ਪਟਿਆਲਾ ਹੈੱਡਕੁਆਰਟਰ ਦਫ਼ਤਰ ਪੁੱਜੇ ਡਾ. ਓਬਰਾਏ ਪਟਿਆਲਾ ਹੈੱਡਕੁਆਰਟਰ ਦਫ਼ਤਰ ਪੁੱਜੇ ਡਾ. ਐੱਸ.ਪੀ. ਸਿੰਘ ਓਬਰਾਏ
Publish Date: Tue, 17 Nov 2026 05:18 PM (IST)
Updated Date: Tue, 17 Nov 2026 05:21 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਅਤੇ ਉੱਘੇ ਸਮਾਜ ਸੇਵੀ ਡਾ. ਐੱਸ.ਪੀ. ਸਿੰਘ ਓਬਰਾਏ ਲਗਭਗ ਚਾਰ ਮਹੀਨਿਆਂ ਬਾਅਦ ਅੱਜ ਟਰੱਸਟ ਦੇ ਪਟਿਆਲਾ ਸਥਿਤ ਹੈੱਡਕੁਆਰਟਰ ਦਫ਼ਤਰ ਵਿਖੇ ਪੁੱਜੇ। ਉਨ੍ਹਾਂ ਦੇ ਦਫ਼ਤਰ ਪਹੁੰਚਣ ਤੇ ਟਰੱਸਟ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਡਾ. ਓਬਰਾਏ ਦੀ ਅੱਖ ਦੀ ਸਰਜਰੀ ਦੁਬਈ ਵਿਖੇ ਹੋਈ ਸੀ। ਆਪਰੇਸ਼ਨ ਤੋਂ ਬਾਅਦ ਉਹ ਸਿਹਤਯਾਬੀ ਲਈ ਕੁਝ ਸਮੇਂ ਤੋਂ ਆਰਾਮ ਕਰ ਰਹੇ ਸਨ। ਹੁਣ ਸਿਹਤ ਵਿੱਚ ਸੁਧਾਰ ਹੋਣ ਉਪਰੰਤ ਉਹ ਲਗਭਗ ਚਾਰ ਮਹੀਨਿਆਂ ਬਾਅਦ ਮੁੜ ਆਪਣੇ ਪਟਿਆਲਾ ਹੈੱਡਕੁਆਰਟਰ ਦਫ਼ਤਰ ਪੁੱਜੇ। ਇਸ ਮੌਕੇ ਟਰੱਸਟ ਦੇ ਰਾਸ਼ਟਰੀ ਪ੍ਰਧਾਨ ਜੱਸਾ ਸਿੰਘ, ਸਕੱਤਰ ਗਗਨਦੀਪ ਸਿੰਘ ਆਹੂਜਾ, ਸਿਹਤ ਸੇਵਾਵਾਂ ਦੇ ਡਾਇਰੈਕਟਰ ਡਾ. ਆਰ.ਐੱਸ. ਅਟਵਾਲ ਅਤੇ ਪਟਿਆਲਾ ਜ਼ਿਲ੍ਹਾ ਪ੍ਰਧਾਨ ਆਰਕੀਟੈਕਟ ਸੁਰਿੰਦਰ ਸਿੰਘ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਇਸੇ ਦੌਰਾਨ ਸਮੂਹ ਅਹੁਦੇਦਾਰਾਂ ਵੱਲੋਂ ਡਾ. ਓਬਰਾਏ ਦਾ ਸਵਾਗਤ ਕਰਦਿਆਂ ਉਨ੍ਹਾਂ ਦੀ ਚੰਗੀ ਸਿਹਤ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ ਗਈ। ਡਾ. ਓਬਰਾਏ ਦੀ ਪਟਿਆਲਾ ਦਫ਼ਤਰ ਵਿਖੇ ਵਾਪਸੀ ਨੂੰ ਟਰੱਸਟ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਖੁਸ਼ੀ ਦੇ ਮੌਕੇ ਵਜੋਂ ਦੇਖਿਆ ਗਿਆ। ਸਮਾਜ ਸੇਵਾ ਦੇ ਖੇਤਰ ਵਿੱਚ ਆਪਣੀਆਂ ਸਰਗਰਮੀਆਂ ਰਾਹੀਂ ਵਿਸ਼ੇਸ਼ ਪਛਾਣ ਬਣਾਉਣ ਵਾਲੇ ਡਾ. ਓਬਰਾਏ ਦੀ ਅਗਵਾਈ ਹੇਠ ਟਰੱਸਟ ਵੱਲੋਂ ਵੱਖ-ਵੱਖ ਲੋਕ ਭਲਾਈ ਅਤੇ ਸਿਹਤ ਸੇਵਾਵਾਂ ਨਾਲ ਸਬੰਧਤ ਕਾਰਜ ਕੀਤੇ ਜਾ ਰਹੇ ਹਨ।