
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮਾਤਾ ਕੌਸ਼ਲਿਆ ਹਸਪਤਾਲ ਵਿਖੇ ਆਫ਼ਤ ਪ੍ਰਬੰਧਨ ਟ੍ਰੇਨਿੰਗ ਤੇ ਮੌਕ ਡ੍ਰਿੱਲ

ਪੱਤਰ ਪ੍ਰੇਕਰ, ਪੰਜਾਬੀ ਜਾਗਰਣ, ਪਟਿਆਲਾ : ਮਾਤਾ ਕੌਸ਼ਲਿਆ ਹਸਪਤਾਲ, ਪਟਿਆਲਾ ਵਿਖੇ ਹਸਪਤਾਲ ਦੀ ਆਫ਼ਤ ਪ੍ਰਬੰਧਨ ਸਮਰੱਥਾ ਅਤੇ ਐਮਰਜੈਂਸੀ ਤਿਆਰੀ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਡਿਜ਼ਾਸਟਰ ਰਿਸਪਾਂਸ ਟ੍ਰੇਨਿੰਗ ਪ੍ਰੋਗਰਾਮ ਅਤੇ ਮੌਕ ਡ੍ਰਿੱਲ ਕਰਵਾਈ ਗਈ। ਟ੍ਰੇਨਿੰਗ ਵਿੱਚ ਵਾਰਡ ਅਟੈਂਡੈਂਟ, ਸੁਰੱਖਿਆ ਕਰਮਚਾਰੀ, ਨਰਸਿੰਗ ਸਟਾਫ਼, ਲੈਬ ਟੈਕਨੀਸ਼ੀਅਨ, ਡਾਕਟਰ ਅਤੇ ਨਰਸਿੰਗ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਹੜ੍ਹ, ਭੂਚਾਲ, ਅੱਗ ਜਾਂ ਕਿਸੇ ਵੱਡੀ ਐਮਰਜੈਂਸੀ ਦੌਰਾਨ ਮਰੀਜ਼ਾਂ ਦੀ ਸੁਰੱਖਿਅਤ ਨਿਕਾਸੀ, ਐਮਰਜੈਂਸੀ ਰਿਸਪਾਂਸ, ਭੀੜ ਪ੍ਰਬੰਧਨ, ਮਾਸ ਕੈਜ਼ੁਅਲਟੀ ਮੈਨੇਜਮੈਂਟ ਅਤੇ ਮੁੱਢਲੀ ਸਹਾਇਤਾ ਬਾਰੇ ਜਾਣਕਾਰੀ ਦਿੱਤੀ ਗਈ। ਚੰਡੀਗੜ੍ਹ ਸਥਿਤ ਐੱਨਡੀਆਰਐੱਫ ਦਫ਼ਤਰ ਦੀ ਟੀਮ ਵੱਲੋਂ ਇੰਸਪੈਕਟਰ ਆਸ਼ਿਤ ਦੀ ਅਗਵਾਈ ਹੇਠ ਇਹ ਸਿਖਲਾਈ ਦਿੱਤੀ ਗਈ। ਟੀਮ ਨੇ ਹਸਪਤਾਲ ਸਟਾਫ਼ ਨੂੰ ਐਮਰਜੈਂਸੀ ਸਮੇਂ ਸੁਰੱਖਿਅਤ ਢੰਗ ਨਾਲ ਕੰਮ ਕਰਨ ਦੇ ਤਰੀਕੇ ਦੱਸੇ। ਇਸ ਤੋਂ ਇਲਾਵਾ ਸਟਰੈਚਰ ਦੀ ਆਰਜ਼ੀ ਵਿਵਸਥਾ ਅਤੇ ਪਾਣੀ ਦੀ ਸਥਿਤੀ ਵਿੱਚ ਘਰੇਲੂ ਵਸਤਾਂ ਦੀ ਮਦਦ ਨਾਲ ਤੈਰਨ ਸਬੰਧੀ ਵਿਹਾਰਕ ਸਿਖਲਾਈ ਵੀ ਦਿੱਤੀ ਗਈ। ਪ੍ਰੋਗਰਾਮ ਦੀ ਪ੍ਰਧਾਨਗੀ ਮੈਡੀਕਲ ਸੁਪਰਡੈਂਟ ਡਾ. ਵਿਕਾਸ ਗੋਇਲ ਨੇ ਕੀਤੀ। ਇਸ ਮੌਕੇ ਐੱਸਐੱਮਓ ਡਾ. ਜੈਦੀਪ, ਡਾ. ਸ਼ੁਭਦੀਪ, ਨੋਡਲ ਅਫ਼ਸਰ ਡਾ. ਸੁਮੀਤ ਸਿੰਘ, ਡਾ. ਮਨਪ੍ਰੀਤ, ਡਾ. ਜਾਵੀਆ ਅਤੇ ਹੋਰ ਸਟਾਫ਼ ਮੈਂਬਰ ਮੌਜੂਦ ਰਹੇ। ਡਾ. ਵਿਕਾਸ ਗੋਇਲ ਨੇ ਕਿਹਾ ਕਿ ਆਫ਼ਤ ਨਾਲ ਨਜਿੱਠਣ ਲਈ ਮੈਡੀਕਲ ਸਹੂਲਤਾਂ ਦੇ ਨਾਲ-ਨਾਲ ਸਟਾਫ਼ ਦੀ ਤਿਆਰੀ, ਸਪਸ਼ਟ ਜ਼ਿੰਮੇਵਾਰੀਆਂ ਅਤੇ ਆਪਸੀ ਤਾਲਮੇਲ ਬੇਹੱਦ ਜ਼ਰੂਰੀ ਹੈ।