- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਘੱਗਰ ਦਰਿਆਂ ਵਿੱਚੋਂ ਡੀਸਿਲਟਿੰਗ ਦੇ ਨਾਂ ਤੇ ਬਰਸਾਤ ਦਿਨਾਂ ਵਿੱਚ ਵੱਡੀ ਪੱਧਰ ਤੇ ਹੋ ਰਹੀ ਖੁਦਾਈ

ਅਸ਼ਵਿੰਦਰ ਸਿੰਘ, ਪੰਜਾਬੀ ਜਾਗਰਣ, ਬਨੂੜ : ਪਿੰਡ ਮਨੌਲੀ ਸੂਰਤ ਵਿਖੇ ਘੱਗਰ ਦਰਿਆ ’ਚੋਂ ਡੀਸਿਲਟਿੰਗ ਦੇ ਨਾਂ ’ਤੇ ਕੀਤੀ ਜਾ ਰਹੀ ਮਾਈਨਿੰਗ ਬਰਸਾਤ ਦੇ ਦਿਨਾਂ ’ਚ ਵੀ ਰੁਕਣ ਦਾ ਨਾਂ ਨਹੀ ਲੈ ਰਹੀ। ਘੱਗਰ ਨਦੀ ਵਿਚ ਚਾਰ ਪੌਕਲੇਨ ਮਸ਼ੀਨਾਂ ਨਾਲ ਖੁਦਾਈ ਚਲ ਰਹੀ ਹੈ ਅਤੇ ਰੌਜ਼ਾਨਾਂ ਦਿਨ ਰਾਤ ਸ਼ੈਕੜੇ ਟਿੱਪਰ ਮਿੱਟੀ ਦੇ ਸ਼ੈਕੜੇ ਟਿੱਪਰ ਬਾਹਰ ਵੇਚੇ ਜਾ ਰਹੇ ਹਨ। ਮਾਈਨਿੰਗ ਵਿਭਾਗ ਇਸ ਨਾਜਇਜ਼ ਮਾਈਨਿੰਗ ਤੋਂ ਖਾਮੋਸ਼ ਹੈ ਅਤੇ ਮਾਈਨਿੰਗ ਤੇ ਕੋਈ ਨਿਯਮ ਲਾਗੂ ਨਹੀ ਹੁੰਦਾ। ਪਿੰਡ ਵਾਸੀਆਂ ਨੇ ਦੱਸਿਆ ਕਿ ਫਰਵਰੀ ਮਹੀਨੇ ਤੋਂ ਡੀਸਿਲਟਿੰਗ ਦੇ ਨਾਂ ’ਤੇ ਘੱਗਰ ਨਦੀ ਵਿੱਚੋਂ ਮਾਈਨਿੰਗ ਸ਼ੁਰੂ ਹੋਈ ਸੀ, ਜਿਸ ਨੂੰ ਕੋਈ ਪ੍ਰਵਾਨਗੀ ਨਾ ਹੋਣ ਕਾਰਨ ਕਈ ਵਾਰ ਇਕੱਠੇ ਹੋਏ ਪਿੰਡ ਵਾਸੀਆਂ ਨੇ ਬੰਦ ਕਰਾ ਦਿੱਤਾ, ਪਰ ਵਿਭਾਗ ਦੀ ਮਿਲੀਭੁਗਤ ਨਾਲ ਫਿਰ ਤੋਂ ਸੁਰੂ ਕੀਤਾ ਜਾਂਦਾ ਰਿਹਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਹਰੇਕ ਛੋਟੇ ਤੇ ਵੱਡੇ ਪੱਧਰ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤਾਂ ਦੇ ਕੇ ਜਾਣੂ ਕਰਾਇਆ ਗਿਆ, ਪਰ ਕੁਝ ਸਮਾਂ ਕੰਮ ਬੰਦ ਕਰ ਦਿੱਤਾ ਜਾਂਦਾ ਰਿਹਾ ਤੇ ਫਿਰ ਸ਼ੁਰੂ ਹੋ ਜਾਂਦਾ। ਉਨ੍ਹਾਂ ਦੱਸਿਆ ਕਿ ਹਰ ਸਮੇਂ ਚਾਰ ਪੌਕਲੇਨ ਮਸ਼ੀਨਾਂ ਰਾਹੀਂ ਟਿੱਪਰਾਂ ਦੀ ਭਰਾਈ ਕੀਤੀ ਜਾ ਰਹੀ ਹੈ ਅਤੇ ਘੱਗਰ ਨਦੀ ’ਚੋਂ ਟਿੱਪਰ ਕੱਢਣ ਲਈ ਤਿੰਨ ਘਾਟ ਬਨਾਏ ਗਏ ਹਨ। ਉਨ੍ਹਾਂ ਦੱਸਿਆ ਕਿ ਲੋਡ ਟਿੱਪਰਾਂ ਨੇ ਸਾਰੀਆਂ ਸੜਕਾਂ ਤੋੜ ਦਿੱਤੀਆਂ ਹਨ ਤੇ ਪਿੰਡ ਦੀ ਫਿਰਨੀਆ ਧਸਾ ਦਿੱਤੀਆਂ ਹਨ। ਦੋ ਸ਼ਹਿਰਾਂ ਨੂੰ ਜੋੜਨ ਵਾਲਾ ਕਾਰ ਸੇਵਾ ਵਾਲੇ ਬਾਬਿਆਂ ਵੱਲੋਂ ਕਰੋੜਾਂ ਦੀ ਲਾਗਤ ਨਾਲ ਲਾਇਆ ਪੁਲ ਵੀ ਨੁਕਸਾਨਿਆ ਗਿਆ ਹੈ। ਮਾਈਨਿੰਗ ਵਿਭਾਗ ਅਨੁਸਾਰ ਦਿਨ ਵੇਲ੍ਹੇ ਤੇ ਸੀਮਤ ਡੂੰਘਾਈ ਤਕ ਖੁਦਾਈ ਕੀਤੀ ਜਾ ਸਕਦੀ ਹੈ ਅਤੇ ਬੰਨ੍ਹ ਤੋਂ ਅਤੇ ਬਾਬਿਆਂ ਵੱਲੋਂ ਲਾਏ ਪੁਲ ਦੇ ਪੰਜ ਸੋਂ ਮੀਟਰ ਦੇ ਘੇਰੇ ’ਚ ਖੁਦਾਈ ਕਰਨ ਤੋਂ ਮਨਾਹੀ ਹੈ, ਪਰ ਪੁਲ ਦੇ ਹੇਠਾਂ ਤੇ ਨੇੜਿਓਂ ਤੋਂ ਵੱਡੀ ਪੱਧਰ ਤੇ ਖੁਦਾਈ ਕੀਤੀ ਜਾ ਚੁੱਕੀ ਹੈ, ਜਿਸ ਨਾਲ ਪਹਿਲਾਂ ਹੀ 40 ਫੁੱਟ ਨੰਗੇ ਹੋਏ ਪੀਲਰਾਂ ਨੂੰ ਨੁਕਸਾਨ ਪੁੱਜਣ ਦਾ ਖਤਰਾ ਬਣ ਗਿਆ ਹੈ। ਇਸ ਤਰਾਂ ਬੰਨ੍ਹ ਦੇ ਨੇੜੇ ਤੋਂ ਮਿੱਟੀ ਚੁੱਕਣ ਨਾਲ ਬੰਨ ਕੰਮਜੋਰ ਪੈ ਚੁੱਕਾ ਹੈ। ਪਿੰਡ ਵਾਸੀਆਂ ਨੇ ਖਦਸ਼ਾ ਜ਼ਾਹਿਰ ਕਰਦੇ ਹੋਏ ਕਿਹਾ ਜੇ 2022 ਵਰਗੀ ਬਾਰਿਸ਼ ਪੈ ਗਈ ਤੇ ਕੋਈ ਪਿੰਡ ਨਹੀ ਬਚੇਗਾ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਇਸ ਮਾਮਲੇ ਦੀ ਜਾਂਚ ਕਰਾਉਣ ਅਤੇ ਤੁਰੰਤ ਮਾਈਨਿੰਗ ਬੰਦ ਕਰਾਉਣ ਦੀ ਮੰਗ ਕੀਤੀ ਹੈ। ਪਿੰਡ ਦੇ ਸਰਪੰਚ ਸੁਰਿੰਦਰ ਸਿੰਘ ਨੇ ਕਿਹਾ ਕਿ ਪੰਚਾਇਤ ਵੱਲੋਂ ਕੋਈ ਮਤਾ ਨਹੀ ਪਾਇਆ, ਸਗੋਂ ਸਿਰਫ਼ ਡੀਸਿਲਟਿੰਗ ਕਰਨ ਲਈ ਲਿਖ ਕੇ ਹੀ ਦਿੱਤਾ ਗਿਆ ਹੈ। ਮਾਇਨਿੰਗ ਵਿਭਾਗ ਦੇ ਐਸਡੀਓ ਰਾਜਿੰਦਰ ਸਿੰਘ ਨੇ ਪੱਤਰਕਾਰ ਦਾ ਨਾਂ ਸੁਣਦਿਆਂ ਹੀ ਫੋਨ ਕੱਟ ਦਿੱਤਾ। ਉਨ੍ਹਾਂ ਵ੍ਹਟਸਐਪ ਮੈਸੇਜ਼ ਤੇ ਵੀ ਕੋਈ ਜਵਾਬ ਨਹੀ ਦਿੱਤਾ। ਐਕਸੀਅਸ਼ਨ ਗਰਜਾ ਨੇ ਛੁੱਟੀ ’ਤੇ ਹੋਣ ਦੀ ਗੱਲ ਆਖੀ।