ਪੁਸਤਕ ‘ਵਿਰਾਸਤ ਦੇ ਰੂਬਰੂ’ ਵਿਰਾਸਤੀ ਜਲੌਅ ਦਾ ਪ੍ਰਤੀਕ : ਡਾ. ਬਲਕਾਰ
ਪੁਸਤਕ ‘ਵਿਰਾਸਤ ਦੇ ਰੂ-ਬ-ਰੂ’ ਵਿਰਾਸਤੀ ਜਲੌਅ ਦਾ ਪ੍ਰਤੀਕ : ਡਾ. ਬਲਕਾਰ ਸਿੰਘ
Publish Date: Fri, 03 Apr 2026 04:34 PM (IST)
Updated Date: Fri, 03 Apr 2026 04:37 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਰਾਮਗੜ੍ਹੀਆ ਕਲਚਰਲ ਐਂਡ ਵੈਲਫ਼ੇਅਰ ਕੌਂਸਲ ਵੱਲੋਂ ਪ੍ਰਵਾਸੀ ਪੰਜਾਬੀ ਕਵੀ ਸੁਰਿੰਦਰ ਸਿੰਘ ਜੱਬਲ ਦੇ ਕਾਵਿ ਸੰਗ੍ਰਹਿ ‘ਵਿਰਾਸਤ ਦੇ ਰੂਬਰੂ’ ਦਾ ਲੋਕ ਅਰਪਣ ਸਮਾਗਮ ਪੰਜਾਬੀ ਯੂਨੀਵਰਸਿਟੀ ਦੇ ਵਰਲਡ ਪੰਜਾਬੀ ਸੈਂਟਰ ਵਿਖੇ ਕੀਤਾ ਗਿਆ। ਵਰਲਡ ਪੰਜਾਬੀ ਸੈਂਟਰ ਅਤੇ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਦੇ ਸਹਿਯੋਗ ਨਾਲ ਕਰਵਾਏ ਵਿਸ਼ੇਸ਼ ਸਮਾਗਮ ਵਿਚ ਮੁੱਖ ਮਹਿਮਾਨ ਸਿੱਖ ਵਿਦਵਾਨ ਡਾ. ਬਲਕਾਰ ਸਿੰਘ ਸਨ, ਜਦਕਿ ਪ੍ਰਧਾਨਗੀ ਵਰਲਡ ਪੰਜਾਬੀ ਸੈਂਟਰ ਦੇ ਡਾਇਰੈਕਟਰ ਡਾ. ਭੀਮਇੰਦਰ ਸਿੰਘ ਨੇ ਕੀਤੀ। ਵਿਸ਼ੇਸ਼ ਮਹਿਮਾਨਾਂ ਵਜੋਂ ਅਵਤਾਰ ਸਿੰਘ ਨਨ੍ਹੜੇ, ਜਰਨੈਲ ਸਿੰਘ ਮਠਾੜੂ ਕੈਨੇਡਾ ਤੇ ਭਗਵੰਤ ਸਿੰਘ ਮਣਕੂ ਭਾਦਸੋਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦੇ ਸ਼ੁਰੂ ’ਚ ਮੰਚ ਸੰਚਾਲਕ- ਕਾਲਮ ਨਵੀਸ ਤੇ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਉਜਾਗਰ ਸਿੰਘ ਨੇ ‘ਚਾਚਾ ਵੈਨਕੂਵਰੀਆ’ ਵਜੋਂ ਜਾਣੇ ਜਾਂਦੇ ਕਵੀ ਸੁਰਿੰਦਰ ਸਿੰਘ ਜੱਬਲ ਦੀ ਸ਼ਖ਼ਸੀਅਤ ਬਾਰੇ ਜਾਣਕਾਰੀ ਅਤੇ ਉਨ੍ਹਾਂ ਨਾਲ ਆਪਣੀ ਸਾਂਝ ਦਾ ਪ੍ਰਗਟਾਵਾ ਕੀਤਾ। ਰਾਮਗੜ੍ਹੀਆ ਕਲਚਰਲ ਐਂਡ ਵੈਲਫ਼ੇਅਰ ਕੌਂਸਲ ਦੇ ਪ੍ਰਧਾਨ ਪਰਮਜੀਤ ਸਿੰਘ ਪਰਵਾਨਾ ਨੇ ਸਭਨਾਂ ਨੂੰ ਜੀ ਆਇਆਂ ਆਖਿਆ ’ਤੇ ਧੰਨਵਾਦ ਕੀਤਾ। ਇਸ ਮੌਕੇ ਮੁੱਖ ਮਹਿਮਾਨ ਡਾ. ਬਲਕਾਰ ਸਿੰਘ ਨੇ ਸੁਰਿੰਦਰ ਸਿੰਘ ਜੱਬਲ ਨੂੰ ਸਰਬਾਂਗੀ ਕਵੀ ਦਸਦਿਆਂ ਪੁਸਤਕ ਵਿਚਲੀਆਂ ਕਵਿਤਾਵਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਇਹ ਪੁਸਤਕ ਵਿਰਾਸਤੀ ਜਲੌਅ ਦਾ ਪ੍ਰਤੀਕ ਹੈ ਅਤੇ ਸਾਨੂੰ ਦਸਦੀ ਹੈ ਕਿ ਸਾਡੇ ਗਲ ਸਿਆਸਤ ਨੇ ਕੀ ਪਾ ਦਿੱਤਾ ਹੈ ਤੇ ਗੁਰਮਤਿ ਦੀ ਵਿਰਾਸਤ ਦੇ ਅਸੀਂ ਮੁੱਦਈ ਕਿਵੇਂ ਹਾਂ। ਇਸ ਮੌਕੇ ਡਾ. ਹਰਜਿੰਦਰ ਸਿੰਘ ਵਾਲੀਆ ਅਤੇ ਸੇਵਾ ਮੁਕਤ ਚੀਫ਼ ਇੰਜੀਨੀਅਰ ਜੋਤਇੰਦਰ ਸਿੰਘ ਨੇ ਵੀ ਸੰਬੋਧਿਤ ਕੀਤਾ। ਸਮਾਗਮ ਵਿੱਚ ਰਾਮਗੜ੍ਹੀਆ ਕਲਚਰਲ ਐਂਡ ਵੈਲਫ਼ੇਅਰ ਕੌਂਸਲ ਦੇ ਚੇਅਰਮੈਨ ਅਮਰੀਕ ਸਿੰਘ ਭੁੱਲਰ ਤੋਂ ਇਲਾਵਾ ਡਾ. ਕੇਹਰ ਸਿੰਘ, ਪ੍ਰੋ. ਮਨਜੀਤ ਸਿੰਘ, ਡਾ. ਹਰੀ ਸਿੰਘ ਬੋਪਾਰਾਏ, ਡਾ. ਪਰਮਵੀਰ ਸਿੰਘ, ਡਾ. ਕਸ਼ਮੀਰ ਸਿੰਘ ਹੰਸਪਾਲ, ਹਰਪਾਲ ਕੌਰ, ਸੋਹਨ ਲਾਲ ਗੁਪਤਾ, ਜਸਬੀਰ ਸਿੰਘ, ਇੰਦਰਜੀਤ ਸਿੰਘ ਮੁੰਡੇ, ਜੁਗਨੂੰ ਸਿੰਘ, ਵਰਿੰਦਰ ਕਾਹਲੋਂ, ਰਣਬੀਰ ਸਿੰਘ, ਜਸਪਾਲ ਸਿੰਘ ਗਾਡਰ, ਸਰਬਜੀਤ ਸਿੰਘ ਬੰਸਲ ਤੇ ਹੋਰ ਸਾਹਿਤ ਪ੍ਰੇਮੀ ਹਾਜ਼ਰ ਸਨ।