- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਾ. ਰਿਤੂ ਕਪੂਰ ਨੂੰ ਉੱਤਮ ਅਧਿਆਪਕ ਵਜੋਂ ਕੀਤਾ ਸਨਮਾਨਿਤ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪਟਿਆਲਾ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਅਧਿਆਪਕ ਦਿਵਸ ਮੌਕੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਸਮਾਜ ਅਤੇ ਸਿੱਖਿਆ ਦੇ ਖੇਤਰ ਵਿਚ ਸ਼ਲਾਘਾਯੋਗ ਸੇਵਾਵਾਂ ਨਿਭਾਉਣ ਵਾਲੀ ਡਾ. ਰਿਤੂ ਕਪੂਰ, ਸਹਾਇਕ ਪ੍ਰੋਫੈਸਰ, ਸਰਕਾਰੀ ਵਿਕਰਮ ਕਾਲਜ, ਪਟਿਆਲਾ ਨੂੰ ਉੱਤਮ ਅਧਿਆਪਕ ਵਜੋਂ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਇਹ ਸਨਮਾਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸਕੱਤਰ ਲਵਲੀਨ ਦੂਬੇ ਵੱਲੋਂ ਪ੍ਰਦਾਨ ਕੀਤਾ ਗਿਆ। ਸਮਾਗਮ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਅਧਿਆਪਕ ਸਮਾਜ ਦੀ ਨੀਂਹ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਅਧਿਆਪਕ ਸਿਰਫ਼ ਵਿਦਿਆਰਥੀਆਂ ਨੂੰ ਸਿੱਖਿਆ ਹੀ ਨਹੀਂ ਦਿੰਦੇ, ਸਗੋਂ ਉਨ੍ਹਾਂ ਨੂੰ ਚੰਗਾ ਇਨਸਾਨ, ਜ਼ਿੰਮੇਵਾਰ ਨਾਗਰਿਕ ਅਤੇ ਵਧੀਆ ਚਰਿੱਤਰ ਵਾਲਾ ਵਿਅਕਤੀ ਬਣਾਉਣ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ। ਸੁਸਾਇਟੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਪਟਿਆਲਾ ਸੋਸ਼ਲ ਵੈਲਫੇਅਰ ਸੁਸਾਇਟੀ ਇਸ ਸਾਲ ਆਪਣਾ ਸਿਲਵਰ ਜੁਬਲੀ ਸਾਲ ਮਨਾ ਰਹੀ ਹੈ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਲੰਮੇ ਸਮੇਂ ਤੋਂ ਕਾਰਜਸ਼ੀਲ ਹੈ। ਡਾ. ਰਿਤੂ ਕਪੂਰ ਨੂੰ ਇਸ ਤੋਂ ਪਹਿਲਾਂ ਵੀ ਵੱਖ-ਵੱਖ ਸਮਾਜਿਕ ਅਤੇ ਸਿੱਖਿਆ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਹ ਸਮਾਜ ਭਲਾਈ ਨਾਲ ਸਬੰਧਤ ਗਤੀਵਿਧੀਆਂ ਵਿਚ ਸਰਗਰਮੀ ਨਾਲ ਯੋਗਦਾਨ ਪਾਉਂਦੇ ਹਨ ਅਤੇ ਵੱਖ-ਵੱਖ ਕਿਤਾਬਾਂ ਵਿੱਚ ਉਨ੍ਹਾਂ ਦੇ ਲੇਖ ਵੀ ਪ੍ਰਕਾਸ਼ਿਤ ਹੋ ਚੁੱਕੇ ਹਨ। ਰੋਟਰੀ ਕਲੱਬ ਵੱਲੋਂ ਵੀ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਵਿਜੇ ਕੁਮਾਰ ਗੋਇਲ, ਹਰਬੰਸ ਬਾਂਸਲ, ਰਾਜੀਵ ਗੋਇਲ, ਸੰਦੀਪ ਗੁਪਤਾ, ਸੰਜੇ ਧੀਰ, ਡਾ. ਮੰਜੂ ਬਾਲਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ।