- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਧਮੋਲੀ ਨੇ ਅਹੁਦਾ ਸੰਭਾਲਦੇ ਹੀ ਮਾਰਿਆ ਚੋਕਾ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਰਾਜਪੁਰਾ ਮਾਰਕੀਟ ਕਮੇਟੀ ਦੇ ਨਵ ਨਿਯੁਕਤ ਚੇਅਰਮੈਨ ਗੁਰਪ੍ਰੀਤ ਸਿੰਘ ਧਮੋਲੀ ਨੇ ਅਹੁਦਾ ਸੰਭਾਲਣ ਤੋਂ ਕੁਝ ਘੰਟਿਆਂ ਬਾਅਦ ਹੀ ਰਾਜਪੁਰਾ ਅਨਾਜ ਮੰਡੀ ’ਚ ਬਿਨਾਂ ਕਿਸੇ ਬਿੱਲ ਦੇ ਦਾਖਲ ਹੋਏ ਮੱਕੀ ਨਾਲ ਭਰੇ ਟਰਾਲੇ ਨੂੰ ਕਾਬੂ ਕਰਕੇ ਸਬੰਧਤ ਆੜ੍ਹਤੀ ਤੋਂ 34926 ਰੁਪਏ ਦੀ ਮਾਰਕੀਟ ਫੀਸਦੀ ਵਸੂਲੀ ਕਰਕੇ ਜਿੱਥੇ ਇਮਾਨਦਾਰੀ ਦੀ ਮਿਸਾਲ ਦਿੱਤੀ ਹੈ ਉੱਥੇ ਦੂਜੇ ਪਾਸੇ ਤੁਰੰਤ ਐਕਸ਼ਨ ਵਿਚ ਆ ਕੇ ਚੋਕਾ ਮਾਰਦਿਆਂ ਹੋਇਆਂ ਮਾਰਕੀਟ ਕਮੇਟੀ ਦੀ ਫੀਸ ਚੋਰੀ ਕਰਨ ਵਾਲਿਆਂ ਦੇ ਮੂੰਹ ’ਤੇ ਤਰੇਲੀਆਂ ਲਿਆ ਦਿੱਤੀਆਂ ਹਨ। ਜਾਣਕਾਰੀ ਦੇ ਅਨੁਸਾਰ ਮਾਰਕੀਟ ਕਮੇਟੀ ਰਾਜਪੁਰਾ ਦੇ ਨਵ ਨਿਯੁਕਤ ਚੇਅਰਮੈਨ ਗੁਰਪ੍ਰੀਤ ਸਿੰਘ ਧਮੋਲੀ ਨੇ ਦੇਰ ਰਾਤ ਫੇਸਬੁਕ ਤੇ ਲਾਈਵ ਹੋ ਕੇ ਗੁਪਤ ਸੂਚਨਾ ਦੇ ਅਧਾਰ ਉੱਤੇ ਰਾਜਪੁਰਾ ਅਨਾਜ ਮੰਡੀ ’ਚ ਚੋਰੀ ਛੁੱਪੇ ਬਿਨਾਂ ਕਿਸੇ ਬਿੱਲ ਦੇ ਦਾਖਲ ਹੁੰਦੇ ਮਾਲ ਨਾਲ ਲੱਦੇ ਟਰਾਲੇ ਨੂੰ ਕਾਬੂ ਕੀਤਾ। ਜਦੋਂ ਟਰਾਲੇ ਉੱਤੇ ਲੱਦੇ ਮਾਲ ਦੀ ਜਾਂਚ ਕੀਤੀ ਗਈ ਤਾਂ ਉਸ ’ਚ ਮੱਕੀ ਭਰੀ ਹੋਈ ਮਿਲੀ। ਇਸ ਸਬੰਧੀ ਜਦੋਂ ਉਨ੍ਹਾਂ ਨੇ ਟਰਾਲੇ ਦੇ ਚਾਲਕ ਤੋਂ ਪੁੱਛ ਗਿੱਛ ਕੀਤੀ ਤਾਂ ਉਸ ਨੇ ਮੰਨਿਆ ਕਿ ਉਹ ਰਾਜਸਥਾਨ ਦੇ ਕੋਟਾ ਤੋਂ ਮੱਕੀ ਲੋਡ ਕਰਕੇ ਸਰਹੰਦ ਵੇਚਣ ਦੇ ਲਈ ਆਇਆ ਸੀ ਪਰ ਉੱਥੇ ਮੱਕੀ ਸਬੰਧੀ ਕੋਈ ਵੇਚ ਖਰੀਦ ਨਾ ਹੋ ਕੇ ਰਾਜਪੁਰਾ ਅਨਾਜ ਮੰਡੀ ’ਚ ਇੱਕ ਆੜ੍ਹਤੀਏ ਦੇ ਵੱਲੋਂ ਮੱਕੀ ਦੀ ਫਸਲ ਨੂੰ ਵੇਚਣ ਦੇ ਲਈ ਬੁਲਾਇਆ ਗਿਆ ਹੈ। ਇਸ ਮੌਕੇ ਚੇਅਰਮੈਨ ਧਮੋਲੀ ਨੇ ਮੌਕੇ ਉੱਤੇ ਮਾਰਕੀਟ ਕਮੇਟੀ ਦੇ ਖ਼ਜ਼ਾਨਚੀ ਜੁਝਾਰ ਸਿੰਘ ਨੂੰ ਬੁਲਾ ਕੇ ਸਬੰਧਤ ਆੜ੍ਹਤੀ ਨੂੰ ਮੱਕੀ ਸਬੰਧੀ ਬਿੱਲ ਦਿਖਾਉਣ ਦੇ ਲਈ ਕਿਹਾ ਗਿਆ। ਜਦੋਂ ਮੱਕੀ ਸਬੰਧੀ ਵੇਚਣ ਅਤੇ ਖਰੀਦਣ ਦੀ ਗੱਲ ਸਾਹਮਣੇ ਆਈ ਤਾਂ ਚੇਅਰਮੈਨ ਧਮੋਲੀ ਨੇ ਸਬੰਧਤ ਆੜ੍ਹਤੀ ਤੋਂ 11,642 ਰੁਪਏ ਮੰਡੀ ਫੀਸ ਅਤੇ ਅਤੇ 23,284 ਰੁਪਏ ਆਰਡੀਐਫ ਫੰਡ ਮਾਰਕੀਟ ਕਮੇਟੀ ਦੇ ਖਜ਼ਾਨੇ ’ਚ ਜਮਾ ਕਰਵਾ ਕੇ ਚੋਕਾ ਮਾਰਦਿਆਂ ਹੋਇਆਂ ਇਮਾਨਦਾਰੀ ਦੀ ਮਿਸਾਲ ਦਿੱਤੀ। ਚੇਅਰਮੈਨ ਧਮੋਲੀ ਨੇ ਮਾਰਕੀਟ ਕਮੇਟੀ ਫੀਸ ਚੋਰੀ ਕਰਨ ਵਾਲੇ ਵਪਾਰੀਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਕਿਸੇ ਨੂੰ ਵੀ ਅਨਾਜ ਮੰਡੀ ’ਚ ਮਾਲ ਦੀ ਖਰੀਦ ਅਤੇ ਵੇਚਣ ਸਬੰਧੀ ਮਾਰਕੀਟ ਕਮੇਟੀ ਫੀਸ ਦੇ ਵਿੱਚ ਚੋਰੀ ਨਹੀਂ ਕਰਨ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਮਾਰਕੀਟ ਕਮੇਟੀ ਦੀ ਫੀਸ ’ਚ ਜੇਕਰ ਵਾਧਾ ਹੋਵੇਗਾ ਤਾਂ ਅਧੀਨ ਆਉਂਦੇ ਪਿੰਡਾਂ ਦੀਆਂ ਸੜਕਾਂ ਸਮੇਤ ਅਨਾਜ ਮੰਡੀ ਦਾ ਵਿਕਾਸ ਕਰਵਾਇਆ ਜਾਵੇਗਾ। ਚੇਅਰਮੈਨ ਧਮੋਲੀ ਦੇ ਇਸ ਦਲੇਰਾਨਾ ਕਾਰਵਾਈ ਨੂੰ ਲੈ ਕੇ ਚਾਰੇ ਪਾਸਿਓਂ ਸਲਾਘਾ ਹੋ ਰਹੀ ਹੈ।