- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਿਫਟ ਹੋ ਰਿਹਾ ਕੇਂਦਰੀ ਜੀਐੱਸਟੀ ਦਫ਼ਤਰ ਰਾਜਪੁਰਾ ’ਚ ਹੀ ਰੱਖਣ ਦੀ ਕੀਤੀ ਮੰਗ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਰਾਜਪੁਰਾ ਟੈਕਸੇਸ਼ਨ ਬਾਰ ਦਾ ਇੱਕ ਵਫ਼ਦ ਚੇਅਰਮੈਨ ਐਡਵੋਕੇਟ ਚਿਰੰਜੀਵ ਖੁਰਾਨਾ ਅਤੇ ਪ੍ਰਧਾਨ ਐਡਵੋਕੇਟ ਨਵਦੀਪ ਅਰੋੜਾ ਦੀ ਅਗਵਾਈ ਹੇਠ ਚੰਡੀਗੜ੍ਹ ਵਿਖੇ ਸੈਂਟਰਲ ਗੁੱਡਜ਼ ਐਂਡ ਸਰਵਿਸਿਜ਼ ਟੈਕਸ (ਸੀਜੀਐੱਸਟੀ) ਦੇ ਚੀਫ਼ ਕਮਿਸ਼ਨਰ ਸ਼ੁਭ ਚਿੰਤਨ ਨੂੰ ਮਿਲਿਆ। ਇਸ ਮੌਕੇ ਰਾਜਪੁਰਾ ਫੋਕਲ ਪੁਆਇੰਟ ਇੰਡਸਟਰੀਅਲ ਐਸੋਸੀਏਸ਼ਨ ਦੇ ਪ੍ਰਧਾਨ ਦੀਪਕ ਸ਼੍ਰੀਵਾਸਤਵ ਅਤੇ ਸਕੱਤਰ ਤੇਜਿੰਦਰ ਕਮਲੇਸ਼ ਵੀ ਆਪਣੀ ਟੀਮ ਸਮੇਤ ਵਫ਼ਦ ਵਿਚ ਸ਼ਾਮਲ ਹੋਏ। ਵਫ਼ਦ ਵੱਲੋਂ ਚੀਫ਼ ਕਮਿਸ਼ਨਰ ਸ਼ੁਭ ਚਿੰਤਨ ਨੂੰ ਗੁਲਦਸਤਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਉਪਰੰਤ ਵਫ਼ਦ ਨੇ ਰਾਜਪੁਰਾ ਤੋਂ ਪਟਿਆਲਾ ਸ਼ਿਫਟ ਕੀਤੇ ਜਾ ਰਹੇ ਕੇਂਦਰੀ ਜੀਐੱਸਟੀ ਦਫ਼ਤਰ ਨੂੰ ਰਾਜਪੁਰਾ ਵਿਖੇ ਹੀ ਰੱਖਣ ਦੀ ਮੰਗ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਟੈਕਸੇਸ਼ਨ ਬਾਰ ਦੇ ਨੁਮਾਇੰਦਿਆਂ ਨੇ ਕਿਹਾ ਕਿ ਰਾਜਪੁਰਾ ਨੂੰ ਪੰਜਾਬ ਦਾ ‘ਗੇਟਵੇਅ ਆਫ਼ ਪੰਜਾਬ’ ਕਿਹਾ ਜਾਂਦਾ ਹੈ ਅਤੇ ਜੀਐੱਸਟੀ ਰੈਵੇਨਿਊ ਦੇ ਪੱਖੋਂ ਵੀ ਇੱਥੇ ਦਫ਼ਤਰ ਦੀ ਮੌਜੂਦਗੀ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਜੇਕਰ ਦਫ਼ਤਰ ਪਟਿਆਲਾ ਸ਼ਿਫਟ ਹੋ ਜਾਂਦਾ ਹੈ ਤਾਂ ਟੈਕਸ ਪ੍ਰੋਫੈਸ਼ਨਲਾਂ ਅਤੇ ਕਾਰੋਬਾਰੀਆਂ ਨੂੰ ਛੋਟੇ-ਛੋਟੇ ਕੰਮਾਂ ਲਈ ਵੀ ਪਟਿਆਲਾ ਜਾਣਾ ਪਵੇਗਾ, ਜਿਸ ਨਾਲ ਸਮੇਂ ਅਤੇ ਈਂਧਨ ਦੀ ਵਾਧੂ ਖਪਤ ਹੋਵੇਗੀ। ਟੈਕਸੇਸ਼ਨ ਬਾਰ ਦੇ ਜਨਰਲ ਸਕੱਤਰ ਐਡਵੋਕੇਟ ਗੌਰਵ ਖੁਰਾਨਾ ਨੇ ਕਿਹਾ ਕਿ ਸਰਕਾਰ ਵੱਲੋਂ ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਇਸ ਲਈ ਅਜਿਹੇ ਸਮੇਂ ’ਚ ਜੀਐੱਸਟੀ ਦਫ਼ਤਰ ਨੂੰ ਰਾਜਪੁਰਾ ਤੋਂ ਪਟਿਆਲਾ ਸ਼ਿਫਟ ਕਰਨਾ ਉਚਿਤ ਨਹੀਂ ਹੋਵੇਗਾ। ਇਸੇ ਤਰ੍ਹਾਂ ਰਾਜਪੁਰਾ ਫੋਕਲ ਪੁਆਇੰਟ ਇੰਡਸਟਰੀਅਲ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਕਿਹਾ ਕਿ ਰਾਜਪੁਰਾ ਆਉਣ ਵਾਲੇ ਸਮੇਂ ਵਿੱਚ ਇੱਕ ਵੱਡੇ ਉਦਯੋਗਿਕ ਹੱਬ ਵਜੋਂ ਵਿਕਸਤ ਹੋਣ ਜਾ ਰਿਹਾ ਹੈ। ਅਜਿਹੇ ਹਾਲਾਤ ਵਿਚ ਇੱਥੋਂ ਜੀਐੱਸਟੀ ਦਫ਼ਤਰ ਨੂੰ ਸ਼ਿਫਟ ਕਰਨਾ ਉਦਯੋਗਿਕ ਅਤੇ ਵਪਾਰਕ ਗਤੀਵਿਧੀਆਂ ਦੇ ਮੱਦੇਨਜ਼ਰ ਉਚਿਤ ਨਹੀਂ ਲੱਗਦਾ। ਇਸ ਮੌਕੇ ਚੀਫ਼ ਕਮਿਸ਼ਨਰ ਸ਼ੁਭ ਚਿੰਤਨ ਨੇ ਆਪਣਾ ਪੱਖ ਰੱਖਦਿਆਂ ਦੱਸਿਆ ਕਿ ਪਟਿਆਲਾ ਵਿਖੇ ਜੀਐੱਸਟੀ ਵਿਭਾਗ ਦੀ ਆਪਣੀ ਇਮਾਰਤ ਮੌਜੂਦ ਹੈ, ਜਦਕਿ ਰਾਜਪੁਰਾ ਸਥਿਤ ਇਮਾਰਤ ਲਈ ਕਿਰਾਇਆ ਦੇਣਾ ਪੈਂਦਾ ਹੈ। ਅਖੀਰ ਵਿਚ ਰਾਜਪੁਰਾ ਟੈਕਸੇਸ਼ਨ ਬਾਰ ਵੱਲੋਂ ਚੀਫ਼ ਕਮਿਸ਼ਨਰ ਨੂੰ ਇਕ ਮੰਗ ਪੱਤਰ ਸੌਂਪਦਿਆਂ ਕੇਂਦਰੀ ਜੀਐੱਸਟੀ ਦਫ਼ਤਰ ਨੂੰ ਰਾਜਪੁਰਾ ਵਿਖੇ ਹੀ ਰੱਖਣ ਦੀ ਅਪੀਲ ਕੀਤੀ ਗਈ। ਚੀਫ਼ ਕਮਿਸ਼ਨਰ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਹ ਇਸ ਮਾਮਲੇ ਸਬੰਧੀ ਆਪਣੇ ਉੱਚ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕਰਨਗੇ।