ਡਾ. ਗੁਰਨਾਮ ਸਿੰਘ ਨੂੰ ਮਿਲਿਆ ‘ਸ਼੍ਰੋਮਣੀ ਕੀਰਤਨੀਆ ਐਵਾਰਡ 2026’ । ਇਸ ਤੋਂ ਇਲਾਵਾ 30 ਤੋਂ ਵੱਧ ਪੁਸਤਕਾਂ, 70 ਤੋਂ ਵੱਧ ਖੋਜ ਪੱਤਰ, 200 ਤੋਂ ਵੱਧ ਲੇਖ ਅਤੇ ਚਾਰ ਡਾਕੂਮੈਂਟਰੀ ਫਿਲਮਾਂ ਰਾਹੀਂ ਗੁਰਮਤਿ ਸੰਗੀਤ ਦੇ ਪ੍ਰਚਾਰ ਵਿੱਚ ਯੋਗਦਾਨ ਪਾਇਆ। ਗੁਰਮਤਿ ਗਿਆਨ ਆਨਲਾਈਨ ਸਟੱਡੀ ਸੈਂਟਰ ਦੇ ਇੰਚਾਰਜ ਡਾ. ਪਰਮੀਤ ਕੌਰ, ਡਾ. ਜਤਿੰਦਰ ਸਿੰਘ ਮੱਟੂ, ਡਾ. ਅਮਰਿੰਦਰ ਸਿੰਘ ਅਤੇ ਗੁਰਮਤਿ ਸੰਗੀਤ ਚੇਅਰ ਦੇ ਪ੍ਰੋਗਰਾਮ ਅਫਸਰ ਜਸਬੀਰ ਸਿੰਘ ਜਵੱਦੀ ਨੇ ਡਾ. ਗੁਰਨਾਮ ਸਿੰਘ ਨੂੰ ਵਧਾਈ ਦਿੱਤੀ।
Publish Date: Mon, 10 Aug 2026 05:53 PM (IST)
Updated Date: Tue, 11 Aug 2026 10:27 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਡੀਨ ਅਕਾਦਮਿਕ, ਸਾਬਕਾ ਡੀਨ ਰਿਸਰਚ, ਗੁਰਮਤਿ ਸੰਗੀਤ ਵਿਭਾਗ, ਗੁਰਮਤਿ ਸੰਗੀਤ ਚੇਅਰ ਅਤੇ ਗੁਰਮਤਿ ਗਿਆਨ ਆਨਲਾਈਨ ਸਟੱਡੀ ਸੈਂਟਰ ਦੇ ਬਾਨੀ-ਮੁੱਖੀ ਡਾ. ਗੁਰਨਾਮ ਸਿੰਘ ਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ‘ਸ਼੍ਰੋਮਣੀ ਕੀਰਤਨੀਆ ਐਵਾਰਡ 2026’ ਨਾਲ ਸਨਮਾਨਿਤ ਕੀਤਾ ਗਿਆ। ਇਹ ਐਵਾਰਡ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਰਕਾਬਗੰਜ ਸਾਹਿਬ, ਦਿੱਲੀ ਵਿਖੇ ਕਰਵਾਏ ਵਿਸ਼ੇਸ਼ ਧਾਰਮਿਕ ਸਮਾਗਮ ਦੌਰਾਨ ਦਿੱਤਾ ਗਿਆ। ਐਵਾਰਡ ਨਾਲ ਡਾ. ਗੁਰਨਾਮ ਸਿੰਘ ਨੂੰ 11 ਲੱਖ ਰੁਪਏ ਦੀ ਰਾਸ਼ੀ ਵੀ ਭੇਟ ਕੀਤੀ ਗਈ। ਡਾ. ਗੁਰਨਾਮ ਸਿੰਘ ਨੇ ਪਿਛਲੇ ਚਾਰ ਦਹਾਕਿਆਂ ਤੋਂ ਗੁਰਮਤਿ ਸੰਗੀਤ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵਿਸ਼ਵ ਪੱਧਰ ’ਤੇ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਨ੍ਹਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਰਾਗਾਤਮਕ ਪਰੰਪਰਾ ਅਤੇ ਤੰਤੀ ਸਾਜ਼ਾਂ ਨਾਲ ਕੀਰਤਨ ਦੀ ਪ੍ਰਾਚੀਨ ਪਰੰਪਰਾ ਨੂੰ ਮੁੜ ਸੁਰਜੀਤ ਕਰਨ ਲਈ ਵਿਲੱਖਣ ਕਾਰਜ ਕੀਤੇ ਗਏ ਹਨ। ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 31 ਮੁੱਖ ਅਤੇ 31 ਮਿਸ਼ਰਿਤ ਰਾਗਾਂ ਦੀ ਰਾਗਾਤਮਕ ਰਿਕਾਰਡਿੰਗ ਕਰਵਾਉਣ ਸਮੇਤ ਗੁਰਮਤਿ ਸੰਗੀਤ ਨੂੰ ਯੂਨੀਵਰਸਿਟੀ ਪੱਧਰ ’ਤੇ ਸਥਾਪਿਤ ਕਰਨ ਲਈ ਅਕਾਦਮਿਕ ਢਾਂਚੇ ਦੀ ਸਿਰਜਣਾ ਵਿੱਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ ਹਜ਼ਾਰਾਂ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੂੰ ਸਿਖਲਾਈ ਦਿੱਤੀ। ਇਸ ਤੋਂ ਇਲਾਵਾ 30 ਤੋਂ ਵੱਧ ਪੁਸਤਕਾਂ, 70 ਤੋਂ ਵੱਧ ਖੋਜ ਪੱਤਰ, 200 ਤੋਂ ਵੱਧ ਲੇਖ ਅਤੇ ਚਾਰ ਡਾਕੂਮੈਂਟਰੀ ਫਿਲਮਾਂ ਰਾਹੀਂ ਗੁਰਮਤਿ ਸੰਗੀਤ ਦੇ ਪ੍ਰਚਾਰ ਵਿੱਚ ਯੋਗਦਾਨ ਪਾਇਆ। ਗੁਰਮਤਿ ਗਿਆਨ ਆਨਲਾਈਨ ਸਟੱਡੀ ਸੈਂਟਰ ਦੇ ਇੰਚਾਰਜ ਡਾ. ਪਰਮੀਤ ਕੌਰ, ਡਾ. ਜਤਿੰਦਰ ਸਿੰਘ ਮੱਟੂ, ਡਾ. ਅਮਰਿੰਦਰ ਸਿੰਘ ਅਤੇ ਗੁਰਮਤਿ ਸੰਗੀਤ ਚੇਅਰ ਦੇ ਪ੍ਰੋਗਰਾਮ ਅਫਸਰ ਜਸਬੀਰ ਸਿੰਘ ਜਵੱਦੀ ਨੇ ਡਾ. ਗੁਰਨਾਮ ਸਿੰਘ ਨੂੰ ਵਧਾਈ ਦਿੱਤੀ।