ਐੱਸਆਈਆਰ ਡਿਊਟੀ ਲਈ ਛੁੱਟੀਆਂ 'ਚ ਸਕੂਲ ਬੁਲਾਉਣ ਦੇ ਹੁਕਮਾਂ ਖ਼ਿਲਾਫ਼ ਡੀਟੀਐੱਫ ਦਾ ਰੋਸ ਐੱਸ.ਆਈ.ਆਰ. ਡਿਊਟੀ ਲਈ ਛੁੱਟੀਆਂ 'ਚ ਸਕੂਲ ਬੁਲਾਉਣ ਦੇ ਹੁਕਮਾਂ ਖ਼ਿਲਾਫ਼ ਡੀਟੀਐੱਫ ਦਾ ਰੋਸ
Publish Date: Sat, 11 Jul 2026 06:01 PM (IST)
Updated Date: Sun, 12 Jul 2026 04:07 AM (IST)
* ਸਰਕਾਰੀ ਪੱਤਰ ਦੀਆਂ ਕਾਪੀਆਂ ਸਾੜੀਆਂ ਫੋਟੋ 11ਪੀਟੀਐਲ 27 ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਐੱਸ.ਆਈ.ਆਰ. (ਸਪੈਸ਼ਲ ਇੰਟੈਂਸਿਵ ਰਿਵੀਜ਼ਨ) ਦੇ ਕੰਮ ਲਈ ਛੁੱਟੀਆਂ ਵਾਲੇ ਦਿਨਾਂ 11 ਤੇ 12 ਜੁਲਾਈ ਨੂੰ ਸਰਕਾਰੀ ਅਤੇ ਏਡਿਡ ਸਕੂਲਾਂ ਦੇ ਸਮੁੱਚੇ ਸਟਾਫ ਨੂੰ ਸਕੂਲਾਂ ’ਚ ਹਾਜ਼ਰ ਰਹਿਣ ਦੇ ਹੁਕਮ ਜਾਰੀ ਕਰਨ ਦੇ ਵਿਰੋਧ ’ਚ ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀਟੀਐੱਫ) ਤੇ ਹੋਰ ਅਧਿਆਪਕ ਜਥੇਬੰਦੀਆਂ ਨੇ ਸ਼ਨੀਵਾਰ ਨੂੰ ਵੱਖ-ਵੱਖ ਸਕੂਲਾਂ ’ਚ ਸਰਕਾਰੀ ਪੱਤਰ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਗਟਾਇਆ। ਡੀਟੀਐੱਫ ਦੇ ਸੂਬਾਈ ਸੱਦੇ ਤਹਿਤ ਪਟਿਆਲਾ ਅਤੇ ਸਮਾਣਾ ਖੇਤਰ ਦੇ ਅਨੇਕਾਂ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਨੇ ਪ੍ਰਦਰਸ਼ਨ ਕਰਦਿਆਂ ਸਿੱਖਿਆ ਵਿਭਾਗ ਦੇ ਫ਼ੈਸਲੇ ਨੂੰ ਨਾਦਰਸ਼ਾਹੀ ਅਤੇ ਤੁਗਲਕੀ ਫਰਮਾਨ ਕਰਾਰ ਦਿੱਤਾ। ਡੀਟੀਐੱਫ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਰੱਖੜਾ, ਮੀਤ ਪ੍ਰਧਾਨ ਰਾਮਸ਼ਰਨ, ਜ਼ਿਲ੍ਹਾ ਸਕੱਤਰ ਜਸਪਾਲ ਚੌਧਰੀ ਅਤੇ ਵਿੱਤ ਸਕੱਤਰ ਰਾਜਿੰਦਰ ਸਮਾਣਾ ਨੇ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਸ਼ੁਰੂ ਕੀਤੇ ਐੱਸ.ਆਈ.ਆਰ. ਦੇ ਕੰਮ ਲਈ ਸਾਰੇ ਅਧਿਆਪਕਾਂ ਨੂੰ ਛੁੱਟੀ ਵਾਲੇ ਦਿਨ ਸਕੂਲਾਂ ਵਿੱਚ ਹਾਜ਼ਰ ਰਹਿਣ ਦੇ ਹੁਕਮ ਜਾਰੀ ਕਰਨਾ ਬਿਨਾਂ ਜ਼ਮੀਨੀ ਹਕੀਕਤ ਨੂੰ ਸਮਝੇ ਲਿਆ ਗਿਆ ਫ਼ੈਸਲਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਲੋੜ ਹੋਵੇ, ਉੱਥੇ ਸਿਰਫ਼ ਸਬੰਧਤ ਡਿਊਟੀ ਵਾਲੇ ਅਧਿਆਪਕ ਅਤੇ ਲੋੜੀਂਦਾ ਸਹਾਇਕ ਸਟਾਫ ਹੀ ਤਾਇਨਾਤ ਕੀਤਾ ਜਾ ਸਕਦਾ ਹੈ, ਪਰ ਸਮੁੱਚੇ ਸਟਾਫ ਨੂੰ ਸਕੂਲ ਬੁਲਾਉਣਾ ਬੇਲੋੜਾ ਹੈ। ਆਗੂਆਂ ਨੇ ਦੋਸ਼ ਲਗਾਇਆ ਕਿ ਜਿਨ੍ਹਾਂ ਸਕੂਲਾਂ ਵਿੱਚ ਐੱਸ.ਆਈ.ਆਰ. ਲਈ ਕੋਈ ਬੂਥ ਹੀ ਨਹੀਂ ਹੈ, ਉੱਥੇ ਵੀ ਅਧਿਆਪਕਾਂ ਨੂੰ ਪੂਰਾ ਦਿਨ ਸਕੂਲ ਵਿੱਚ ਬਿਠਾਉਣਾ ਉਨ੍ਹਾਂ ਨੂੰ ਗੈਰ-ਵਿਦਿਅਕ ਕੰਮਾਂ ਲਈ ਬੰਧੂਆ ਮਜ਼ਦੂਰ ਬਣਾਉਣ ਦੇ ਬਰਾਬਰ ਹੈ। ਉਨ੍ਹਾਂ ਮੰਗ ਕੀਤੀ ਕਿ ਸਿੱਖਿਆ ਵਿਭਾਗ ਅਧਿਆਪਕਾਂ ਨੂੰ ਗੈਰ-ਵਿਦਿਅਕ ਡਿਊਟੀਆਂ ਦੇ ਬੋਝ ਤੋਂ ਮੁਕਤ ਕਰੇ ਅਤੇ ਅਜਿਹੇ ਫ਼ੈਸਲੇ ਲੈਣ ਤੋਂ ਪਹਿਲਾਂ ਜ਼ਮੀਨੀ ਹਾਲਾਤਾਂ ਦਾ ਜਾਇਜ਼ਾ ਲਵੇ। ਡੀਟੀਐੱਫ ਆਗੂਆਂ ਰਾਜੀਵ ਪਾਤੜਾਂ, ਹਰਵਿੰਦਰ ਬੇਲੂਮਾਜਰਾ, ਗੁਰਜੀਤ ਘੱਗਾ ਅਤੇ ਗੁਰਪ੍ਰੀਤ ਨਾਭਾ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਕਈ ਸਰਕਾਰੀ ਸਕੂਲਾਂ ਵਿੱਚ ਸਰਕਾਰੀ ਪੱਤਰ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਰੋਸ ਪ੍ਰਦਰਸ਼ਨ ਵਿੱਚ ਪਾਤੜਾਂ, ਗੁਲਾਹੜ, ਅਤਾਲਾਂ, ਬਰਾਸ, ਤੰਬੂਵਾਲਾ, ਸ਼ੁਤਰਾਣਾ, ਮਵੀ ਕਲਾਂ, ਕਲਵਾਨੂੰ, ਕੁਤਬਨਪੁਰ, ਕਕਰਾਲਾ, ਫਤਿਹਪੁਰ, ਬੋਲੜ ਕਲਾਂ, ਕੱਕੇਪੁਰ, ਅਲਾਮਦੀਪੁਰ, ਉਲਾਣਾ, ਬਰਸਟ, ਪਟਿਆਲਾ ਕੈਂਟ, ਥੂਹੀ, ਬੀਨਾਹੇੜੀ, ਖੇੜੀ ਜੱਟਾਂ, ਚਪੜ, ਗਲਵੱਟੀ, ਮਾੜੂ, ਬਾਦਸ਼ਾਹਪੁਰ ਅਤੇ ਨਨਹੇੜਾ ਸਮੇਤ ਕਈ ਸਕੂਲਾਂ ਦੇ ਅਧਿਆਪਕ ਸ਼ਾਮਲ ਹੋਏ। ਅਧਿਆਪਕ ਆਗੂ ਜਗਜੀਤ ਜਟਾਣਾ, ਹਰਿੰਦਰ ਪਟਿਆਲਾ, ਭੁਪਿੰਦਰ ਮਰਦਾਂਹੇੜੀ ਅਤੇ ਗੁਰਪ੍ਰੀਤ ਭਾਦਸੋਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਿੱਖਿਆ ਵਿਭਾਗ ਨੇ ਆਪਣੇ ਫ਼ੈਸਲੇ ਤੇ ਮੁੜ ਵਿਚਾਰ ਨਾ ਕੀਤਾ ਅਤੇ ਭਵਿੱਖ ਵਿੱਚ ਵੀ ਅਜਿਹੇ ਹੁਕਮ ਜਾਰੀ ਕੀਤੇ ਤਾਂ ਅਧਿਆਪਕ ਜਥੇਬੰਦੀਆਂ ਵੱਲੋਂ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।