ਡਿਜੀਟਲ ਡਰੀਮਰਜ਼ ਕਲੱਬ ਵੱਲੋਂ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਮੰਚ ਡਿਜੀਟਲ ਡਰੀਮਰਜ਼ ਕਲੱਬ ਵੱਲੋਂ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਮੰਚ
Publish Date: Mon, 07 Sep 2026 06:23 PM (IST)
Updated Date: Mon, 07 Sep 2026 06:25 PM (IST)
ਫੋਟੋ 7ਪੀਟੀਐਲ: 31: ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਖਾਲਸਾ ਕਾਲਜ ਪਟਿਆਲਾ ਦੇ ਪੋਸਟ ਗ੍ਰੈਜੂਏਟ ਕੰਪਿਊਟਰ ਸਾਇੰਸ ਵਿਭਾਗ ਦੇ ‘ਡਿਜੀਟਲ ਡਰੀਮਰਜ਼ ਕਲੱਬ’ ਵੱਲੋਂ ਅਧਿਆਪਕ ਦਿਵਸ ਨੂੰ ਸਮਰਪਿਤ ਵਿਸ਼ੇਸ਼ ਲੈਕਚਰ ਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ। ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਦੀ ਸਿਰਜਣਾਤਮਕਤਾ ਤੇ ਪ੍ਰਤਿਭਾ ਨੂੰ ਉਤਸ਼ਾਹਿਤ ਕਰਨਾ ਸੀ। ਕਲੱਬ ਦੇ ਕਨਵੀਨਰ ਪ੍ਰੋ. ਜਸਪ੍ਰੀਤ ਸਿੰਘ ਨੇ ਮਹਿਮਾਨਾਂ, ਬੁਲਾਰਿਆਂ ਤੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਜੀਵਨ ਵਿਚ ਅਧਿਆਪਕਾਂ ਦੇ ਮਹੱਤਵਪੂਰਨ ਯੋਗਦਾਨ ਬਾਰੇ ਚਾਨਣਾ ਪਾਇਆ। ਕਾਲਜ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਤੇ ਡਿਪਟੀ ਪ੍ਰਿੰਸੀਪਲ ਡਾ. ਜਸਲੀਨ ਕੌਰ ਨੇ ਅਧਿਆਪਕ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਅਧਿਆਪਕ ਵਿਦਿਆਰਥੀਆਂ ਦੇ ਚਰਿੱਤਰ ਨਿਰਮਾਣ ਅਤੇ ਸਹੀ ਮਾਰਗਦਰਸ਼ਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ‘ਗੁਰੂ-ਸ਼ਿਸ਼: ਗਿਆਨ ਦੀ ਯਾਤਰਾ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਦਿੰਦਿਆਂ ਡਾ. ਦਵਿੰਦਰ ਸਿੰਘ ਨੇ ਕਿਹਾ ਕਿ ਗੁਰੂ-ਸ਼ਿਸ਼ ਦਾ ਰਿਸ਼ਤਾ ਸਿਰਫ਼ ਕਿਤਾਬੀ ਗਿਆਨ ਤੱਕ ਸੀਮਤ ਨਹੀਂ, ਸਗੋਂ ਆਤਮ-ਗਿਆਨ, ਅਨੁਸ਼ਾਸਨ ਅਤੇ ਨੈਤਿਕ ਕਦਰਾਂ-ਕੀਮਤਾਂ ਨਾਲ ਜੁੜੀ ਨਿਰੰਤਰ ਯਾਤਰਾ ਹੈ। ਪੋਸਟਰ ਮੇਕਿੰਗ ਮੁਕਾਬਲੇ ਵਿਚ 22 ਵਿਦਿਆਰਥੀਆਂ ਨੇ ਭਾਗ ਲਿਆ। ਮੁਲਾਂਕਣ ਉਪਰੰਤ ਬੀ.ਸੀ.ਏ.-2 ਦੀ ਰਮਨਪ੍ਰੀਤ ਕੌਰ ਨੇ ਪਹਿਲਾ, ਐਮ.ਐਸ.ਸੀ. ਆਈ.ਟੀ.-2 ਦੇ ਪ੍ਰਾਂਸ਼ੂ ਨੇ ਦੂਜਾ ਅਤੇ ਬੀ.ਸੀ.ਏ.-2 ਦੀ ਸ਼ੁਭਨੀਤ ਢਿੱਲੋਂ ਨੇ ਤੀਜਾ ਸਥਾਨ ਹਾਸਲ ਕੀਤਾ। ਪੰਜ ਵਿਦਿਆਰਥੀਆਂ ਨੂੰ ਹੌਸਲਾ-ਅਫ਼ਜ਼ਾਈ ਇਨਾਮ ਵੀ ਦਿੱਤੇ ਗਏ। ਇਸੇ ਸੰਦਰਭ ਵਿੱਚ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੀ ਪੰਜਾਬੀ ਸਾਹਿਤ ਸਭਾ ਵੱਲੋਂ ਵੀ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਡਾ. ਪੁਸ਼ਪਿੰਦਰ ਕੌਰ ਅਤੇ ਡਾ. ਦਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਵਿਭਾਗ ਮੁਖੀ ਪ੍ਰੋ. ਪਰਮਜੀਤ ਕੌਰ ਸਮੇਤ ਹੋਰ ਅਧਿਆਪਕ ਅਤੇ ਵਿਦਿਆਰਥੀ ਮੌਜੂਦ ਸਨ। ਅੰਤ ਵਿੱਚ ਪ੍ਰੋ. ਸਤਵੀਰ ਕੌਰ ਨੇ ਸਭ ਦਾ ਧੰਨਵਾਦ ਕੀਤਾ।