- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਾ. ਮਨਮੋਹਨ ਨੂੰ ਭੂਸ਼ਨ ਧਿਆਨਪੁਰੀ ਯਾਦਗਾਰੀ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਕੀਤਾ ਸਨਮਾਨਿਤ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸਵਪਨ ਫਾਊਂਡੇਸ਼ਨ, ਪਟਿਆਲਾ ਵੱਲੋਂ ਪੰਜਾਬ ਕਲਾ ਪ੍ਰੀਸ਼ਦ ਦੇ ਸਹਿਯੋਗ ਨਾਲ ਪੰਜਾਬ ਕਲਾ ਭਵਨ, ਸੈਕਟਰ-16, ਚੰਡੀਗੜ੍ਹ ਵਿਖੇ ਸਮਾਗਮ ਕਰਵਾਇਆ ਗਿਆ। ਇਸ ਮੌਕੇ ਉੱਘੇ ਸਾਹਿਤਕਾਰ, ਚਿੰਤਕ ਅਤੇ ਭਾਸ਼ਾ ਵਿਗਿਆਨੀ ਡਾ. ਮਨਮੋਹਨ ਨੂੰ ਭੂਸ਼ਨ ਧਿਆਨਪੁਰੀ ਯਾਦਗਾਰੀ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ 51 ਹਜ਼ਾਰ ਰੁਪਏ ਦੀ ਰਾਸ਼ੀ, ਦੁਸ਼ਾਲਾ ਅਤੇ ਸਨਮਾਨ ਪੱਤਰ ਭੇਟ ਕੀਤਾ ਗਿਆ। ਸਨਮਾਨ ਪੱਤਰ ਸ਼ਾਇਰਾ ਸੰਦੀਪ ਜਸਵਾਲ ਵੱਲੋਂ ਪੜ੍ਹਿਆ ਗਿਆ। ਸਮਾਗਮ ਦੀ ਸ਼ੁਰੂਆਤ ਕਰਦਿਆਂ ਕੋਆਰਡੀਨੇਟਰ ਸੁਖਵਿੰਦਰ ਸਿੱਧੂ ਨੇ ਡਾ. ਮਨਮੋਹਨ ਨੂੰ ਪੰਜਾਬ ਦਾ ਬੌਧਿਕ ਸਰਮਾਇਆ ਦੱਸਿਆ। ਉੱਘੇ ਆਲੋਚਕ ਡਾ. ਤੇਜਿੰਦਰ ਸਿੰਘ ਨੇ ਕਿਹਾ ਕਿ ਡਾ. ਮਨਮੋਹਨ ਨੇ ਪੰਜਾਬੀ ਅਕਾਦਮਿਕ ਖੇਤਰ ’ਚ ਵਿਲੱਖਣ ਕੰਮ ਕੀਤਾ ਹੈ ਅਤੇ ਉਨ੍ਹਾਂ ਦੀਆਂ ਲਿਖਤਾਂ ਨੇ ਦਰਸ਼ਨ ਨੂੰ ਆਮ ਪਾਠਕ ਤੱਕ ਪਹੁੰਚਾਇਆ ਹੈ। ਡਾ. ਹਰਪ੍ਰੀਤ ਨੇ ਉਨ੍ਹਾਂ ਦੀ ਕਵਿਤਾ ਨੂੰ ਹਾਸ਼ਿਆਗਤ ਲੋਕਾਈ, ਗਿਆਨ, ਪ੍ਰਤੀਰੋਧ ਅਤੇ ਸੰਵਾਦ ਦੀ ਕਵਿਤਾ ਦੱਸਿਆ। ਡਾ. ਰਵਿੰਦਰ ਕੌਰ ਨੇ ਉਨ੍ਹਾਂ ਦੇ ਨਾਵਲਾਂ ‘ਨਿਰਵਾਣ’, ‘ਮਨ ਪੰਖੀ ਭਇਓ’ ਅਤੇ ‘ਸਹਿਜ ਗੁਫਾ ਮਹਿ ਆਸਨ’ ਬਾਰੇ ਵਿਚਾਰ ਸਾਂਝੇ ਕੀਤੇ। ਕਹਾਣੀਕਾਰ ਭੁਪਿੰਦਰ ਸਿੰਘ ਮਾਨ, ਬਲੀਜੀਤ, ਡਾ. ਮਨਜਿੰਦਰ ਸਿੰਘ, ਡਾ. ਪ੍ਰਵੀਨ ਕੁਮਾਰ ਅਤੇ ਡਾ. ਰੌਣਕੀ ਰਾਮ ਨੇ ਵੀ ਡਾ. ਮਨਮੋਹਨ ਦੀ ਸਾਹਿਤਕ ਦੇਣ ਨੂੰ ਉਜਾਗਰ ਕੀਤਾ। ਸੰਸਥਾ ਦੇ ਪ੍ਰਧਾਨ ਡਾ. ਕੁਲਪਿੰਦਰ ਸ਼ਰਮਾ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।