ਦੇਵੀਗੜ੍ਹ ਨਹਿਰੀ ਅਰਾਮਘਰ ਨੇ ਧਾਰਿਆ ਜੰਗਲ ਦਾ ਰੂਪ, ਸਫ਼ਾਈ ਦਾ ਬੁਰਾ ਹਾਲ ਦੇਵੀਗੜ੍ਹ ਨਹਿਰੀ ਅਰਾਮਘਰ ਨੇ ਧਾਰਿਆ ਜੰਗਲ ਦਾ ਰੂਪ, ਸਫ਼ਾਈ ਦਾ ਬੁਰਾ ਹਾਲ
Publish Date: Fri, 02 Oct 2026 06:31 PM (IST)
Updated Date: Fri, 02 Oct 2026 06:34 PM (IST)
-ਅਰਾਮ ਘਰ ਨਾਲ ਲੱਗਦੇ ਘਰਾਂ ਦੇ ਲੋਕ ਰੋਜ਼ ਨਿਕਲਦੇ ਸੱਪਾਂ ਤੋਂ ਪ੍ਰੇਸ਼ਾਨ, ਪ੍ਰਸ਼ਾਸਨ ਤੋਂ ਸਫ਼ਾਈ ਦੀ ਮੰਗ ਫੋਟੋ 02ਪੀਟੀਐੱਲ-35 ਜੀਐੱਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗੜ੍ਹ : ਦੇਵੀਗੜ੍ਹ ਵਿਖੇ ਸਥਿਤ ਨਹਿਰੀ ਅਰਾਮ ਘਰ ਦੀ ਸਫ਼ਾਈ ਨਾ ਹੋਣ ਕਾਰਨ ਇਸ ਨੇ ਜੰਗਲ ਦਾ ਰੂਪ ਧਾਰ ਲਿਆ ਹੈ। ਕਰੀਬ ਪੰਜ ਏਕੜ ਰਕਬੇ ਵਿਚ ਬਣੇ ਇਸ ਅਰਾਮ ਘਰ ਦੇ ਜ਼ਿਆਦਾਤਰ ਹਿੱਸੇ ਵਿਚ ਵੱਡਾ-ਵੱਡਾ ਘਾਹ-ਫੂਸ ਅਤੇ ਝਾੜੀਆਂ ਉੱਗੀਆਂ ਹੋਈਆਂ ਹਨ। ਇਸ ਕਾਰਨ ਇੱਥੇ ਆਉਣ-ਜਾਣ ਵਾਲੇ ਲੋਕਾਂ ਲਈ ਖਤਰਾ ਬਣਿਆ ਹੋਇਆ ਹੈ। ਅਰਾਮ ਘਰ ਦੇ ਆਲੇ-ਦੁਆਲੇ ਰਹਿੰਦੇ ਲੋਕਾਂ ਦਾ ਕਹਿਣਾ ਹੈ ਕਿ ਘਾਹ-ਫੂਸ ਅਤੇ ਝਾੜੀਆਂ ਵਿਚ ਸੱਪ ਸਮੇਤ ਹੋਰ ਜੀਵ ਲੁਕੇ ਰਹਿੰਦੇ ਹਨ। ਇਹ ਸੱਪ ਕਈ ਵਾਰ ਨੇੜਲੇ ਘਰਾਂ ਵਿਚ ਵੀ ਦਾਖ਼ਲ ਹੋ ਜਾਂਦੇ ਹਨ। ਇਸ ਕਾਰਨ ਇਲਾਕਾ ਵਾਸੀਆਂ ਵਿਚ ਡਰ ਦਾ ਮਾਹੌਲ ਹੈ। ਖਾਸ ਕਰਕੇ ਗਲੀਆਂ ਵਿਚ ਖੇਡਦੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਮਾਪੇ ਚਿੰਤਤ ਹਨ। ਜਾਣਕਾਰੀ ਅਨੁਸਾਰ ਅਰਾਮ ਘਰ ਦੇ ਅੰਦਰ ਕਈ ਪੁਰਾਣੇ ਕਮਰੇ ਖੰਡਰ ਬਣ ਚੁੱਕੇ ਹਨ। ਇੱਥੇ ਵੱਡੀ ਗਿਣਤੀ ਵਿਚ ਰੁੱਖ ਵੀ ਹਨ, ਪਰ ਕੁਝ ਹਿੱਸੇ ਨੂੰ ਛੱਡ ਕੇ ਪੂਰੇ ਇਲਾਕੇ ਵਿੱਚ ਘਾਹ-ਫੂਸ ਅਤੇ ਝਾੜੀਆਂ ਉੱਗੀਆਂ ਹੋਈਆਂ ਹਨ। ਅਰਾਮ ਘਰ ਦੇ ਕੇਂਦਰ ਵਿਚ ਬਣੇ ਕੁਝ ਕਮਰਿਆਂ ਵਿੱਚ ਨਹਿਰੀ ਵਿਭਾਗ ਦੇ ਅਧਿਕਾਰੀ ਅਤੇ ਕਦੇ-ਕਦਾਈਂ ਸਿਆਸੀ ਆਗੂ ਵੀ ਬੈਠਦੇ ਹਨ। ਅਜਿਹੇ ਹਾਲਾਤ ਵਿਚ ਇੱਥੇ ਬੈਠਣਾ ਵੀ ਸੁਰੱਖਿਅਤ ਨਹੀਂ ਮੰਨਿਆ ਜਾ ਰਿਹਾ। ਇਸ ਸਬੰਧੀ ਨਹਿਰੀ ਵਿਭਾਗ ਦੇ ਐੱਸਡੀਓ ਸੁਸ਼ਾਂਤ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਵਿਭਾਗ ਦੇ ਕੁਝ ਕਰਮਚਾਰੀ ਸੇਵਾਮੁਕਤ ਹੋ ਗਏ ਹਨ। ਇਸ ਸਮੇਂ ਅਰਾਮ ਘਰ ਦੀ ਸਫ਼ਾਈ ਲਈ ਕੋਈ ਕਰਮਚਾਰੀ ਤਾਇਨਾਤ ਨਹੀਂ ਹੈ, ਜਿਸ ਕਾਰਨ ਸਫ਼ਾਈ ਦਾ ਕੰਮ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਕੋਈ ਨਾ ਕੋਈ ਪ੍ਰਬੰਧ ਕਰਕੇ ਅਰਾਮ ਘਰ ਦੀ ਸਫ਼ਾਈ ਕਰਵਾਈ ਜਾਵੇਗੀ।