04:15 PM (IST)
Updated Date: Wed, 25 Mar 2026 03:59 AM (IST)

ਹਰਜੀਤ ਸਿੰਘ, ਪੰਜਾਬੀ ਜਾਗਰਣ, ਖਨੌਰੀ : ਅੰਮ੍ਰਿਤਸਰ ਵਿਚ ਕਿਸਾਨ ਮੋਰਚੇ ਨੂੰ ਪੰਜਾਬ ਸਰਕਾਰ ਵੱਲੋ ਖਦੇੜਨ ਦੇ ਵਿਰੋਧ ਵਿਚ ਨੇੜ੍ਹਲੇ ਪਿੰਡ ਮੰਡਵੀ ਵਿਚ ਭਾਕਿਯੂ ਏਕਤਾ ਆਜ਼ਾਦ ਵੱਲੋ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਜ਼ਿਲ੍ਹਾ ਆਗੂ ਰਾਜ ਸਿੰਘ ਥੇੜੀ ਅਤੇ ਬਲਾਕ ਪ੍ਰਧਾਨ ਅਮਨਦੀਪ ਸਿੰਘ ਮੰਡਵੀ ਨੇ ਕਿਹਾ ਕਿ ਕਿਸਾਨਾਂ ਦੇ ਵਧਦੇ ਸੰਘਰਸ਼ ਤੋਂ ਘਬਰਾਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅੱਜ ਸਵੇਰੇ ਲਗਭਗ ਸਾਢੇ 5 ਵਜੇ ਇੱਕ ਸੋਚੀ-ਸਮਝੀ ਸਾਜ਼ਿਸ਼ ਅਧੀਨ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਅਤੇ ਜਸਵਿੰਦਰ ਸਿੰਘ ਲੌਂਗੋਵਾਲ ਨੂੰ ਗ੍ਰਿਫ਼ਤਾਰ ਕਰ ਲਿਆ। ਇਹ ਕਦਮ ਸਰਕਾਰ ਦੀ ਤਾਕਤ ਨਹੀਂ, ਸਗੋਂ ਉਸਦੇ ਡਰ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਸੰਵਿਧਾਨ ਅਤੇ ਨਾਗਰਿਕਾਂ ਦੇ ਮੂਲ ਅਧਿਕਾਰਾਂ ‘ਤੇ ਸਿੱਧਾ ਹਮਲਾ ਹੈ। ਪ੍ਰਦਰਸ਼ਨ ਕਰਨ ਦਾ ਹੱਕ ਪੁਲਿਸ ਦੇ ਜ਼ੁਲਮ ਹੇਠ ਰੌਂਦਿਆ ਜਾ ਰਿਹਾ ਹੈ ਅਤੇ ਪੰਜਾਬ ਵਿੱਚ ਲੋਕਤੰਤਰ ਨੂੰ ਕੁਚਲਿਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਦੀ ਦੋਹਰੀ ਨੀਤੀ ਹੁਣ ਪੂਰੀ ਤਰ੍ਹਾਂ ਸਾਹਮਣੇ ਆ ਚੁੱਕੀ ਹੈ। ਜਿਹੜੇ ਕੱਲ੍ਹ ਤੱਕ ਕਿਸਾਨਾਂ ਲਈ ਹਮਦਰਦੀ ਦਿਖਾਉਂਦੇ ਸਨ, ਅੱਜ ਉਹਨਾਂ ਤੋਂ ਵੀ ਵੱਧ ਜ਼ਾਲਮ ਬਣ ਗਏ ਹਨ। ਉਹਨਾਂ ਦੀ ਪਖੰਡਤਾ ਹੁਣ ਪੰਜਾਬ ਦੇ ਲੋਕਾਂ ਅੱਗੇ ਸਪਸ਼ਟ ਹੋ ਚੁੱਕੀ ਹੈ। ਮੋਰਚਾ ਸਰਕਾਰ ਨੂੰ ਸਪੱਸ਼ਟ ਚੇਤਾਵਨੀ ਦਿੰਦਾ ਹੈ ਕਿ ਦਬਾਅ ਨਾਲ ਕਿਸਾਨਾਂ ਦੀ ਆਵਾਜ਼ ਨਹੀਂ ਦਬਾਈ ਜਾ ਸਕਦੀ। ਹਰ ਗ੍ਰਿਫ਼ਤਾਰੀ, ਹਰ ਲਾਠੀਚਾਰਜ ਅਤੇ ਹਰ ਜ਼ੁਲਮ ਸੰਘਰਸ਼ ਨੂੰ ਹੋਰ ਮਜ਼ਬੂਤ ਕਰੇਗਾ। ਇਸ ਮੌਕੇ ਬਲਾਕ ਆਗੂ ਮੁਖਤਿਆਰ ਸਿੰਘ ਮੰਡਵੀ, ਜਸਬੀਰ ਸਿੰਘ ਥੇੜੀ, ਟਹਿਲ ਸਿੰਘ ਮੰਡਵੀ, ਮੁਹੱਬਤ ਸਿੰਘ ਮੰਡਵੀ, ਅਜੀਤ ਸਿੰਘ ਥੇੜੀ, ਹਰਨਾਮ ਸਿੰਘ ਮੰਡਵੀ, ਅਮਰ ਸਿੰਘ ਮਨੇਸ ਹਾਜ਼ਰ ਸਨ।