- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਟੇਲ ਕਾਲਜ ਦੇ ਪ੍ਰਿੰਸੀਪਲ ਨੂੰ ਬਦਲਣ ਦੀਆਂ ਚਰਚਾਵਾਂ ਤੇਜ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਮੈਨੇਜਮੈਂਟ ਕਮੇਟੀ ਦੇ ਪ੍ਰਿੰਸੀਪਲ ਡਾਕਟਰ ਚੰਦਰ ਪ੍ਰਕਾਸ਼ ਗਾਂਧੀ ਨੂੰ ਬਦਲਣ ਲਈ ਅੱਜ ਚਰਚਾਵਾਂ ਦਾ ਬਾਜ਼ਾਰ ਗਰਮ ਰਿਹਾ। ਪ੍ਰਿੰਸੀਪਲ ਦੀ ਕਥਿਤ ਮਾੜੀ ਕਾਰਗੁਜ਼ਾਰੀ ਦੇ ਚੱਲਦਿਆਂ ਗਵਰਨਿੰਗ ਬਾਡੀ ਵੱਲੋਂ ਫਾਰਗ ਕਰਨ ਦੀ ਸਿਫ਼ਾਰਸ਼ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਪ੍ਰਿੰਸੀਪਲ ਨੂੰ ਬਦਲਣ ਦੇ ਪਿੱਛੇ ਮੈਨੇਜਮੈਂਟ ਕਮੇਟੀ ਦੁਆਰਾ ਵਿੱਤੀ ਸੰਕਟ ਦੱਸਿਆ ਜਾ ਰਿਹਾ ਹੈ। ਜਾਣਕਾਰੀ ਦੇ ਅਨੁਸਾਰ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਮੈਨੇਜਮੈਂਟ ਸੁਸਾਇਟੀ ’ਚ ਬਤੌਰ ਪ੍ਰਿੰਸੀਪਲ ਡਾਕਟਰ ਚੰਦਰ ਪ੍ਰਕਾਸ਼ ਗਾਂਧੀ ਕੰਮ ਕਰ ਰਹੇ ਸਨ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਚਲਦਿਆਂ ਬੀਤੇ ਦਿਨੀ ਪਟੇਲ ਕਾਲਜ ਮੈਨੇਜਮੈਂਟ ਸੁਸਾਇਟੀ ਦੇ ਅਹੁਦੇਦਾਰਾਂ ਦੀ ਮੀਟਿੰਗ ਦੇ ਦੌਰਾਨ ਪ੍ਰਿੰਸੀਪਲ ਡਾਕਟਰ ਗਾਂਧੀ ਤੇ ਕਾਰਜਕਾਲ ਦੇ ਦੌਰਾਨ ਦਾਖਲਿਆਂ ਦੀ ਘਟੀ ਗਿਣਤੀ ਤੇ ਪ੍ਰਿੰਸੀਪਲ ਦੇ ਨਾਲ ਜਿਆਦਾਤਰ ਸਟਾਫ ਦੀ ਅਣਬਣ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਸਨ। ਇਸ ਸਬੰਧੀ ਪਟੇਲ ਕਾਲਜ ਮੈਨੇਜਮੈਂਟ ਸੁਸਾਇਟੀ ਦੇ ਜਨਰਲ ਸਕੱਤਰ ਅਮਨਜੋਤ ਸਿੰਘ ਨੇ ਦੱਸਿਆ ਕਿ ਪ੍ਰਿੰਸੀਪਲ ਦੀ ਕਾਰਗੁਜ਼ਾਰੀ ਤਸੱਲੀਬਖ਼ਸ਼ ਨਹੀਂ ਸੀ ਅਤੇ ਕਾਲਜ ਸਟਾਫ਼ ਨਾਲ ਉਨ੍ਹਾਂ ਦਾ ਤਾਲਮੇਲ ਵੀ ਠੀਕ ਨਹੀਂ ਸੀ। ਉਨ੍ਹਾਂ ਦਾਅਵਾ ਕੀਤਾ ਕਿ ਸਟਾਫ਼ ਮੈਂਬਰ ਪ੍ਰਿੰਸੀਪਲ ਨਾਲ ਕੰਮ ਕਰਨ ਲਈ ਤਿਆਰ ਨਹੀਂ ਸਨ, ਜਿਸ ਕਾਰਨ ਕਾਲਜ ਵਿਚ ਦਾਖ਼ਲਿਆਂ ’ਚ ਵੀ ਲਗਾਤਾਰ ਕਮੀ ਆ ਰਹੀ ਸੀ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ 229 ਦਾਖ਼ਲੇ ਘਟੇ ਹਨ ਤੇ ਨੈਕ ਦੀ ਰਿਪੋਰਟ ਵੀ ਨੈਗੇਟਿਵ ਆਈ ਹੈ। ਸਕੱਤਰ ਅਨੁਸਾਰ ਕਾਲਜ ਦੇ ਵੱਖ-ਵੱਖ ਖੇਤਰਾਂ ’ਚ ਵੀ ਪ੍ਰਿੰਸੀਪਲ ਵੱਲੋਂ ਉਮੀਦ ਅਨੁਸਾਰ ਕਾਰਗੁਜ਼ਾਰੀ ਨਹੀਂ ਦਿਖਾਈ ਗਈ। ਉਨ੍ਹਾਂ ਕਿਹਾ ਕਿ ਬੀਤੇ ਦਿਨ ਗਵਰਨਿੰਗ ਬਾਡੀ ਦੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਪ੍ਰਿੰਸੀਪਲ ਦੀਆਂ ਸੇਵਾਵਾਂ ਸਮਾਪਤ ਕਰਨ ਦਾ ਫੈਸਲਾ ਲਿਆ ਗਿਆ। ਉਧਰ, ਸੂਤਰਾਂ ਅਨੁਸਾਰ ਪ੍ਰਿੰਸੀਪਲ ਮਾਰਚ 2027 ਵਿੱਚ ਸੇਵਾ ਮੁਕਤ ਹੋਣ ਵਾਲੇ ਹਨ। ਇਸ ਲਈ ਉਹ ਸੇਵਾ ਮੁਕਤੀ ਤੱਕ ਕਾਲਜ ਵਿੱਚ ਸੇਵਾਵਾਂ ਜਾਰੀ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਸਬੰਧੀ ਭਾਵੇਂ ਕਾਲਜ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਦੇਵਕੀ ਨੰਦਨ ਸਮੇਤ ਕੁਝ ਹੋਰ ਮੈਂਬਰਾਂ ਦੇ ਵੱਲੋਂ ਪ੍ਰਿੰਸੀਪਲ ਨੂੰ ਰਹਿੰਦਾ ਸਮਾਂ ਹੋਰ ਦੇਣ ਦੀ ਗੱਲ ਕੀਤੀ ਜਾ ਰਹੀ ਸੀ। ਪਰ ਮੈਨੇਜਮੈਂਟ ਦੇ ਅਹੁਦੇਦਾਰਾਂ ਦੇ ਵੱਲੋਂ ਪ੍ਰਿੰਸੀਪਲ ਨੂੰ ਹੋਰ ਸਮਾਨ ਨਾ ਦੇਣ ਦੀ ਗੱਲ ਉਤੇ ਅੜੇ ਰਹੇ। ਇਸ ਸਬੰਧੀ ਜਨਰਲ ਸਕੱਤਰ ਅਮਨਜੋਤ ਸਿੰਘ ਨੇ ਦੱਸਿਆ ਕਿ ਨਵੇਂ ਪ੍ਰਿੰਸੀਪਲ ਦੀ ਨਿਯੁਕਤੀ ਦੇ ਲਈ ਡੀਪੀਆਈ ਨੂੰ ਲਿਖਿਆ ਜਾਵੇਗਾ ਤਾਂ ਜੋ ਇਕ ਤਜਰਬੇਕਾਰ ਪ੍ਰਿੰਸੀਪਲ ਨੂੰ ਪਟੇਲ ਕਾਲਜ ਮੈਨੇਜਮੈਂਟ ਸੁਸਾਇਟੀ ’ਚ ਬਤੌਰ ਪ੍ਰਿੰਸੀਪਲ ਨਿਯੁਕਤ ਕੀਤਾ ਜਾ ਸਕੇ। ਇਸ ਸਬੰਧੀ ਪ੍ਰਿੰਸੀਪਲ ਦੀਆਂ ਸੇਵਾਵਾਂ ਖਤਮ ਕਰਨ ਦੀ ਗੱਲ ਕਾਲਜ ਦੇ ਸਟਾਫ ਨੂੰ ਪਤਾ ਲੱਗੀ ਤਾਂ ਉਹਨਾਂ ’ਚ ਖੁਸ਼ੀ ਦੀ ਲਹਿਰ ਦੌੜ ਪਈ। ਪਰ ਹੁਣ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ ਕਿ ਪ੍ਰਿੰਸੀਪਲ ਡਾਕਟਰ ਚੰਦਰ ਪ੍ਰਕਾਸ਼ ਗਾਂਧੀ ਆਪਣੀ ਸੀਟ ਬਚਾਉਣ ’ਚ ਕਾਮਯਾਬ ਰਹਿੰਦੇ ਹਨ ਜਾਂ ਉਹਨਾਂ ਦੀ ਥਾਂ ਉੱਤੇ ਕੋਈ ਨਵਾਂ ਪ੍ਰਿੰਸੀਪਲ ਪਟੇਲ ਕਾਲਜ ਦਾ ਕਾਰਜਭਾਰ ਸੰਭਾਲੇਗਾ।