- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੇਂਗੂ ਦਾ ਖਤਰਾ ਹਾਲੇ ਟਲਿਆ ਨਹੀਂ, ਅੰਕੜਾ 65 ’ਤੇ ਪਹੁੰਚਿਆ

ਸਟਾਫ ਰਿਪੋਰਟਰ, •ਪੰਜਾਬੀ ਜਾਗਰਣ,• ਪਟਿਆਲਾ : ਠੰਢ ਸ਼ੁਰੂ ਹੋਣ ਵਾਲੀ ਹੈ ਤੇ ਡੇਂਗੂ ਦਾ ਸੀਜਨ ਅੰਤਲੇ ਪੜਾਅ ਵੱਲ ਹੈ ਪ੍ਰੰਤੂ ਡੇਂਗੂ ਦਾ ਖਤਰਾ ਹਾਲੇ ਟਲਿਆ ਨਹੀਂ ਹੈ। ਪਿਛਲੇ ਦਿਨਾਂ ਤੋਂ ਕਈ ਵਾਰ ਹੋਈ ਬਰਸਾਤ ਕਾਰਨ ਡੇਂਗੂ ਦਾ ਲਾਰਵਾਂ ਹਾਲੇ ਵੀ ਵੱਡੇ ਪੱਧਰ ’ਤੇ ਪੈਦਾ ਹੋ ਰਿਹਾ ਹੈ, ਜਿਸ ਨੂੰ ਸਿਹਤ ਵਿਭਾਗ ਵੱਲੋਂ ਨਸ਼ਟ ਕਰਵਾ ਕੇ ਲੋਕਾਂ ਨੂੰ ਡੇਂਗੂ ਲਾਰਵੇ ਤੋਂ ਸਾਵਧਾਨੀ ਰੱਖਣ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਸਿਹਤ ਵਿਭਾਗ ਅਨੁਸਾਰ ਨਵੰਬਰ ਮਹੀਨੇ ਤੱਕ ਡੇਂਗੂ ਦਾ ਡੰਗ ਤੇਜ਼ ਰਹਿੰਦਾ ਹੈ, ਜਿਸ ਤੋਂ ਬਚਣ ਦੀ ਲੋੜ ਹੈ। ਹੁਣ ਤੱਕ ਜ਼ਿਲ੍ਹਾ ਪਟਿਆਲਾ ਵਿੱਚ 65 ਡੇਂਗੂ ਦੇ ਕੇਸ ਮਿਲੇ ਹਨ, ਜੋ ਕਿ ਪਿਛਲੇ ਸਾਲ ਇਨ੍ਹਾਂ ਦਿਨਾਂ ਤੱਕ ਅੰਕੜਾ 449 ਸੀ। ਸਿਹਤ ਵਿਭਾਗ ਦਾ ਭਾਵੇ ਦਾਅਵਾ ਹੈ ਕਿ ਇਸ ਸੀਜਨ ਦੌਰਾਨ ਹਾਲੇ ਤੱਕ ਨਾ ਮਾਤਰ ਕੇਸ ਹੀ ਰਿਪੋਰਟ ਹੋਏ ਹਨ ਪ੍ਰੰਤੂ ਸੂਤਰਾਂ ਅਨੁਸਾਰ ਡੇਂਗੂ ਦੀ ਟੈਸਟਿੰਗ ਹੀ ਘੱਟ ਹੋ ਰਹੀ, ਜਿਸ ਕਾਰਨ ਅੰਕੜਾ ਘੱਟ ਹੈ ਜਦੋਂ ਕਿ ਅਸਲ ਸਥਿਤੀ ਕੁਝ ਹੋਰ ਹੈ। ਪਿਛਲੇ ਕਈ ਦਿਨਾਂ ਤੋਂ ਬੁਖਾਰ, ਤੇਜ਼ ਖੰਗ, ਸਰੀਰ ਦਰਦ, ਥਕਾਵਟ ਆਦਿ ਲੱਛਣਾ ਦੇ ਕੇਸ ਵਧਣ ਲੱਗੇ ਹਨ, ਜੋ ਕਿ ਡੇਂਗੂ ਲੱਖਣ ਹੋ ਸਕਦੇ ਹਨ। ਓਪੀਡੀ ’ਚ ਅਜਿਹੇ ਕੇਸਾਂ ਦੀ ਗਿਣਤੀ ਵਧੀ ਹੈ। ਸਿਵਲ ਸਰਜਨ ਪਟਿਆਲਾ ਡਾ.ਸ਼ੈਲੀ ਜੇਤਲੀ ਦੀ ਅਗਵਾਈ ਹੇਠ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪਟਿਆਲਾ ਜ਼ਿਲ੍ਹੇ ਡੇਂਗੂ ਦੇ ਹਾਟ ਸਪਾਟ ਏਰੀਆ ਵਿਚ ਡਰਾਈ ਡੇਅ ਫਾਰਈ ਡੇਅ ਮੁਹਿੰਮ ਤਹਿਤ ਡੇਂਗੂ ਵਿਰੋਧੀ ਗਤੀਵਿਧੀਆਂ ਕੀਤੀਆਂ ਗਈਆਂ। ਇਸ ਦੌਰਾਨ ਸੇਵਕ ਕਲੋਨੀ,ਗੂਰੂ ਨਾਨਕ ਨਗਰ, ਭਾਰਤ ਨਗਰ,ਜੁਝਾਰ ਨਗਰ,ਇੰਦਰਾ ਕਲੋਨੀ ਆਦਿ ਥਾਵਾਂ `ਤੇ ਡੇਂਗੂ ਦੇ ਲਾਰਵੇ ਦੀ ਜਾਂਚ ਕੀਤੀ ਗਈ। ਇਸ ਦੌਰਾਨ ਗਮਲਿਆਂ, ਕੂਲਰਾਂ, ਪੰਛੀਆਂ ਤੇ ਜਾਨਵਰਾਂ ਦੇ ਪਾਣੀ ਲਈ ਰੱਖੇ ਭਾਂਡੇ ਆਦਿ ਚੈਕ ਕੀਤੇ ਗਏ। ਜਿਨ੍ਹਾਂ ਥਾਵਾਂ `ਤੇ ਡੇਂਗੂ ਦਾ ਲਾਰਵਾ ਮਿਲਿਆ ਉਸ ਨੂੰ ਮੌਕੇ `ਤੇ ਨਸ਼ਟ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਡਾ.ਸ਼ੈਲੀ ਜੇਤਲੀ ਨੇ ਕਿਹਾ ਕਿ ਡੇਂਗੂ ਦੇ ਫੈਲਾਅ ਨੂੰ ਰੋਕਣ ਲਈ ਹਾਟ ਸਪਾਟ ਏਰੀਆ ਨੂੰ ਟਾਰਗੇਟ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਡੀਆਂ ਟੀਮਾਂ ਵੱਲੋ ਘਰ-ਘਰ ਜਾ ਕੇ ਡੇਂਗੂ ਦਾ ਲਾਰਵਾ ਚੈਕ ਕੀਤਾ ਗਿਆ ਹੈ, ਟੀਮਾਂ ਵੱਲੋਂ ਡੇਂਗੂ ਦੇ ਫੈਲਣ ਦੇ ਕਾਰਨਾ, ਲੱਛਣਾਂ ਅਤੇ ਬਚਾਅ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ ਤਾਂ ਜੋ ਡੇਂਗੂ ਦੇ ਮੱਛਰ ਨੂੰ ਪੈਦਾ ਹੀ ਨਾ ਹੋਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਡੇਂਗੂ ਨੂੰ ਖਤਮ ਕਰਨ ਲਈ ਸਾਂਝੇ ਯਤਨਾਂ ਦੀ ਜ਼ਰੂਰਤ ਹੈ। ਸਿਹਤ ਵਿਭਾਗ ਦੀ ਮੁਹਿੰਮ ਵਿਚ ਸਾਰਿਆ ਨੂੰ ਬਰਾਬਰ ਦਾ ਭਾਗੀਦਾਰ ਬਣ ਕੇ ਡੇਂਗੂ ਦੇ ਖਾਤਮੇ ਲਈ ਯਤਨ ਕਰਨੇ ਚਾਹੀਦੇ ਹਨ। ਜ਼ਿਲ੍ਹਾ ਐਪੀਡੋਮੋਲੋਜਿਸਟ ਡਾ.ਗੁਰਪ੍ਰੀਤ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਭਰ ਵਿਚ 16971 ਥਾਂਵਾਂ `ਤੇ ਪਹੰਚ ਕੇ ਡੇਂਗੂ ਲਾਰਵੇ ਦੀ ਚੈਕਿੰਗ ਕੀਤੀ ਗਈ ਤੇ 92 ਥਾਂਵਾਂ ’ਤੇ ਮਿਲੇ ਲਾਰਵੇ ਨੂੰ ਟੀਮਾਂ ਵੱਲੋਂ ਮੌਕੇ ’ਤੇ ਹੀ ਨਸ਼ਟ ਕਰਵਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਹੁਣ ਤੱਕ ਸਿਹਤ ਟੀਮਾਂ ਵੱਲੋਂ ਡਰਾਈ ਡੇਅ ਮੁਹਿੰਮ ਤਹਿਤ 1186546 ਘਰਾਂ ਦਾ ਸਰਵੇ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ’ਚ 8631 ਥਾਂਵਾਂ ਤੇ ਲਾਰਵਾ ਮਿਲਿਆ ਜਿਸ ਨੂੰ ਟੀਮਾਂ ਵੱਲੋਂ ਮੌਕੇ ’ਤੇ ਹੀ ਨਸ਼ਟ ਕਰਵਾ ਦਿੱਤਾ ਗਿਆ ਅਤੇ ਸਬੰਧਤ ਪਰਿਵਾਰਾਂ ਨੂੰ ਅਗਾਂਹ ਲਈ ਬਚਾਅ ਸਬੰਧੀ ਜਾਗਰੂਕ ਕੀਤਾ ਗਿਆ। ਉਹਨਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹਾ ਪਟਿਆਲਾ ਵਿੱਚ 65 ਡੇਂਗੂ ਦੇ ਕੇਸ ਮਿਲੇ ਹਨ।