ਪਟਿਆਲਾ ’ਚ ਗੱਡੀ ਪਾਰਕਿੰਗ ਨੂੰ ਲੈ ਕੇ ਵਿਵਾਦ: ਮਾਮੂਲੀ ਬਹਿਸ ਤੋਂ ਬਾਅਦ ਚਲਾਈਆਂ ਗੋਲੀਆਂ; ਸ਼ੋਅਰੂਮ ਮਾਲਕ ਜ਼ਖਮੀ
ਜ਼ਖਮੀ ਸੁਸ਼ੀਲ ਗੋਇਲ ਨੇ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾਕਖਾਨੇ ਦੇ ਸਾਹਮਣੇ ਉਨ੍ਹਾਂ ਦਾ ਇੱਕ ਸ਼ੋਅਰੂਮ ਹੈ। ਬੀਤੇ ਸਮੇਂ ਇੱਕ ਵਿਅਕਤੀ ਆਪਣੀ ਸਕਾਰਪੀਓ ਕਾਰ ਸ਼ੋਅਰੂਮ ਦੇ ਬਿਲਕੁਲ ਸਾਹਮਣੇ ਗਲਤ ਤਰੀਕੇ ਨਾਲ ਪਾਰਕ ਕਰਕੇ ਚਲਾ ਗਿਆ। ਜਦੋਂ ਸੁਸ਼ੀਲ ਗੋਇਲ ਨੇ ਉਸ ਵਿਅਕਤੀ ਨੂੰ ਗੱਡੀ ਥੋੜ੍ਹੀ ਇੱਕ ਪਾਸੇ ਕਰਨ ਦੀ ਅਪੀਲ ਕੀਤੀ ਤਾਂ ਉਕਤ ਕਾਰ ਚਾਲਕ ਭੜਕ ਗਿਆ। ਉਸ ਨੇ ਗੱਡੀ ਹਟਾਉਣ ਦੀ ਬਜਾਏ ਸੁਸ਼ੀਲ ਗੋਇਲ ਨਾਲ ਤਿੱਖੀ ਬਹਿਸ ਸ਼ੁਰੂ ਕਰ ਦਿੱਤੀ।
Publish Date: Tue, 04 Aug 2026 03:46 PM (IST)
Updated Date: Tue, 04 Aug 2026 03:51 PM (IST)
ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ। ਸ਼ਹਿਰ ’ਚ ਸ਼ਰੇਆਮ ਗੁੰਡਾਗਰਦੀ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਤਾਜ਼ਾ ਮਾਮਲਾ ਥਾਣਾ ਲਾਹੋਰੀ ਗੇਟ ਦੇ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਗੱਡੀ ਪਾਰਕਿੰਗ ਨੂੰ ਲੈ ਕੇ ਹੋਈ ਮਾਮੂਲੀ ਬਹਿਸ ਤੋਂ ਬਾਅਦ ਇੱਕ ਅਣਪਛਾਤੇ ਵਿਅਕਤੀ ਨੇ ਸ਼ੋਅਰੂਮ ਮਾਲਕ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ।
ਇਸ ਘਟਨਾ ’ਚ ਸ਼ੋਅਰੂਮ ਮਾਲਕ ਸੁਸ਼ੀਲ ਗੋਇਲ ਗੰਭੀਰ ਰੂਪ ’ਚ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਨਜ਼ਦੀਕੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ।
ਜ਼ਖਮੀ ਸੁਸ਼ੀਲ ਗੋਇਲ ਨੇ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾਕਖਾਨੇ ਦੇ ਸਾਹਮਣੇ ਉਨ੍ਹਾਂ ਦਾ ਇੱਕ ਸ਼ੋਅਰੂਮ ਹੈ। ਬੀਤੇ ਸਮੇਂ ਇੱਕ ਵਿਅਕਤੀ ਆਪਣੀ ਸਕਾਰਪੀਓ ਕਾਰ ਸ਼ੋਅਰੂਮ ਦੇ ਬਿਲਕੁਲ ਸਾਹਮਣੇ ਗਲਤ ਤਰੀਕੇ ਨਾਲ ਪਾਰਕ ਕਰਕੇ ਚਲਾ ਗਿਆ। ਜਦੋਂ ਸੁਸ਼ੀਲ ਗੋਇਲ ਨੇ ਉਸ ਵਿਅਕਤੀ ਨੂੰ ਗੱਡੀ ਥੋੜ੍ਹੀ ਇੱਕ ਪਾਸੇ ਕਰਨ ਦੀ ਅਪੀਲ ਕੀਤੀ ਤਾਂ ਉਕਤ ਕਾਰ ਚਾਲਕ ਭੜਕ ਗਿਆ। ਉਸ ਨੇ ਗੱਡੀ ਹਟਾਉਣ ਦੀ ਬਜਾਏ ਸੁਸ਼ੀਲ ਗੋਇਲ ਨਾਲ ਤਿੱਖੀ ਬਹਿਸ ਸ਼ੁਰੂ ਕਰ ਦਿੱਤੀ।
ਬਹਿਸ ਦੇ ਦੌਰਾਨ ਹੀ ਦੋਸ਼ੀ ਵਿਅਕਤੀ ਤੈਸ਼ ’ਚ ਆ ਗਿਆ ਅਤੇ ਉਸ ਨੇ ਆਪਣੀ ਪਿਸਤੌਲ ਕੱਢ ਕੇ ਸੁਸ਼ੀਲ ਗੋਇਲ ’ਤੇ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ।
ਗੋਲੀਬਾਰੀ ਦੌਰਾਨ ਇੱਕ ਗੋਲੀ ਸੁਸ਼ੀਲ ਗੋਇਲ ਦੇ ਹੱਥ ’ਚ ਲੱਗੀ ਅਤੇ ਦੂਸਰੀ ਗੋਲੀ ਉਨ੍ਹਾਂ ਦੀ ਲੱਤ ’ਚ ਜਾ ਲੱਗੀ। ਗੋਲੀਆਂ ਚਲਾਉਣ ਤੋਂ ਬਾਅਦ ਹਮਲਾਵਰ ਆਪਣੀ ਸਕਾਰਪੀਓ ਕਾਰ ’ਚ ਮੌਕੇ ਤੋਂ ਫਰਾਰ ਹੋਣ ’ਚ ਕਾਮਯਾਬ ਹੋ ਗਿਆ।
ਪੀੜਤ ਸੁਸ਼ੀਲ ਗੋਇਲ ਨੇ ਦੱਸਿਆ ਕਿ ਉਹ ਹਮਲਾਵਰ ਨੂੰ ਬਿਲਕੁਲ ਵੀ ਨਹੀਂ ਜਾਣਦੇ ਹਨ ਅਤੇ ਨਾ ਹੀ ਉਨ੍ਹਾਂ ਦੀ ਪਹਿਲਾਂ ਕਿਸੇ ਨਾਲ ਕੋਈ ਰੰਜਿਸ਼ ਜਾਂ ਝਗੜਾ ਸੀ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਲਾਹੋਰੀ ਗੇਟ ਦੀ ਪੁਲਿਸ ਟੀਮ ਮੌਕੇ ’ਤੇ ਪਹੁੰਚੀ। ਪੁਲਿਸ ਨੇ ਜ਼ਖਮੀ ਦੇ ਬਿਆਨ ਦਰਜ ਕਰਕੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਮੌਕੇ ’ਤੇ ਪੁੱਜ ਕੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਹਮਲਾਵਰ ਅਤੇ ਉਸ ਦੀ ਸਕਾਰਪੀਓ ਕਾਰ ਦੀ ਪਛਾਣ ਕੀਤੀ ਜਾ ਸਕੇ। ਪੁਲਿਸ ਦਾ ਦਾਅਵਾ ਹੈ ਕਿ ਦੋਸ਼ੀ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।