- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੋਹਰੀਆਂ ਡਿਊਟੀਆਂ ਨੂੰ ਲੈ ਕੇ ਅਧਿਆਪਕਾਂ ’ਚ ਰੋਸ

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਬਲਾਕ ਪਾਤੜਾਂ ਅਧੀਨ ਜਨਗਣਨਾ ਤਹਿਤ ਤਾਇਨਾਤ ਅਧਿਆਪਕਾਂ ਦੀਆਂ ਬੀਐੱਲਓ ਵਜੋਂ ਦੋਹਰੀਆਂ ਡਿਊਟੀਆਂ ਲਗਾਉਣ ਨੂੰ ਲੈ ਕੇ ਅਧਿਆਪਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ । ਮਾਮਲੇ ਨੂੰ ਲੈ ਕੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਵਫ਼ਦ ਵੱਲੋਂ ਐੱਸਡੀਐੱਮ ਪਾਤੜਾਂ ਕਾਲਾ ਰਾਮ ਕਾਂਸਲ ਨਾਲ਼ ਮੀਟਿੰਗ ਦੌਰਾਨ ਦੋਹਰੀਆਂ ਡਿਊਟੀਆਂ ਨੂੰ ਤਰਕਸੰਗਤ ਕਰਨ ਲਈ ਮੰਗ ਪੱਤਰ ਦਿੱਤਾ ਗਿਆ। ਇਸ ਦੌਰਾਨ ਐੱਸਡੀਐੱਮ ਨੇ ਮੌਕੇ ਤੇ ਜਨਗਣਨਾ ਤਹਿਤ ਕੰਮ ਕਰ ਰਹੇ ਅਧਿਆਪਕਾਂ ਨੂੰ ਬੀਐੱਲਓ ਡਿਊਟੀਆਂ ਤੋਂ ਫ਼ਾਰਗ ਕਰਨ ਸਬੰਧੀ ਨਿਰਦੇਸ਼ ਦਿੱਤੇ ਗਏ। ਰੋਸ ਵਰਕਰ ਕਰ ਰਹੇ ਡੀਟੀਐੱਫ ਦੇ ਆਗੂਆਂ ਅਤਿੰਦਰਪਾਲ ਘੱਗਾ, ਜਸਪਾਲ ਖਾਂਗ ਅਤੇ ਰਾਜੀਵ ਕੁਮਾਰ ਨੇ ਦੱਸਿਆ ਕਿ ਸੂਬੇ ਭਰ ਵਿਚ ਜਨਗਣਨਾ, ਡਰੱਗ ਸਰਵੇ, ਬੀਐੱਲਓ ਤਹਿਤ ਵੋਟਾਂ ਦੀ ਸੁਧਾਈ, ਐੱਸਆਈਆਰ ਆਦਿ ਕਈ ਕਿਸਮ ਦੀਆਂ ਗੈਰ-ਵਿਦਿਅਕ ਡਿਊਟੀਆਂ ਦਾ ਵੱਡਾ ਭਾਰ ਅਧਿਆਪਕਾਂ ਸਿਰ ਲੱਦਿਆ ਹੋਇਆ ਹੈ ਜਦਕਿ ਅਧਿਆਪਕਾਂ ਦੀ ਮੁੱਖ ਡਿਊਟੀ ਸਕੂਲੀ ਬੱਚਿਆਂ ਨੂੰ ਪੜਾਉਣ ਦਾ ਹੈ। ਇਸ ਤੋਂ ਵੀ ਵੱਧ ਕੇ ਕਈ ਅਧਿਆਪਕਾਂ ਨੂੰ ਅਜਿਹੀਆਂ ਦੋਹਰੀ ਡਿਊਟੀਆਂ ਦੇਣ ਲਈ ਵੀ ਪੱਤਰ ਜਾਰੀ ਕਰ ਦਿੱਤੇ ਜਾਂਦੇ ਹਨ। ਇਸ ਸਬੰਧੀ ਡੀਟੀਐਫ ਵੱਲੋਂ ਕੀਤੇ ਲਗਾਤਾਰ ਯਤਨਾਂ ਸਦਕਾ ਜ਼ਿਲਾ ਪ੍ਰਸ਼ਾਸਨ ਵੱਲੋਂ ਜਨਗਣਨਾ ਅਧੀਨ ਨਿਯੁਕਤ ਅਧਿਆਪਕਾਂ ਨੂੰ ਹੋਰਨਾਂ ਦਫਤਰੀ ਡਿਊਟੀਆਂ ਵਿਚ ਨਾ ਲਗਾਉਣ ਦਾ ਜਨਰਲ ਨਿਯਮ ਤੈਅ ਕੀਤਾ ਗਿਆ ਹੈ ਪਰ ਇਸ ਅਮਲਦਾਰੀ ਦੇ ਉਲਟ ਪਿਛਲੇ ਦਿਨੀਂ ਐੱਸਡੀਐਮ ਦਫ਼ਤਰ ਵਿਖੇ ਦੋਹਰੀ ਡਿਊਟੀਆਂ ਸਬੰਧੀ ਮਿਲਣ ਗਏ ਜਥੇਬੰਦੀ ਦੇ ਵਫ਼ਦ ਨਾਲ਼ ਜਿੱਥੇ ਗੈਰਮਿਆਰੀ ਵਿਹਾਰ ਕੀਤਾ ਗਿਆ ਸਗੋਂ ਬੀਐਲਓ ਡਿਊਟੀ ਤੇ ਹਾਜ਼ਰ ਨਾ ਹੋਣ ਦਾ ਹਵਾਲਾ ਦੇ ਕੇ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਬਲਾਕ ਆਗੂ ਬਲਜਿੰਦਰ ਘੱਗਾ, ਸ਼ੰਕਰ ਸਿੰਘ ਤੇ ਗੁਰਧਿਆਨ ਸਿੰਘ ਨੇ ਦੱਸਿਆ ਕਿ ਦਫ਼ਤਰ ਦੀ ਇਸ ਵੱਧਵੀਂ ਕਾਰਵਾਈ ਦੇ ਰੋਸ ’ਚ ਡੀਟੀਐੱਫ ਦੇ ਸੱਦੇ ਤੇ ਮਾਸ ਡੈਪੂਟੇਸ਼ਨ ਦੇ ਰੂਪ ਵਿਚ ਇਕੱਤਰ ਹੋਏ ਅਧਿਆਪਕਾਂ ਵੱਲੋਂ ਐੱਸਡੀਐੱਮ ਦਫ਼ਤਰ ਦੇ ਬਾਹਰ ਸੰਕੇਤਕ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ। ਜਥੇਬੰਦੀ ਦੇ ਵਫ਼ਦ ਵੱਲੋਂ ਦਿੱਤੇ ਮੰਗ ਪੱਤਰ ਤੇ ਪ੍ਰਸ਼ਾਸਨ ਨਾਲ਼ ਵਿਸਥਾਰੀ ਚਰਚਾ ਕੀਤੀ ਗਈ ਅਤੇ ਦਰਸਾਏ ਮਾਮਲਿਆਂ ਨੂੰ ਹੱਲ ਕਰਨ ਦਾ ਉਨਾਂ ਵੱਲੋਂ ਲੋੜੀਂਦੇ ਨਿਰਦੇਸ਼ ਜਾਰੀ ਕੀਤੇ ਗਏ।ਇਸ ਮੌਕੇ ਦਵਿੰਦਰ ਸਿੰਘ, ਸਤਵਿੰਦਰ ਸਿੰਘ,ਬਲਜੀਤ ਸਿੰਘ,ਸੁਨੀਲ ਕੁਮਾਰ,ਵਿਨੋਦ ਕੁਮਾਰ,ਸੁਖਬੀਰ ਸਿੰਘ,ਸ਼ਾਮ ਕੁਮਾਰ,ਜਿੰਦਰ ਸਿੰਘ, ਭੁਪਿੰਦਰ ਸਿੰਘ ਆਦਿ ਹਾਜ਼ਰ ਸਨ।