- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀਈਓ ਅਤੇ ਡਿਪਟੀ ਡੀਈਓ (ਐਲੀਮੈਂਟਰੀ) ਤੋਂ ਸੱਖਣਾ ਪਟਿਆਲਾ

ਪਰਗਟ ਸਿੰਘ•, ਪੰਜਾਬੀ ਜਾਗਰਣ•, ਪਟਿਆਲਾ : ਸਿੱਖਿਆ ਕ੍ਰਾਂਤੀ ਰਾਹੀਂ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਦੇ ਦਾਅਵੇ ਕਰਨ ਵਾਲੇ ਪੰਜਾਬ ਦੇ ਸਿੱਖਿਆ ਵਿਭਾਗ ’ਚ ਜ਼ਿਲ੍ਹੇ ਦਾ ਐਲੀਮੈਂਟਰੀ ਸਿੱਖਿਆ ਵਿਭਾਗ ਇਨ੍ਹੀਂ ਦਿਨੀਂ ਮੁਖੀ ਅਧਿਕਾਰੀਆਂ ਤੋਂ ਸੱਖਣਾ ਹੋਇਆ ਪਿਆ ਹੈ। ਡੀਈਓ (ਐਲੀਮੈਂਟਰੀ) ਦੀ ਬਦਲੀ ਹੋਣ ਅਤੇ ਉੱਪ ਡੀਈਓ (ਐਲੀਮੈਂਟਰੀ) ਦੇ ਸੇਵਾਮੁਕਤ ਹੋਣ ਤੋਂ ਬਾਅਦ ਦੋਵੇਂ ਅਹਿਮ ਅਹੁਦੇ ਖਾਲੀ ਪਏ ਹਨ। ਇਸ ਕਾਰਨ ਵਿਭਾਗ ਦੇ ਰੋਜ਼ਾਨਾ ਕੰਮਕਾਜ ਅਤੇ ਅਧਿਆਪਕਾਂ ਨਾਲ ਸਬੰਧਤ ਪ੍ਰਸ਼ਾਸਨਿਕ ਮਾਮਲਿਆਂ ਦੇ ਨਿਪਟਾਰੇ ’ਚ ਮੁਸ਼ਕਲਾਂ ਆ ਰਹੀਆਂ ਹਨ। ਭਾਵੇਂ ਸਿੱਖਿਆ ਵਿਭਾਗ ਵੱਲੋਂ ਆਰਜ਼ੀ ਪ੍ਰਬੰਧ ਵਜੋਂ ਇਨ੍ਹਾਂ ਦੋਵਾਂ ਅਹੁਦਿਆਂ ਦਾ ਚਾਰਜ ਡੀਈਓ (ਸੈਕੰਡਰੀ) ਨੂੰ ਸੌਂਪਿਆ ਗਿਆ ਹੈ ਪਰ ਇਹ ਪ੍ਰਬੰਧ ਵੀ ਐਲੀਮੈਂਟਰੀ ਸਿੱਖਿਆ ਵਿੰਗ ਦੀਆਂ ਸਮੱਸਿਆਵਾਂ ਦਾ ਪੱਕਾ ਹੱਲ ਨਹੀਂ ਬਣ ਸਕਿਆ। ਜਾਣਕਾਰੀ ਅਨੁਸਾਰ ਡੀਈਓ (ਸੈਕੰਡਰੀ ਸਿੱਖਿਆ) ਦੀ ਨਵੀਂ ਜੁਆਇਨਿੰਗ ਹੋਣ ਤੋਂ ਬਾਅਦ ਉਨ੍ਹਾਂ ਦਾ ਜ਼ਿਆਦਾਤਰ ਸਮਾਂ ਫੀਲਡ ’ਚ ਬੀਤ ਰਿਹਾ ਹੈ। ਸਕੂਲਾਂ ਦੇ ਦੌਰੇ, ਨਿਰੀਖਣ ਅਤੇ ਹੋਰ ਵਿਭਾਗੀ ਜ਼ਿੰਮੇਵਾਰੀਆਂ ਕਾਰਨ ਦਫ਼ਤਰੀ ਕੰਮਾਂ ਲਈ ਲੋੜੀਂਦਾ ਸਮਾਂ ਨਹੀਂ ਮਿਲ ਰਿਹਾ। ਇਸ ਦਾ ਨਤੀਜਾ ਇਹ ਹੈ ਕਿ ਐਲੀਮੈਂਟਰੀ ਸਿੱਖਿਆ ਨਾਲ ਸਬੰਧਤ ਕਈ ਫਾਈਲਾਂ ਦੇ ਨਿਪਟਾਰੇ ’ਚ ਦੇਰੀ ਹੋ ਰਹੀ ਹੈ। ਅਧਿਆਪਕਾਂ ਦੀਆਂ ਸੇਵਾ ਸਬੰਧੀ ਸਮੱਸਿਆਵਾਂ, ਪ੍ਰਸ਼ਾਸਨਿਕ ਪ੍ਰਵਾਨਗੀਆਂ ਅਤੇ ਹੋਰ ਜ਼ਰੂਰੀ ਮਾਮਲਿਆਂ ਨੂੰ ਲੈ ਕੇ ਸਬੰਧਤ ਲੋਕਾਂ ਨੂੰ ਉਡੀਕ ਕਰਨੀ ਪੈ ਰਹੀ ਹੈ। ਕੁਝ ਅਧਿਆਪਕਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਦੋਵੇਂ ਅਹੁਦੇ ਲੰਬੇ ਸਮੇਂ ਤੱਕ ਖਾਲੀ ਰਹਿਣ ਨਾਲ ਅਧਿਆਪਕਾਂ ਤੇ ਸਕੂਲਾਂ ਨੂੰ ਪ੍ਰਸ਼ਾਸਨਿਕ ਕੰਮਾਂ ਲਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਵਿਭਾਗ ਵੱਲੋਂ ਸਮੇਂ ਸਿਰ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਜਾਵੇ ਤਾਂ ਕੰਮਕਾਜ ’ਚ ਤੇਜ਼ੀ ਆ ਸਕਦੀ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਸਰਕਾਰ ਸਿੱਖਿਆ ਕ੍ਰਾਂਤੀ ਅਤੇ ਸਕੂਲਾਂ ਵਿੱਚ ਸੁਧਾਰਾਂ ਦੀ ਗੱਲ ਕਰ ਰਹੀ ਹੈ, ਦੂਜੇ ਪਾਸੇ ਜ਼ਿਲ੍ਹਾ ਪੱਧਰ ’ਤੇ ਐਲੀਮੈਂਟਰੀ ਸਿੱਖਿਆ ਦੀ ਅਗਵਾਈ ਕਰਨ ਵਾਲੇ ਦੋਵੇਂ ਅਹਿਮ ਅਹੁਦੇ ਖਾਲੀ ਹੋਣਾ ਚਿੰਤਾ ਦਾ ਵਿਸ਼ਾ ਹੈ।