ਡੇਂਗੂ ਦਾ ਖਤਰਾ ਹਾਲੇ ਟਲਿਆ ਨਹੀਂ, ਲੋਕ ਸੁਚੇਤ ਰਹਿਣ : ਡਾ. ਗੁਰਪ੍ਰੀਤ ਡੇਂਗੂ ਦਾ ਖਤਰਾ ਹਾਲੇ ਟਲਿਆ ਨਹੀਂ- ਲੋਕ ਸੁਚੇਤ ਰਹਿਣ- ਐਪੀਡੋਮੌਲੋਜਿਸਟ ਡਾ. ਗੁਰਪ੍ਰੀਤ ਕੌਰ
Publish Date: Mon, 02 Nov 2026 04:49 PM (IST)
Updated Date: Mon, 02 Nov 2026 04:50 PM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, •ਪਟਿਆਲਾ : ਸਿਵਲ ਸਰਜਨ ਪਟਿਆਲਾ ਡਾ. ਸੈਲੀ ਜੇਤਲੀ ਦੀ ਅਗਵਾਈ ’ਚ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜ਼ਿਲ੍ਹੇ ’ਚ ਪੈਂਦੇ ਹੌਟਸਪੌਟ ਖੇਤਰਾਂ ਤੇ ਸਲੱਮ ਏਰੀਆ ’ਚ ਡੇਂਗੂ ਵਿਰੋਧੀ ਡਰਾਈ ਡੇਅ ਗਤੀਵਿਧੀਆਂ ਕੀਤੀਆਂ ਗਈਆਂ। ਇਸ ਦੌਰਾਨ ਕ੍ਰਿਸ਼ਨਾ ਕਾਲੋਨੀ, ਰਾਘੋਮਾਜਰਾ, ਅਨੰਦ ਨਗਰ, ਆਜ਼ਾਦ ਨਗਰ, ਵਿਰਕ ਕਾਲੋਨੀ ਆਦਿ ਥਾਂਵਾਂ ’ਤੇ ਘਰਾਂ ’ਚ ਡੇਂਗੂ ਦੇ ਲਾਰਵੇ ਦੀ ਜਾਂਚ ਕੀਤੀ ਗਈ ਅਤੇ ਕਈ ਥਾਵਾਂ ’ਤੇ ਮਿਲਿਆ ਲਾਰਵਾ ਮੌਕੇ ’ਤੇ ਹੀ ਨਸ਼ਟ ਕਰਵਾਇਆ ਗਿਆ। ਮੌਸਮ ਨੂੰ ਧਿਆਨ ’ਚ ਰੱਖਦਿਆਂ ਸਿਵਲ ਸਰਜਨ ਡਾ. ਸ਼ੈਲੀ ਜੇਤਲੀ ਵੱਲੋਂ ਸਮੂਹ ਪਟਿਆਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਡੇਂਗੂ ਦੇ ਫੈਲਾਅ ਨੂੰ ਰੋਕਣ ਲਈ ਆਪਣੇ ਘਰਾਂ ਵਾਂਗ ਹੀ ਆਪਣੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਣ ਤੇ ਘਰਾਂ ਦੇ ਅੰਦਰ ਪਈਆਂ ਖਾਲੀ ਚੀਜ਼ਾਂ ’ਚ ਪਾਣੀ ਇੱਕਠਾ ਨਾ ਹੋਣ ਦੇਣ। ਜ਼ਿਲ੍ਹਾ ਐਪੀਡੋਮੌਲੋਜਿਸਟ ਡਾ. ਗੁਰਪ੍ਰੀਤ ਕੌਰ ਨੇ ਆਖਿਆ ਕਿ ਇਹ ਮੌਸਮ ਡੇਂਗੂ ਦੇ ਲਾਰਵੇ ਨੂੰ ਪਨਪਣ ਲਈ ਸਹਾਇਕ ਹੈ, ਇਸ ਲਈ ਆਪਣੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਿਆ ਜਾਵੇ ਤੇ ਘਰਾਂ ਦੇ ਨੇੜੇ ਤੇੜੇ ਪਾਣੀ ਨਾ ਖੜ੍ਹਾ ਹੋਣ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਇਸ ਵਾਰੀ ਸਮੁੱਚੇ ਪਟਿਆਲਾ ’ਚ ਹੁਣ ਤੱਕ 69 ਡੇਂਗੂ ਦੇ ਕੇਸ ਪਾਏ ਗਏ ਹਨ। ਡੇਂਗੂ ਵਿਰੋਧੀ ਚਲਾਏ ਡਰਾਈ ਡੇਅ ਅਭਿਆਨ ਅਧੀਨ ਇਸ ਹਫਤੇ ਜ਼ਿਲ੍ਹੇ ਭਰ ਦੇ 19349 ਘਰਾਂ ’ਚ ਪਹੰਚ ਕੇ ਡੇਂਗੂ ਲਾਰਵੇ ਦੀ ਚੈਕਿੰਗ ਕੀਤੀ ਤੇ 93 ਥਾਂਵਾਂ ’ਤੇ ਮਿਲੇ ਲਾਰਵੇ ਨੂੰ ਟੀਮਾਂ ਵੱਲੋਂ ਮੌਕੇ ’ਤੇ ਹੀ ਨਸ਼ਟ ਕਰਵਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਹੁਣ ਤਕ ਸਿਹਤ ਟੀਮਾਂ ਵੱਲੋਂ ਡਰਾਈ ਡੇਅ ਮੁਹਿੰਮ ਤਹਿਤ 1231082 ਘਰਾਂ ਦਾ ਸਰਵੇ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ’ਚ 8916 ਥਾਂਵਾਂ ’ਤੇ ਮਿਲੇ ਲਾਰਵੇ ਨੂੰ ਟੀਮਾਂ ਵੱਲੋਂ ਮੌਕੇ ’ਤੇ ਹੀ ਨਸ਼ਟ ਕਰਵਾ ਦਿੱਤਾ ਗਿਆ ਹੈ।