ਸਿਹਤ ਮੰਤਰੀ ਵੱਲੋਂ ਟੀਬੀ ਮੁਕਤ ਭਾਰਤ ਅਭਿਆਨ ਦੀ ਸ਼ੁਰੂਆਤ
ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਪੰਜਾਬ 'ਚ ਰਾਜ ਪੱਧਰੀ ਟੀ.ਬੀ. ਮੁਕਤ ਭਾਰਤ ਅਭਿਆਨ ਦੀ ਸ਼ੁਰੂਆਤ
Publish Date: Tue, 24 Mar 2026 06:37 PM (IST)
Updated Date: Tue, 24 Mar 2026 06:40 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਵਿਸ਼ਵ ਟੀ.ਬੀ. ਦਿਵਸ ਮੌਕੇ ਪਦਮਸ੍ਰੀ ਡਾ. ਖੁਸ਼ਦੇਵਾ ਸਿੰਘ ਛਾਤੀ ਰੋਗਾਂ ਤੇ ਟੀ.ਬੀ. ਹਸਪਤਾਲ ਵਿਖੇ ਰਾਜ ਪੱਧਰੀ ਸਮਾਗਮ ਮੌਕੇ ਸੂਬੇ ਵਿਚ ਟੀ.ਬੀ. ਮੁਕਤ ਭਾਰਤ ਅਭਿਆਨ ਦੀ ਸ਼ੁਰੂਆਤ ਕਰਵਾਈ। ਸਿਹਤ ਮੰਤਰੀ ਨੇ ਇਸ ਮੌਕੇ ਪੰਜਾਬ ਅੰਦਰ ਸੰਭਾਵੀ ਮਰੀਜ਼ਾਂ ਦੇ ਮੌਕੇ ਤੇ ਹੀ ਟੈਸਟ ਕਰਕੇ ਤੇ ਟੀ.ਬੀ. ਪਾਏ ਜਾਣ ਤੇ ਇਨ੍ਹਾਂ ਦੇ ਤੁਰੰਤ ਇਲਾਜ ਲਈ ਮੋਬਾਈਲ ਸੀ.ਬੀ. ਨੈਟ ਵੈਨ ਵੀ ਰਵਾਨਾ ਕੀਤੀ। ਡਾ. ਬਲਬੀਰ ਸਿੰਘ ਨੇ ਲੋਕਾਂ ਨੂੰ ਇਸ ਮੁਹਿੰਮ ਚ ਸਹਿਯੋਗ ਕਰਨ ਦਾ ਸੱਦਾ ਦਿੱਤਾ ਕਿ, ਆਓ, ਸਾਰੇ ਇਕੱਠੇ ਮਿਲ ਕੇ, ਸਿਹਤਮੰਦ ਪੰਜਾਬ ਬਣਾਈਏ ਤੇ ਟੀਬੀ ਨੂੰ ਖਤਮ ਕਰਨ ਲਈ ਨਿਕਸ਼ੇ ਮਿੱਤਰਾ ਬਣਨ ਦਾ ਪ੍ਰਣ ਕਰੀਏ ਤਾਂ ਕਿ ਟੀ.ਬੀ. ਇੱਕ ਕਲੰਕ ਨਾ ਬਣੇ ਤੇ ਇਸ ਦੇ ਰੋਗੀ ਆਪਣਾ ਇਲਾਜ ਤੁਰੰਤ ਕਰਵਾਉਣ। ਉਨ੍ਹਾਂ ਕਿਹਾ ਕਿ ਅਜਿਹੇ ਦੌਰ ਵਿਚ ਇਹ ਸਕੂਨ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਰਾਜ ਅੰਦਰ ਸਿਹਤ, ਸਿੱਖਿਆ ਤੇ ਰੁਜ਼ਗਾਰ ਨੂੰ ਪਹਿਲ ਦਿੰਦਿਆਂ ਸੂਬੇ ਦੇ 40 ਲੱਖ ਪਰਿਵਾਰਾਂ ਨੂੰ ਸਿਹਤਮੰਦ ਖੁਰਾਕ ਮੁਹੱਈਆ ਕਰਵਾਉਣ ਸਮੇਤ 65 ਲੱਖ ਪਰਿਵਾਰਾਂ ਨੂੰ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਮੁਹੱਈਆ ਕਰਵਾਈ ਹੈ। ਇਸ ਮੌਕੇ ਸਿਹਤ ਮੰਤਰੀ ਨੇ ਕਿਹਾ ਕਿ ਅੱਜ ਰਵਾਨਾ ਕੀਤੀ ਗਈ ਵੈਨ ਜਰੀਏ ਬਜ਼ੁਰਗਾਂ, ਝੁੱਗੀਆਂ-ਝੌਂਪੜੀਆਂ ਅਤੇ ਹੋਰ ਉੱਚ ਜੋਖਮ ਵਾਲੇ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਦੀ ਛਾਤੀ ਦੇ ਐਕਸ-ਰੇ ਸਹੂਲਤਾਂ ਤੇ ਮੌਕੇ ਤੇ ਟੈਸਟ ਕਰਕੇ ਤੁਰੰਤ ਇਲਾਜ ਸ਼ੁਰੂ ਕੀਤਾ ਜਾਵੇਗਾ। ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਮਕਸਦ ਲੋਕਾਂ ਨੂੰ ਬਿਮਾਰੀ ਮੁਕਤ ਤੇ ਤੰਦਰੁਸਤ ਰੱਖਣਾ ਹੈ, ਇਸੇ ਲਈ ਔਰਤਾਂ ਦੇ ਖਾਤਿਆਂ ਵਿਚ 1000 ਰੁਪਏ ਦੀ ਸਹੂਲਤ, ਮਿਆਰੀ ਰਾਸ਼ਨ, ਯੁੱਧ ਨਸ਼ਿਆਂ ਵਿਰੁੱਧ ਤਹਿਤ ਨਸ਼ਾ ਮੁਕਤ ਪੰਜਾਬ, ਇਹ ਸਭ ਸਕੀਮਾਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਹਨ। ਇਸ ਮੌਕੇ ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਆਰ.ਪੀ.ਐਸ. ਸਿਬੀਆ, ਸਟੇਟ ਟੀ.ਬੀ. ਅਫ਼ਸਰ ਡਾ. ਰਜੇਸ਼ ਭਾਸਕਰ, ਟੀ.ਬੀ. ਹਸਪਤਾਲ ਦੇ ਡਿਪਟੀ ਮੈਡੀਕਲ ਸੁਪਰਡੈਂਟ ਡਾ. ਵਿਸ਼ਾਲ ਚੋਪੜਾ, ਸਿਵਲ ਸਰਜਨ ਡਾ. ਜਸਵਿੰਦਰ ਸਿੰਘ, ਸੀ.ਪੀ.ਪੀ. ਯੋਗੇਸ਼, ਗਿਆਨ ਜੋਤੀ ਐਨ.ਜੀ.ਓ. ਵਲੋਂ ਉਪਕਾਰ ਸਿੰਘ, ਜ਼ਿਲ੍ਹਾ ਟੀ.ਬੀ. ਅਫ਼ਸਰ ਡਾ. ਗੁਰਪ੍ਰੀਤ ਨਾਗਰਾ, ਡਾ. ਸੁਮੀਤ ਸਿੰਘ ਸਮੇਤ ਵੱਡੀ ਗਿਣਤੀ ਐਸ.ਐਮ.ਓਜ ਤੇ ਮੈਡੀਕਲ ਅਫ਼ਸਰ ਵੀ ਮੌਜੂਦ ਸਨ।