ਪੰਜਾਬ ਦਾ ਵਿਕਾਸ ਅਕਾਲੀ-ਭਾਜਪਾ ਸਰਕਾਰ ਸਮੇਂ ਹੋਇਆ : ਪ੍ਰੋ. ਚੰਦੂਮਾਜਰਾ ਪੰਜਾਬ ਦਾ ਵਿਕਾਸ ਅਕਾਲੀ-ਭਾਜਪਾ ਸਰਕਾਰ ਸਮੇ ਹੋਇਆ-ਪ੍ਰੋ. ਚੰਦੂਮਾਜਰਾ
Publish Date: Wed, 25 Nov 2026 06:29 PM (IST)
Updated Date: Wed, 25 Nov 2026 06:31 PM (IST)
ਜੀਐੱਸ ਮਹਿਰੋਕ,• ਪੰਜਾਬੀ ਜਾਗਰਣ• ਦੇਵੀਗਡ਼੍ਹ : ਸਾਬਕਾ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਨਾਜ ਮੰਡੀ ਦੇਵੀਗੜ੍ਹ ਵਿਖੇ ਬਿਕਰਮ ਸਿੰਘ ਫਰੀਦਪੁਰ ਦੇ ਦਫ਼ਤਰ ਵਿੱਚ ਆੜ੍ਹਤੀਆਂ, ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੁਸ਼ਕਿਲਾਂ ਸੁਣਨ ਪਹੁੰਚੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਕਾਰ ਹੋਏ ਗਠਜੋੜ ਨੂੰ ਪੰਜਾਬ ਦੇ ਹਿੱਤ ਵਿੱਚ ਦੱਸਿਆ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਵਿੱਚ ਜਦੋਂ ਵੀ ਵਿਕਾਸ ਅਤੇ ਤਰੱਕੀ ਹੋਈ ਹੈ, ਉਹ ਅਕਾਲੀ -ਭਾਜਪਾ ਗਠਜੋੜ ਦੀ ਸਰਕਾਰ ਸਮੇਂ ਹੋਈ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਪੰਜਾਬ ਆਰਥਿਕ ਅਤੇ ਪ੍ਰਸ਼ਾਸਨਿਕ ਸੰਕਟ ਵਿੱਚੋਂ ਲੰਘ ਰਿਹਾ ਹੈ। ਇਸ ਸਥਿਤੀ ਨੂੰ ਦੇਖਦਿਆਂ ਭਾਜਪਾ ਨੇ ਵੀ ਦੋਵਾਂ ਪਾਰਟੀਆਂ ਦੀ ਏਕਤਾ ਦੀ ਲੋੜ ਮਹਿਸੂਸ ਕੀਤੀ, ਜਿਸ ਤੋਂ ਬਾਅਦ ਇਹ ਗਠਜੋੜ ਸੰਭਵ ਹੋ ਸਕਿਆ। ਉਨ੍ਹਾਂ ਦਾਅਵਾ ਕੀਤਾ ਕਿ ਇਸ ਗਠਜੋੜ ਨਾਲ ਪੰਜਾਬ ਵਿੱਚ ਸੱਤਾ ਪਰਿਵਰਤਨ ਦਾ ਰਾਹ ਪੱਧਰਾ ਹੋਵੇਗਾ ਅਤੇ ਅਕਾਲੀ ਦਲ-ਭਾਜਪਾ ਦੀ ਸਰਕਾਰ ਬਣਨ ਨਾਲ ਸੂਬੇ ਵਿੱਚ ਮੁੜ ਵਿਕਾਸ ਦੀ ਪ੍ਰਕਿਰਿਆ ਤੇਜ਼ ਹੋਵੇਗੀ। ਉਨ੍ਹਾਂ ਕਿਹਾ ਕਿ ਗਠਜੋੜ ਨੂੰ ਲੈ ਕੇ ਸੂਬੇ ਵਿੱਚ ਲੋਕਾਂ ਵੱਲੋਂ ਖੁਸ਼ੀ ਮਨਾਈ ਜਾ ਰਹੀ ਹੈ ਅਤੇ ਲੱਡੂ ਵੰਡੇ ਜਾ ਰਹੇ ਹਨ। ਸੀਟਾਂ ਦੀ ਵੰਡ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਚੰਦੂਮਾਜਰਾ ਨੇ ਕਿਹਾ ਕਿ ਦੋਵਾਂ ਪਾਰਟੀਆਂ ਵਿਚਕਾਰ ਜਲਦੀ ਹੀ ਸੀਟਾਂ ਦੀ ਵੰਡ ਕਰ ਲਈ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਵਿਧਾਨ ਸਭਾ ਹਲਕਾ ਸਨੌਰ ਦੀ ਸੀਟ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਆਵੇਗੀ। ਉਨ੍ਹਾਂ ਕਿਹਾ ਕਿ ਹਲਕਾ ਸਨੌਰ ਦੇ ਲੋਕਾਂ ’ਤੇ ਪਾਰਟੀ ਨੂੰ ਪਹਿਲਾਂ ਵੀ ਮਾਣ ਸੀ ਅਤੇ ਹੁਣ ਵੀ ਪੂਰਾ ਭਰੋਸਾ ਹੈ ਕਿ ਉਹ ਇਹ ਸੀਟ ਜਿੱਤ ਕੇ ਅਕਾਲੀ-ਭਾਜਪਾ ਗਠਜੋੜ ਦੀ ਝੋਲੀ ਪਾਉਣਗੇ। ਇਸ ਮੌਕੇ ਬਿਕਰਮ ਸਿੰਘ ਫਰੀਦਪੁਰ, ਸਵਰਨ ਸਿੰਘ ਰਾਨਵਾਂ, ਜੈ ਕਿਸ਼ਨ ਮਸੀਂਗਣ, ਗਣੇਸ਼ੀ ਲਾਲ, ਤਰਲੋਕ ਸਿੰਘ ਹਾਜੀਪੁਰ, ਪੂਰਨ ਚੰਦ, ਸਿਰੀ ਰਾਮ ਗੁਪਤਾ, ਅਮਿਤ ਬਧਵਾਰ, ਪਰਗਟ ਸਿੰਘ ਮਸੀਂਗਣ, ਜਗਦੀਸ਼ ਕੁਮਾਰ, ਸ਼ਾਮ ਲਾਲ, ਅਮਿਤ ਗੁਪਤਾ, ਅਰਵਿੰਦ ਕੁਮਾਰ, ਨਰੇਸ਼ ਕੁਮਾਰ, ਪਲਵਿੰਦਰ ਸਿੰਘ, ਗੁਰਮੁੱਖ ਸਿੰਘ ਸੁਹਾਗਹੇਡ਼ੀ, ਕੁਲਵੰਤ ਸਿੰਘ ਆਦਿ ਹਾਜ਼ਰ ਸਨ।