ਅਹਿਮਦਗੜ੍ਹ ਹਾਈ ਸਕੂਲ ਅਪਗ੍ਰੇਡ ਕਰਨ ਦੀ ਮੰਗ ਅਹਿਮਦਗੜ੍ਹ ਹਾਈ ਸਕੂਲ ਅਪਗ੍ਰੇਡ ਕਰਨ ਦੀ ਮੰਗ
Publish Date: Wed, 04 Nov 2026 03:41 PM (IST)
Updated Date: Thu, 05 Nov 2026 04:02 AM (IST)
ਵਿਧਾਇਕ ਗੱਜਣਮਾਜਰਾ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਕੋਲ ਮਾਮਲਾ ਉਠਾਉਣ : ਵਿੱਕੀ ਸ਼ਰਮਾ ਮਹਾਂਵੀਰ ਗੋਇਲ, ਪੰਜਾਬੀ ਜਾਗਰਣ, ਅਹਿਮਦਗੜ੍ਹ : ਸ਼ਹਿਰ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਘਾਟ ਨੂੰ ਦੂਰ ਕਰਨ ਲਈ ਸਾਬਕਾ ਨਗਰ ਕੌਂਸਲ ਪ੍ਰਧਾਨ ਅਤੇ ਮੌਜੂਦਾ ਕੌਂਸਲਰ ਵਿਕਾਸ ਕ੍ਰਿਸ਼ਨ ਵਿੱਕੀ ਸ਼ਰਮਾ ਨੇ ਪੀਐੱਮ ਸ੍ਰੀ ਸਰਕਾਰੀ ਹਾਈ ਸਕੂਲ ਨੂੰ ਅਪਗ੍ਰੇਡ ਕਰਕੇ ਸੀਨੀਅਰ ਸੈਕੰਡਰੀ ਸਕੂਲ ਦਾ ਦਰਜਾ ਦੇਣ ਦੀ ਮੰਗ ਉਠਾਈ ਹੈ। ਇਸ ਸਬੰਧੀ ਉਨ੍ਹਾਂ ਨੇ ਹਲਕਾ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੂੰ ਵਿਸ਼ੇਸ਼ ਤੌਰ ’ਤੇ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਨੂੰ ਸਰਕਾਰ ਦੇ ਧਿਆਨ ਵਿੱਚ ਲਿਆਉਣ। ਵਿੱਕੀ ਸ਼ਰਮਾ ਨੇ ਕਿਹਾ ਕਿ 40 ਹਜ਼ਾਰ ਤੋਂ ਵੱਧ ਆਬਾਦੀ ਵਾਲੇ ਅਹਿਮਦਗੜ੍ਹ ਸ਼ਹਿਰ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾ ਹੋਣ ਕਾਰਨ ਦਸਵੀਂ ਪਾਸ ਕਰਨ ਤੋਂ ਬਾਅਦ ਵਿਦਿਆਰਥੀਆਂ ਨੂੰ ਅਗਲੀ ਪੜ੍ਹਾਈ ਲਈ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਜਾਣਾ ਪੈਂਦਾ ਹੈ। ਇਸ ਨਾਲ ਜਿੱਥੇ ਬੱਚਿਆਂ ਦਾ ਕੀਮਤੀ ਸਮਾਂ ਖਰਚ ਹੁੰਦਾ ਹੈ, ਉੱਥੇ ਹੀ ਮਾਪਿਆਂ ’ਤੇ ਵਾਧੂ ਆਰਥਿਕ ਬੋਝ ਵੀ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਪੀਐੱਮ ਸ੍ਰੀ ਸਰਕਾਰੀ ਹਾਈ ਸਕੂਲ ਵਿੱਚ ਇਸ ਸਮੇਂ ਲਗਭਗ 250 ਤੋਂ 300 ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਹਨ। ਸਕੂਲ ਕੋਲ ਆਪਣੀ ਇਮਾਰਤ, ਆਧੁਨਿਕ ਪ੍ਰੋਜੈਕਟਰ ਅਤੇ ਹੋਰ ਲੋੜੀਂਦਾ ਬੁਨਿਆਦੀ ਢਾਂਚਾ ਮੌਜੂਦ ਹੈ। ਅਜਿਹੇ ਵਿੱਚ ਸਕੂਲ ਨੂੰ ਅਪਗ੍ਰੇਡ ਕਰਨਾ ਇਲਾਕੇ ਦੇ ਵਿਦਿਆਰਥੀਆਂ ਲਈ ਵੱਡੀ ਸਹੂਲਤ ਸਾਬਤ ਹੋ ਸਕਦਾ ਹੈ। ਸਾਬਕਾ ਪ੍ਰਧਾਨ ਨੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੂੰ ਅਪੀਲ ਕੀਤੀ ਕਿ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਨਾਲ ਇਹ ਮਾਮਲਾ ਉਠਾ ਕੇ ਸਕੂਲ ਨੂੰ ਸੀਨੀਅਰ ਸੈਕੰਡਰੀ ਪੱਧਰ ਤੱਕ ਅਪਗ੍ਰੇਡ ਕਰਵਾਉਣ ਲਈ ਠੋਸ ਯਤਨ ਕਰਨ, ਤਾਂ ਜੋ ਅਹਿਮਦਗੜ੍ਹ ਅਤੇ ਨੇੜਲੇ ਪਿੰਡਾਂ ਦੇ ਬੱਚਿਆਂ ਨੂੰ ਆਪਣੇ ਇਲਾਕੇ ਵਿੱਚ ਹੀ ਬਾਰ੍ਹਵੀਂ ਤੱਕ ਦੀ ਸਿੱਖਿਆ ਹਾਸਲ ਕਰਨ ਦਾ ਮੌਕਾ ਮਿਲ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ ਦੇ ਯਤਨਾਂ ਸਦਕਾ ਮੁਹੱਲਾ ਅਮਰਪੁਰਾ ਵਿੱਚ ਚੱਲ ਰਹੇ ਮਿਡਲ ਸਕੂਲ ਨੂੰ ਹਾਈ ਸਕੂਲ ਵਜੋਂ ਅਪਗ੍ਰੇਡ ਕਰਨ ਦੀ ਸ਼ੁਰੂਆਤ ਹੋਈ ਸੀ, ਜਦਕਿ ਬਾਅਦ ਵਿੱਚ ਕਾਂਗਰਸ ਸਰਕਾਰ ਦੇ ਸਮੇਂ ਸਾਬਕਾ ਵਿਧਾਇਕ ਧੀਮਾਨ ਵੱਲੋਂ ਬਾਕੀ ਕਾਰਜ ਮੁਕੰਮਲ ਕਰਵਾਉਂਦਿਆਂ ਸਕੂਲ ਨੂੰ ਮੌਜੂਦਾ ਇਮਾਰਤ ਵਿੱਚ ਸ਼ਿਫਟ ਕਰਵਾਇਆ ਗਿਆ ਸੀ।