- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਿਪਟੀ ਡੀਈਓ ਦੇ ਵਤੀਰੇ ਖ਼ਿਲਾਫ਼ ਡੀਟੀਐੱਫ ਵੱਲੋਂ ਮੀਟਿੰਗ ਦਾ ਬਾਈਕਾਟ

ਦਫ਼ਤਰ ਦੇ ਬਾਹਰ ਕੀਤਾ ਰੋਸ ਜ਼ਾਹਰਾ ਕਰੇ ਕੀਤੀ ਨਾਅਰੇਬਾਜ਼ੀ
ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ
ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਜ਼ਿਲ੍ਹਾ ਸੰਗਰੂਰ ਦਾ ਵਫ਼ਦ ਜ਼ਿਲ੍ਹਾ ਸਕੱਤਰ ਹਰਭਗਵਾਨ ਗੁਰਨੇ ਦੀ ਅਗਵਾਈ ਵਿੱਚ ਅਧਿਆਪਕਾਂ ਦੇ ਮਸਲਿਆਂ ਸਬੰਧੀ ਮੀਟਿੰਗ ਕਰਨ ਲਈ ਡੀਈਓ ਸੈਕੰਡਰੀ ਸੰਗਰੂਰ ਦੇ ਦਫ਼ਤਰ ਪਹੁੰਚਿਆ। ਡੀਈਓ ਦੀ ਗ਼ੈਰ ਮੌਜ਼ੂਦਗੀ ਵਿੱਚ ਡਿਪਟੀ ਡੀਈਓ ਮਨਜੀਤ ਕੌਰ ਵੱਲੋਂ ਵਫ਼ਦ ਨਾਲ ਮੀਟਿੰਗ ਕੀਤੀ ਗਈ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਕੱਤਰ ਨੇ ਦੱਸਿਆ ਕਿ ਵਫ਼ਦ ਵੱਲੋਂ ਦਲੀਲ ਸਹਿਤ ਮਸਲੇ ਰੱਖੇ ਗਏ ਪ੍ਰੰਤੂ ਡਿਪਟੀ ਡੀਈਓ ਦਾ ਵਿਹਾਰ ਗ਼ੈਰ-ਜ਼ਿੰਮੇਵਾਰਾਨਾ ਸੀ। ਉਨ੍ਹਾਂ ਵੱਲੋਂ ਕਿਹਾ ਗਿਆ ਕਿ ਜ਼ਿਲ੍ਹੇ ਦੇ ਪ੍ਰਿੰਸੀਪਲ ਉਨ੍ਹਾਂ ਦੀ ਗੱਲ ਨਹੀਂ ਮੰਨਦੇ। ਉਹਨਾਂ ਵੱਲੋਂ ਜਥੇਬੰਦੀ ਦੇ ਆਗੂਆਂ ਨਾਲ ਬਦਸਲੂਕੀ ਕੀਤੀ ਗਈ ਤੇ ਇੱਕ ਅਧਿਆਪਕ ਦਾ ਡਾਇਰੈਕਟਰ ਦੇ ਨਾਂ ਲਿਖਿਆ ਪੱਤਰ ਵੀ ਪ੍ਰਾਪਤ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ। ਇਸ ਕਾਰਨ ਆਗੂਆਂ ਵੱਲੋਂ ਮੀਟਿੰਗ ਦਾ ਬਾਈਕਾਟ ਕਰ ਦਿੱਤਾ ਗਿਆ ਤੇ ਉਹਨਾਂ ਬਾਹਰ ਆ ਕੇ ਉਕਤ ਅਧਿਕਾਰੀ ਦੇ ਵਿਹਾਰ ਖ਼ਿਲਾਫ਼ ਧਰਨਾ ਸ਼ੁਰੂ ਕੀਤਾ ਜਿਸ ਦੇ ਦਬਾਅ ਹੇਠ ਉਕਤ ਅਧਿਕਾਰੀ ਵੱਲੋਂ ਪੱਤਰ ਪ੍ਰਾਪਤ ਕਰ ਲਿਆ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸੰਗਰੂਰ, ਬਲਾਕ ਆਗੂ ਗਗਨਦੀਪ ਧੂਰੀ ਤੇ ਸੀਨੀਅਰ ਆਗੂ ਬਲਬੀਰ ਲੌਂਗੋਵਾਲ ਨੇ ਅਧਿਕਾਰੀ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਸ ਨੇ ਅਧਿਆਪਕਾਂ ਅਤੇ ਜਥੇਬੰਦੀ ਪ੍ਰਤੀ ਆਪਣਾ ਵਤੀਰਾ ਨਾ ਸੁਧਾਰਿਆ ਤਾਂ ਭਵਿੱਖ ਵਿੱਚ ਇਸ ਵਿਰੁੱਧ ਕਰੜਾ ਸੰਘਰਸ਼ ਵਿੱਢਿਆ ਜਾਵੇਗਾ। ਉਨ੍ਹਾਂ ਕਿਹਾ ਲਗਭਗ 3 ਵਜੇ ਆਗੂ ਦਫ਼ਤਰ ਪਹੁੰਚ ਗਏ ਸਨ ਤੇ ਉਸ ਸਮੇਂ ਉਹਨਾਂ ਨੂੰ ਇਸ ਦਫ਼ਤਰ ਦਾ ਲਗਭਗ ਸਾਰਾ ਅਮਲਾ ਦਫ਼ਤਰ ਵਿੱਚ ਨਹੀਂ ਮਿਲਿਆ। ਅਜਿਹੇ ਵਿੱਚ ਸਵਾਲ ਉੱਠਦਾ ਹੈ ਕਿ ਸਕੂਲਾਂ ਵਿੱਚ ਜਾ ਕੇ ਨੈਤਿਕਤਾ ਤੇ ਅਨੁਸ਼ਾਸ਼ਨ ਦਾ ਪਾਠ ਪੜ੍ਹਾਉਣ ਵਾਲੇ ਜ਼ਿਲ੍ਹਾ ਅਧਿਕਾਰੀ ਵੱਲੋਂ ਆਪਣੇ ਹੀ ਦਫਤਰ ਦਾ ਅਨੁਸ਼ਾਸ਼ਨ ਕਾਇਮ ਨਹੀਂ ਰੱਖਿਆ ਜਾ ਰਿਹਾ? ਅਮਲੇ ਤੋਂ ਬਿਨਾ ਅਧਿਆਪਕਾਂ ਦੇ ਜਾਇਜ਼ ਕੰਮ ਕਿਵੇਂ ਹੋਣਗੇ?
ਇਸ ਮੌਕੇ ਇਲਾਵਾ ਜਥੇਬੰਦਕ ਸਕੱਤਰ ਪਵਨ ਕੁਮਾਰ, ਪ੍ਰੈੱਸ ਸਕੱਤਰ ਜਸਬੀਰ ਨਮੋਲ, ਵਿੱਤ ਸਕੱਤਰ ਯਾਦਵਿੰਦਰ ਧੂਰੀ ਤੇ ਬਲਾਕਾਂ ਦੇ ਆਗੂ ਜਗਦੀਪ ਸਿੰਘ, ਸੁਖਪਾਲ ਧੂਰੀ, ਅਮਰਿੰਦਰ ਧੂਰੀ,ਗੁਰਪ੍ਰੀਤ ਧੂਰੀ, ਸੀਨੀਅਰ ਆਗੂ ਜਗਦੇਵ ਵਰਮਾ ਤੇ ਤਰਕਸ਼ੀਲ ਆਗੂ ਜੁਝਾਰ ਲੌਂਗੋਵਾਲ, ਸੰਜੀਵ ਭੀਖੀ ਤੇ ਹਰਬੰਸ ਸਿੰਘ ਸ਼ਾਮਲ ਸਨ।