ਘਨੌਰ ’ਚ ਕਿਸਾਨਾਂ ਨਾਲ ਬੀਜ ਸਬਸਿਡੀ ਦੇ ਨਾਂ ’ਤੇ ਵਿਤਕਰਾ ਘਨੌਰ ’ਚ ਕਿਸਾਨਾਂ ਨਾਲ ਬੀਜ ਸਬਸਿਡੀ ਦੇ ਨਾਂ ’ਤੇ ਵਿਤਕਰਾ
Publish Date: Thu, 29 Oct 2026 04:43 PM (IST)
Updated Date: Thu, 29 Oct 2026 04:46 PM (IST)
ਕਰਮਵੀਰ ਸਿੰਘ ਮਰਦਾਂਪੁਰ, •ਪੰਜਾਬੀ ਜਾਗਰਣ• ਘਨੌਰ : ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਵਿਭਾਗ ਰਾਹੀਂ ਕਿਸਾਨਾਂ ਨੂੰ ਸਬਸਿਡੀ ’ਤੇ ਬੀਜ ਮੁਹੱਈਆ ਕਰਵਾਉਣ ਦੀ ਨੀਤੀ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਕੁਲ ਹਿੰਦ ਕਿਸਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਕਾਮਰੇਡ ਧਰਮਪਾਲ ਸਿੰਘ ਸੀਲ ਨੇ ਦੋਸ਼ ਲਾਇਆ ਹੈ ਕਿ ਪਿਛਲੇ ਸਾਲ ਜਿਨ੍ਹਾਂ ਕਿਸਾਨਾਂ ਨੇ ਕਣਕ ਜਾਂ ਹੋਰ ਫ਼ਸਲਾਂ ਦੇ ਬੀਜਾਂ ’ਤੇ ਸਬਸਿਡੀ ਦਾ ਲਾਭ ਲਿਆ ਸੀ, ਉਨ੍ਹਾਂ ਨੂੰ ਇਸ ਸੀਜ਼ਨ ਦੌਰਾਨ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੁੜ ਸਬਸਿਡੀ ’ਤੇ ਬੀਜ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਸਰਕਾਰ ਦੇ ਇਸ ਫ਼ੈਸਲੇ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ। ਧਰਮਪਾਲ ਸਿੰਘ ਸੀਲ ਨੇ ਕਿਹਾ ਕਿ ਖੇਤੀਬਾੜੀ ਪਹਿਲਾਂ ਹੀ ਵਧ ਰਹੇ ਖ਼ਰਚਿਆਂ, ਮਹਿੰਗੀਆਂ ਖੇਤੀ ਲਾਗਤਾਂ ਅਤੇ ਫ਼ਸਲਾਂ ਦੀ ਪੈਦਾਵਾਰ ਨਾਲ ਜੁੜੀਆਂ ਚੁਣੌਤੀਆਂ ਕਾਰਨ ਸੰਕਟ ਵਿੱਚੋਂ ਲੰਘ ਰਹੀ ਹੈ। ਅਜਿਹੇ ਸਮੇਂ ਕਿਸਾਨਾਂ ਨੂੰ ਸਬਸਿਡੀ ਦਾ ਲਾਭ ਦੇਣ ਦੀ ਬਜਾਏ ਪਿਛਲੇ ਸਾਲ ਲਾਭ ਲੈਣ ਵਾਲਿਆਂ ਨੂੰ ਇਸ ਵਾਰ ਬਾਹਰ ਰੱਖਣਾ ਉਨ੍ਹਾਂ ਦੀ ਸਮਝ ਤੋਂ ਪਰੇ ਹੈ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਕਿਸਾਨਾਂ ਨੂੰ ਹਰ ਸਾਲ ਆਪਣੀ ਜ਼ਮੀਨ ਵਿੱਚ ਫ਼ਸਲ ਬੀਜਣੀ ਪੈਂਦੀ ਹੈ ਤਾਂ ਬੀਜ ਸਬਸਿਡੀ ਦਾ ਲਾਭ ਹਰ ਸਾਲ ਦੇ ਆਧਾਰ ’ਤੇ ਦੇਣ ਦੀ ਬਜਾਏ ਦੋ ਸਾਲਾਂ ਦਾ ਵਕਫ਼ਾ ਕਿਉਂ ਰੱਖਿਆ ਜਾ ਰਿਹਾ ਹੈ। ਕਾਮਰੇਡ ਧਰਮਪਾਲ ਸਿੰਘ ਸੀਲ ਅਤੇ ਹੋਰ ਕਿਸਾਨ ਆਗੂਆਂ ਨੇ ਸਰਕਾਰ ਦੇ ਇਸ ਰਵੱਈਏ ਦੀ ਸਖ਼ਤ ਆਲੋਚਨਾ ਕਰਦਿਆਂ ਮੰਗ ਕੀਤੀ ਕਿ ਬੀਜ ਸਬਸਿਡੀ ਦੇਣ ਸਬੰਧੀ ਨੀਤੀ ’ਤੇ ਮੁੜ ਵਿਚਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਵੱਧ ਤੋਂ ਵੱਧ ਕਿਸਾਨਾਂ ਨੂੰ ਸਬਸਿਡੀ ’ਤੇ ਬੀਜ ਮੁਹੱਈਆ ਕਰਵਾਇਆ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਘਨੌਰ ਬਲਾਕ ਵਿੱਚ ਮਸਰਾਂ ਅਤੇ ਹੋਰ ਫ਼ਸਲਾਂ ਦੇ ਬੀਜਾਂ ਦੀ ਲੋੜ ਅਨੁਸਾਰ ਸਪਲਾਈ ਵਧਾਈ ਜਾਵੇ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਖੇਤੀਬਾੜੀ ਨੂੰ ਉਤਸ਼ਾਹਿਤ ਕਰਨ ਦੇ ਦਾਅਵਿਆਂ ਨੂੰ ਅਮਲੀ ਰੂਪ ਦੇਣ ਲਈ ਜ਼ਰੂਰੀ ਹੈ ਕਿ ਕਿਸਾਨਾਂ ਨੂੰ ਸਮੇਂ ਸਿਰ ਅਤੇ ਵਾਜਬ ਕੀਮਤ ’ਤੇ ਬੀਜ ਮਿਲਣ। ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਕਿਸਾਨਾਂ ਦੀਆਂ ਇਨ੍ਹਾਂ ਚਿੰਤਾਵਾਂ ਨੂੰ ਦੂਰ ਕਰਨ ਲਈ ਕੀ ਕਦਮ ਚੁੱਕਦੇ ਹਨ। ---- ਘਨੌਰ ਬਲਾਕ ਵਿੱਚ ਮਸਰਾਂ ਦਾ ਸਿਰਫ਼ 1 ਕੁਇੰਟਲ 60 ਕਿਲੋ ਬੀਜ ਘਨੌਰ ਹਲਕੇ ਦੇ ਕਿਸਾਨਾਂ ਲਈ ਬੀਜਾਂ ਦੀ ਉਪਲਬਧਤਾ ਦਾ ਮੁੱਦਾ ਵੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਖੇਤੀਬਾੜੀ ਵਿਕਾਸ ਅਫ਼ਸਰ ਘਨੌਰ ਅਨੁਰਾਗ ਅੱਤਰੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, ਘਨੌਰ ਬਲਾਕ ਲਈ ਮਸਰਾਂ ਦਾ ਸਿਰਫ਼ 1 ਕੁਇੰਟਲ 60 ਕਿਲੋ ਬੀਜ ਪਹੁੰਚਿਆ ਹੈ। ਇਲਾਕੇ ਵਿੱਚ ਮਸਰਾਂ ਦੀ ਕਾਸ਼ਤ ਕਰਨ ਦੇ ਚਾਹਵਾਨ ਕਿਸਾਨਾਂ ਦੀ ਗਿਣਤੀ ਅਤੇ ਲੋੜ ਦੇ ਮੁਕਾਬਲੇ ਇਹ ਮਾਤਰਾ ਕਿੰਨੀ ਕਾਫ਼ੀ ਹੈ, ਇਸ ਬਾਰੇ ਸਵਾਲ ਖੜ੍ਹੇ ਹੋ ਰਹੇ ਹਨ। ਅਨੁਰਾਗ ਅੱਤਰੀ ਨੇ ਦੱਸਿਆ ਕਿ ਘਨੌਰ ਬਲਾਕ ਵਿੱਚ ਕਣਕ ਦੇ ਬੀਜ ਦੀ 40 ਕਿਲੋ ਵਾਲੀ ਥੈਲੀ 900 ਰੁਪਏ ਵਿੱਚ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਛੋਲਿਆਂ ਦਾ ਬੀਜ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਪਿਛਲੇ ਸਾਲ ਸਬਸਿਡੀ ਦਾ ਲਾਭ ਲੈ ਚੁੱਕੇ ਕਿਸਾਨਾਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਸ ਵਾਰ ਬੀਜ ਸਬਸਿਡੀ ਨਹੀਂ ਦਿੱਤੀ ਜਾਵੇਗੀ ਅਤੇ ਅਜਿਹੇ ਕਿਸਾਨਾਂ ਨੂੰ ਦੋ ਸਾਲਾਂ ਬਾਅਦ ਹੀ ਸਬਸਿਡੀ ’ਤੇ ਬੀਜ ਮਿਲੇਗਾ।