ਅਮਲਾਲਾ ਨੇੜੇ ਲਗਾਏ ਧਰਨੇ ’ਚ ਸਾਬਕਾ ਵਿਧਾਇਕ ਵੱਲੋਂ ਸ਼ਮੂਲੀਅਤ
ਘੱਗਰ ਦਰਿਆ ਤੇ ਹੋ ਰਹੀ ਮਾਇਨਿੰਗ ਨੂੰ ਰੋਕਣ ਲਈ ਅਮਲਾਲਾ ਨੇੜੇ ਲਗਾਏ ਧਰਨੇ ਵਿੱਚ ਸਾਬਕਾ ਵਿਧਾਇਕ ਨੇ ਕੀਤੀ ਸ਼ਮੂਲੀਅਤ
Publish Date: Sat, 04 Apr 2026 04:32 PM (IST)
Updated Date: Sat, 04 Apr 2026 04:34 PM (IST)

ਅਸ਼ਵਿੰਦਰ ਸਿੰਘ, ਪੰਜਾਬੀ ਜਾਗਰਣ, ਬਨੂੜ : ਅਮਲਾਲਾ ਨੇੜੇ ਘੱਗਰ ਦਰਿਆ ਦੇ ਨੇੜੇ ਇਲਾਕੇ ਦੇ ਵਸਨੀਕਾਂ ਵੱਲੋਂ ਮਿੱਟੀ ਨਾਲ ਭਰੇ ਓਵਰਲੋਡ ਟਿੱਪਰਾਂ ਨੂੰ ਰੋਕਣ ਲਈ ਲਗਾਏ ਗਏ ਧਰਨੇ ਵਿਚ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਪਹੁੰਚ ਕੇ ਹਰ ਪੱਖੋਂ ਸਮਰਥਨ ਦੇਣ ਦਾ ਐਲਾਨ ਕੀਤਾ। ਧਰਨੇ ਵਿਚ ਪਹੁੰਚੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਗੱਲਬਾਤ ਕਰਦਿਆਂ ਕਿਹਾ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਸੂਬੇ ਵਿਚ ਡੀਲਸਟਿੰਗ ਤੇ ਰੋਕ ਲਗਾਉਣ ਦੇ ਬਾਵਜੂਦ ਸੂਬਾ ਸਰਕਾਰ ਦੇ ਇਸ਼ਾਰੇ ਤੇ ਪਿੰਡ ਅਮਲਾਲਾ ਨੇੜੇ ਘੱਗਰ ਦਰਿਆ ’ਚੋਂ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਮਾਈਨਿੰਗ ਕਾਰਨ ਮਿੱਟੀ ਦੇ ਨਾਲ ਭਰੇ ਓਵਰਲੋਡ ਟਿੱਪਰ ਜਿੱਥੇ ਲਿੰਕ ਸੜਕਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ ਉਥੇ ਹੀ ਘੜਾਮ ਵਾਲੇ ਬਾਬਾ ਜੀ ਵੱਲੋਂ ਘੱਗਰ ਦਰਿਆ ਤੇ ਅਮਲਾਲਾ ਨੇੜੇ ਲਗਾਏ ਗਏ ਪੁਲ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ, ਜਿਸਦੇ ਰੋਸ ਵਜੋਂ ਇਲਾਕੇ ਦੇ ਲੋਕਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਇਹ ਧਰਨਾ ਲਗਾਇਆ ਹੋਇਆ ਹੈ। ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਪਿੰਡ ਕਰਾਲੀ ਨੇੜੇ ਅੱਧੀ ਦਰਜਨ ਪਿੰਡਾਂ ਵੱਲੋਂ ਪਿੰਡਾਂ ਦੀਆਂ ਲਿੰਕ ਸੜਕਾਂ ਤੋਂ ਓਵਰਲੋਡ ਟਿੱਪਰਾਂ ਨੂੰ ਰੋਕਣ ਲਈ ਧਰਨਾ ਲਗਾਇਆ ਗਿਆ ਸੀ, ਇਸ ਧਰਨੇ ਕਾਰਨ ਬਨੂੜ ਵਾਲੇ ਪਾਸੇ ਓਵਰਲੋਡ ਟਿੱਪਰਾਂ ਨੇ ਜਾਣਾ ਬੰਦ ਕਰ ਦਿੱਤਾ ਸੀ। ਪਰ ਇਹ ਓਵਰਲੋਡ ਟਿੱਪਰ ਅਮਲਾਲਾ ਘੱਗਰ ਦਰਿਆ ਤੇ ਪੁਲ ਤੋਂ ਗੁਜਰਦੇ ਹਨ ਜਿਸ ਕਾਰਨ ਇਹ ਪੁਲ ਨੁਕਸਾਨਿਆ ਗਿਆ ਹੈ। ਉਨ੍ਹਾਂ ਆਪਣੇ ਸਾਥੀਆਂ ਸਮੇਤ ਇਸ ਧਰਨੇ ਵਿੱਚ ਪਹੁੰਚ ਕੇ ਹਰ ਪੱਖੋਂ ਸਮਰਥਨ ਦੇਣ ਦਾ ਐਲਾਨ ਕਰਦਿਆਂ ਸੂਬਾ ਸਰਕਾਰ ਵੱਲੋਂ ਨਾਜਾਇਜ਼ ਮਾਈਨਿੰਗ ਕਿਤੇ ਜਾਣ ਦੀ ਜੋਰਦਾਰ ਨਿੰਦਾ ਕੀਤੀ। ਇਸ ਮੌਕੇ ਘੜਾਮ ਵਾਲੇ ਬਾਬਾ ਗ਼ਫ਼ੂਰ ਮਹੁੰਮਦ, ਅਕਾਲੀ ਆਗੂ ਜਸਪਾਲ ਸਿੰਘ ਜੀਰਕਪੁਰ, ਸਰਪੰਚ ਬਲਿਹਾਰ ਸਿੰਘ ਬੱਲੀ, ਸਰਪੰਚ ਲਖਵਿੰਦਰ ਸਿੰਘ ਕਰਾਲਾ, ਗੁਰਦੀਪ ਸਿੰਘ ਸਾਬਕਾ ਸਰਪੰਚ ਕਰਾਲਾ, ਠੇਕੇਦਾਰ ਸਫੀ ਮੁਹੰਮਦ ਪੱਪੀ ਕਰਾਲੀ, ਰੂਲਦਾ ਖਾਨ, ਸ਼ੈਲੀ ਝਿਊਰਮਜਾਰਾ, ਮਲਕੀਤ ਸਿੰਘ ਉਪਲਹੇੜੀ, ਬਖਸ਼ੀਸ਼ ਸਿੰਘ, ਮੇਜਰ ਸਿੰਘ ਫੌਜੀ,ਚੰਦ ਸਿੰਘ ਕਰਾਲੀ, ਜਸਪਾਲ ਸਿੰਘ ਜੀਰਕਪੁਰ, ਬਲਿਹਾਰ ਸਿੰਘ ਬੱਲੀ, ਹੈਪੀ ਝਿਊਰਮਾਜਰਾ ਤੋਂ ਇਲਾਵਾ ਹੋਰ ਬਹੁਤ ਸਾਰੇ ਇਲਾਕੇ ਦੇ ਵਸਨੀਕ ਹਾਜ਼ਰ ਸਨ। ਦੱਸਣਯੋਗ ਹੈ ਕਿ ਇਲਾਕੇ ਵਿੱਚ ਗੁਜਰਦੇ ਘੱਗਰ ਦਰਿਆ ਤੇ ਪਿੰਡ ਮਨੌਲੀ ਸੂਰਤ ਵਿੱਚ ਪਹਿਲਾ ਪੁੱਲ ਕਾਰ ਸੇਵਾ ਵਾਲੇ ਮਹਾਂਪੁਰਸ਼ ਸੰਤ ਬਾਬਾ ਜਗਤਾਰ ਸਿੰਘ ਤਰਨਤਾਰਨ ਵਾਲਿਆਂ ਵੱਲੋਂ ਅਤੇ ਪਿੰਡ ਅਮਲਾਲਾ ਨੇੜੇ ਘੜਾਮ ਵਾਲੇ ਬਾਬਾ ਗ਼ਫ਼ੂਰ ਮਹੁੰਮਦ ਵੱਲੋਂ ਇਲਾਕੇ ਦੇ ਵਸਨੀਕਾਂ ਦੇ ਸਹਿਯੋਗ ਨਾਲ ਲਗਾਇਆ ਗਿਆ ਸੀ।