ਡੀਸੀ ਨੇ ਜ਼ਿਲ੍ਹਾ ਸਿਹਤ ਸੁਸਾਇਟੀ ਦੇ ਕੰਮ ਦੀ ਕੀਤੀ ਸਮੀਖਿਆ
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਸਿਹਤ ਸੁਸਾਇਟੀ ਦੇ ਕੰਮ ਦੀ ਕੀਤੀ ਸਮੀਖਿਆ
Publish Date: Tue, 17 Feb 2026 04:59 PM (IST)
Updated Date: Wed, 18 Feb 2026 04:04 AM (IST)

ਡੀਸੀ ਵੱਲੋਂ ਜ਼ਿਲ੍ਹੇ ’ਚ ਬਣ ਰਹੇ ਨਵੇਂ 16 ਆਮ ਆਦਮੀ ਕਲੀਨਿਕ ਦੇ ਕੰਮ ਦਾ ਜਾਇਜ਼ਾ ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ : ਡੀਸੀ ਰਾਹੁਲ ਚਾਬਾ ਨੇ ਜ਼ਿਲ੍ਹਾ ਸਿਹਤ ਸੁਸਾਇਟੀ ਦੀ ਮੀਟਿੰਗ ਦੌਰਾਨ ਸਿਹਤ ਵਿਭਾਗ ਦੇ ਕੰਮ ਕਾਜ ਦੀ ਸਮੀਖਿਆ ਕਰਦਿਆਂ ਜ਼ਿਲ੍ਹੇ ਵਿਚ ਨਵੇਂ ਬਣ ਰਹੇ 16 ਆਮ ਆਦਮੀ ਕਲੀਨਿਕਾਂ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ। ਉਨ੍ਹਾਂ ਲੋਕ ਨਿਰਮਾਣ ਵਿਭਾਗ ਤੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਨਵੇਂ ਬਣ ਰਹੇ ਆਮ ਆਦਮੀ ਕਲੀਨਿਕਾਂ ਦਾ ਕੰਮ ਸਮੇਂ ਸਿਰ ਮੁਕੰਮਲ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਜ਼ਿਲ੍ਹਾ ਵਾਸੀਆਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਜ਼ਰੂਰੀ ਹੈ ਕਿ ਕੰਮ ਨੂੰ ਸਮਾਂਬੱਧ ਤਰੀਕੇ ਨਾਲ ਮੁਕੰਮਲ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਸੰਗਰੂਰ ਜ਼ਿਲ੍ਹੇ ਵਿਚ ਬਣ ਰਹੇ 16 ਆਮ ਆਦਮੀ ਕਲੀਨਿਕਾਂ ਵਿਚੋਂ 8 ਸ਼ਹਿਰੀ ਖੇਤਰ ਵਿਚ 8 ਪੇਂਡੂ ਖੇਤਰ ਵਿਚ ਬਣਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿੰਡ ਦੀਦਾਰਗੜ੍ਹ, ਨਵਾਂ ਗਾਓ, ਉੱਪਲੀ, ਦੁਗਨੀ, ਖੇੜੀ ਜੱਟਾਂ, ਰਜਿੰਦਰਾ ਪੁਰੀ, ਬਾਮਲ ਅਤੇ ਧੂਰਾ ਵਿਖੇ ਆਮ ਆਦਮੀ ਕਲੀਨਿਕ ਬਣ ਰਹੇ ਹਨ, ਇਸੇ ਤਰ੍ਹਾਂ ਸ਼ਹਿਰੀ ਖੇਤਰ ਵਿਚ ਬਾਬਾ ਮਸਤ ਰਾਮ ਜੀ ਸਮਾਧ ਲਹਿਰਾ, ਡੀਈਓ ਪ੍ਰਾਇਮਰੀ ਦਫ਼ਤਰ ਸੰਗਰੂਰ, ਵਾਰਡ ਨੰਬਰ 4 ਝਾੜ ਵਾਲਾ ਪੁਲ ਸੜਕ ’ਤੇ ਚੀਮਾ, ਮੁੱਖ ਮੰਤਰੀ ਸਹਾਇਤਾ ਕੇਂਦਰ ਧੂਰੀ, ਸ੍ਰੀ ਗੁਰੂ ਰਵੀਦਾਸ ਦਰਬਾਰ ਹਾਲ ਮੂਨਕ, ਬੱਸ ਸਟੈਂਡ ਭਵਾਨੀਗੜ੍ਹ ਅਤੇ ਐੱਸਐੱਸਐੱਸਜੀ ਲੌਂਗੋਵਾਲ ਵਿਖੇ ਆਮ ਆਦਮੀ ਕਲੀਨਿਕ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਕਲੀਨਿਕ ਜ਼ਿਲ੍ਹੇ ਦੇ ਲੋਕਾਂ ਲਈ ਵੱਡੀ ਸਹੂਲਤ ਸਾਬਤ ਹੋਣਗੇ ਤੇ ਉਨ੍ਹਾਂ ਨੂੰ ਆਪਣੇ ਨੇੜੇ ਮੁਫ਼ਤ ਸਿਹਤ ਜਾਂਚ ਤੇ ਦਵਾਈਆਂ ਦੀ ਸਹੂਲਤ ਪ੍ਰਦਾਨ ਕਰਨਗੇ। ਇਸ ਮੌਕੇ ਐੱਸਡੀਐਮਜ਼, ਐੱਸਐੱਮਓਜ਼ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।