ਸਰਕਾਰੀ ਹਸਪਤਾਲ ’ਚ ਨਿੱਜੀ ਗੱਡੀਆਂ ਤੋਂ ਡਾਕਟਰ ਤੇ ਮਰੀਜ਼ ਪ੍ਰੇਸ਼ਾਨ ਸਰਕਾਰੀ ਹਸਪਤਾਲ ’ਚ ਨਿੱਜੀ ਗੱਡੀਆਂ ਤੋਂ ਡਾਕਟਰ ਅਤੇ ਮਰੀਜ਼ ਪ੍ਰੇਸ਼ਾਨ
Publish Date: Wed, 14 Oct 2026 04:19 PM (IST)
Updated Date: Thu, 15 Oct 2026 04:00 AM (IST)
ਕਾਰਵਾਈ ਲਈ ਪੁਲਿਸ ਪ੍ਰਸ਼ਾਸ਼ਨ ਨੂੰ ਲਿਖਿਆ ਜਾਵੇਗਾ : ਡਾ. ਜੋਤੀ ਮਹਾਂਵੀਰ ਗੋਇਲ, ਪੰਜਾਬੀ ਜਾਗਰਣ, ਅਹਿਮਦਗੜ੍ਹ : ਸਰਕਾਰੀ ਸਿਵਲ ਹਸਪਤਾਲ ਅਹਿਮਦਗੜ੍ਹ ਦੀ ਪਾਰਕਿੰਗ ’ਚ ਰਾਤ ਸਮੇਂ ਖੜ੍ਹੀਆਂ ਕੀਤੀਆਂ ਜਾਂਦੀਆਂ ਨਿੱਜੀ ਗੱਡੀਆਂ ਅਗਲੇ ਦਿਨ ਵੀ ਤਕਰੀਬਨ ਸਾਰਾ ਦਿਨ ਉੱਥੇ ਹੀ ਖੜ੍ਹੀਆਂ ਰਹਿੰਦੀਆਂ ਹਨ। ਇਨ੍ਹਾਂ ਗੱਡੀਆਂ ਦਾ ਸਬੰਧ ਨਾ ਤਾਂ ਹਸਪਤਾਲ ਵਿੱਚ ਇਲਾਜ ਕਰਵਾਉਣ ਆਉਣ ਵਾਲੇ ਮਰੀਜ਼ਾਂ ਨਾਲ ਹੈ ਤੇ ਨਾ ਹੀ ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਅਤੇ ਨਾ ਹੀ ਡਾਕਟਰੀ ਸਟਾਫ ਨਾਲ ਹੈ। ਸ਼ਹਿਰ ਸਮਾਜ ਸੇਵੀ ਅਤੇ ਅਕਾਲੀ ਆਗੂ ਮਾਸਟਰ ਬਲਵੀਰ ਸਿੰਘ ਧਲੇਰ ਅਤੇ ਸ਼ਹਿਰ ਦੇ ਹੋਰ ਕਈ ਲੋਕਾਂ ਨੇ ਦੱਸਿਆ ਕਿ ਇਸ ਕਾਰਨ ਹਸਪਤਾਲ ਵਿੱਚ ਐਮਰਜੈਂਸੀ ਸਮੇਂ ਆਉਣ ਵਾਲੇ ਮਰੀਜ਼ਾਂ ਨੂੰ ਪਾਰਕਿੰਗ ਲਈ ਥਾਂ ਨਾ ਮਿਲਣ ਕਰ ਕੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਸਪਤਾਲ ਦੇ ਐੱਸਐੱਮਓ ਡਾ. ਜੋਤੀ ਕਪੂਰ ਹਿੰਦ ਨਾਲ ਇਸ ਸੰਬੰਧੀ ਗੱਲ ਕਰਨ ਤੇ ਉਨ੍ਹਾਂ ਦੱਸਿਆ ਕਿ ਇਸ ਗੱਲ ਤੋਂ ਡਾਕਟਰੀ ਸਟਾਫ ਵੀ ਦੁਖੀ ਹੈ ਕਿਉਂਕਿ ਸਟਾਫ ਨੂੰ ਵੀ ਗੱਡੀਆਂ ਖੜ੍ਹੀਆਂ ਕਰਨ ਲਈ ਜਗ੍ਹਾ ਨਹੀਂ ਬਚਦੀ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਦੇ ਸਾਈਕਲ ਸਟੈਂਡ ਦਾ ਠੇਕਾ ਸਰਕਾਰ ਵੱਲੋਂ ਇੱਕ ਲੱਖ ਰਪੈਰੀਅਨ ਤੱਕ ਰਾਖਵਾਂ ਰੱਖਿਆ ਹੋਇਆ ਹੈ ਜੋ ਕਿ ਬਹੁਤ ਜਿਆਦਾ ਹੋਣ ਕਾਰਨ ਠੇਕੇਦਾਰ ਲੈਣ ਤੋਂ ਇਨਕਾਰ ਕਰ ਗਏ ਹਨ । ਉਨ੍ਹਾਂ ਦੱਸਿਆ ਕਿ ਸਟੈਂਡ ਦਾ ਠੇਕਾ ਨਾ ਹੋਣ ਕਾਰਨ ਕੁਝ ਲੋਕ ਆਪਣੀਆਂ ਗੱਡੀਆਂ ਰਾਤ ਸਮੇਂ ਸਰਕਾਰੀ ਹਸਪਤਾਲ ਦੀ ਪਾਰਕਿੰਗ ਵਿੱਚ ਖੜ੍ਹੀਆਂ ਕਰ ਦਿੰਦੇ ਹਨ, ਜੋ ਸਵੇਰ ਤੋਂ ਲੈ ਕੇ ਦਿਨ ਭਰ ਉੱਥੇ ਹੀ ਖੜ੍ਹੀਆਂ ਰਹਿੰਦੀਆਂ ਹਨ। ਇਸ ਨਾਲ ਹਸਪਤਾਲ ਆਉਣ ਵਾਲੇ ਮਰੀਜ਼ਾਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਡਾਕਟਰੀ ਸਟਾਫ ਲਈ ਪਾਰਕਿੰਗ ਦੀ ਸਮੱਸਿਆ ਪੈਦਾ ਹੋ ਰਹੀ ਹੈ। ਐੱਸਐੱਮਓ ਡਾ. ਜੋਤੀ ਕਪੂਰ ਹਿੰਦ ਨੇ ਦੱਸਿਆ ਕਿ ਇਸ ਸਮੱਸਿਆ ਬਾਰੇ ਸਬੰਧਤ ਲੋਕਾਂ ਨੂੰ ਕਈ ਵਾਰ ਕਿਹਾ ਜਾ ਚੁੱਕਾ ਹੈ ਪਰ ਇਸ ਦੇ ਬਾਵਜੂਦ ਕੋਈ ਅਸਰ ਸਾਹਮਣੇ ਨਹੀਂ ਆ ਰਿਹਾ। ਹਸਪਤਾਲ ਪ੍ਰਬੰਧਨ ਵੱਲੋਂ ਵਾਰ-ਵਾਰ ਕਹਿਣ ਦੇ ਬਾਵਜੂਦ ਜੇਕਰ ਗੱਡੀਆਂ ਇਸੇ ਤਰ੍ਹਾਂ ਖੜ੍ਹੀਆਂ ਰਹਿੰਦੀਆਂ ਹਨ ਤਾਂ ਮਰੀਜ਼ਾਂ ਨੂੰ ਹੋਣ ਵਾਲੀ ਪ੍ਰੇਸ਼ਾਨੀ ਦੂਰ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਉਹ ਹੁਣ ਪੁਲਿਸ ਪ੍ਰਸ਼ਾਸ਼ਨ ਦੀ ਮਦਦ ਲੈਣਗੇ ਅਤੇ ਜੋ ਗੱਡੀਆਂ ਖੜੀਆਂ ਹਨ ਉਨ੍ਹਾਂ ਤੇ ਕਾਰਵਾਈ ਕਰਨ ਦੀ ਅਪੀਲ ਕਰਨਗੇ। ਅਕਾਲੀ ਆਗੂ ਮਾਸਟਰ ਬਲਵੀਰ ਸਿੰਘ ਧਲੇਰ ਅਤੇ ਆਮ ਲੋਕਾਂ ਨੇ ਸਬੰਧਤ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਹਸਪਤਾਲ ਦੀ ਪਾਰਕਿੰਗ ਨੂੰ ਮਰੀਜ਼ਾਂ ਅਤੇ ਉਨ੍ਹਾਂ ਦੇ ਨਾਲ ਆਉਣ ਵਾਲੇ ਲੋਕਾਂ ਲਈ ਸੁਚੱਜੇ ਢੰਗ ਨਾਲ ਵਰਤੋਂ ਵਿੱਚ ਲਿਆਉਣ ਵਾਸਤੇ ਢੁੱਕਵੇਂ ਪ੍ਰਬੰਧ ਕੀਤੇ ਜਾਣ, ਤਾਂ ਜੋ ਐਮਰਜੈਂਸੀ ਮਰੀਜ਼ਾਂ ਨੂੰ ਸਮੇਂ ਸਿਰ ਪਾਰਕਿੰਗ ਦੀ ਸਹੂਲਤ ਮਿਲ ਸਕੇ।