
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਹਾਈਵੇਅ ਜਾਮ ਕਰਨ ਵਾਲਿਆਂ ਖਿਲਾਫ ਦਰਜ ਪਰਚਾ ਰੱਦ ਕਰਨ ਦੀ ਮੰਗ

ਹਰਜੀਤ ਸਿੰਘ ਨਿੱਝਰ, ਪੰਜਾਬੀ ਜਾਗਰਣ, ਬਹਾਦਰਗੜ੍ਹ : ਪਿਛਲੇ ਦਿਨੀਂ ਪਟਿਆਲਾ ਰਾਜਪੁਰਾ ਰੋਡ ਦੀ ਮਾੜੀ ਹਾਲਤ ਦੀ ਸੁਧਾਰ ਦੀ ਮੰਗ ਨੂੰ ਲੈ ਕੇ ਜੋ ਇਲਾਕਾ ਵਾਸੀਆਂ ਵਲੋਂ ਨੈਸ਼ਨਲ ਹਾਈਵੇ ਜਾਮ ਕਰਕੇ ਧਰਨਾ ਲਾਇਆ ਗਿਆ ਸੀ ਤੇ ਬਾਅਦ ’ਚ ਅਰਬਨ ਅਸਟੇਟ ਪੁਲਿਸ ਥਾਣੇ ’ਚ 50 ਦੇ ਕਰੀਬ ਅਣਪਛਾਤੇ ਧਰਨਾਕਾਰੀਆਂ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਸੀ। ਇਸ ਸਬੰਧੀ ਇਲਾਕੇ ਦੇ ਸਮਾਜਸੇਵੀ ਤੇ ਪੰਜਾਬ ਪ੍ਰਾਪਰਟੀ ਡੀਲਰਜ ਐਸੋਸੀਏਸ਼ਨ ਪਟਿਆਲਾ ਦੇ ਪ੍ਰਧਾਨ ਰਾਜ ਕੁਮਾਰ ਰਾਣਾ ਦੀ ਅਗਵਾਈ ਹੇਠ ਇਕ ਵਫ਼ਦ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨਾਲ ਮੁਲਾਕਾਤ ਕਰਕੇ ਧਰਨਾਕਾਰੀਆਂ ਖ਼ਿਲਾਫ਼ ਦਰਜ ਪਰਚਾ ਰੱਦ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਰਾਜ ਕੁਮਾਰ ਰਾਣਾ ਨੇ ਕਿਹਾ ਕਿ ਇਲਾਕਾ ਵਾਸੀਆਂ ਵਲੋਂ ਇਸ ਸੜਕ ਦੀ ਮਾੜੀ ਹਾਲਤ ਸਬੰਧੀ ਪਹਿਲਾਂ ਕਈ ਵਾਰ ਡੀਸੀ ਪਟਿਆਲਾ ਅਤੇ (ਐਨਐਚਏਆਈ) ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਦੇ ਕੇ ਜਾਣੂ ਕਰਵਾਇਆਂ ਗਿਆ ਸੀ। ਡੀਸੀ ਪਟਿਆਲਾ ਵਲੋਂ (ਐਨਐਚਏਆਈ) ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ ਨੂੰ ਸੜਕ ਦੀ ਹਾਲਤ ਦਰੁੱਸਤ ਕਰਨ ਸਬੰਧੀ ਹਦਾਇਤ ਵੀ ਜਾਰੀ ਕੀਤੀ ਗਈ ਸੀ ਪਰ ਫੇਰ ਵੀ ਹੁਣ ਤੱਕ ਇਸ ਸੜਕ ’ਤੇ ਲੱਖਾਂ ਰੁਪਏ ਟੋਲ ਟੈਕਸ ਇਕੱਠਾ ਕਰਨ ਵਾਲੀ (ਐਨਐਚਏਆਈ) ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਕੰਨਾਂ ’ਤੇ ਜੂੰ ਤੱਕ ਨਹੀਂ ਸਰਕੀ ਹੈ ਅਤੇ ਆਪਣੇ ਫ਼ਰਜ਼ਾਂ ਤੋਂ ਮੂੰਹ ਮੋੜ ਕੇ ਕੁੰਭਕਰਨੀ ਨੀਂਦ ਸੁੱਤੀ ਪਈ ਹੈ। ਉਨ੍ਹਾਂ ਕਿਹਾ ਕਿ ਜਦੋਂ ਲੋਕਾਂ ਦੀ ਕੋਈ ਸੁਣਵਾਈ ਨਹੀ ਹੋ ਰਹੀ ਸੀ ਤਾਂ ਮਜਬੂਰਨ ਇਲਾਕਾ ਵਾਸੀਆਂ ਨੂੰ ਧਰਨਾ ਪ੍ਰਦਰਸ਼ਨ ਦਾ ਰਾਹ ਅਪਣਾਉਣਾ ਪਿਆ। ਇਹ ਧਰਨਾ ਪ੍ਰਦਰਸ਼ਨ ਵੀ ਕੁਝ ਸਮੇਂ ਲਈ ਸਿਰਫ ਸੰਕੇਤਕ ਹੀ ਸੀ ਤਾਂ ਕਿ (ਐਨਐਚਏਆਈ) ਨੂੰ ਕੁੰਭਕਰਨੀ ਨੀਂਦ ਤੋਂ ਜਗਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਪਰਚਾ ਨਾਜਾਇਜ਼ ਹੈ ਅਤੇ ਪ੍ਰਸ਼ਾਸਨ ਵਲੋਂ ਲੋਕਾਂ ਦੀ ਅਵਾਜ਼ ਨੂੰ ਦਬਾਉਣ ਲਈ ਇਸ ਤਰਾਂ ਦੀ ਕਾਰਵਾਈ ਕਰਨਾ ਲੋਕਤੰਤਰ ਦੇ ਹਿੱਤ ’ਚ ਨਹੀਂ ਹੈ। ਉਨ੍ਹਾਂ ਸਿਹਤ ਮੰਤਰੀ ਤੋਂ ਪਰਚਾ ਰੱਦ ਕਰਵਾਉਣ ਦੀ ਮੰਗ ਕਰਦਿਆਂ ਪਟਿਆਲਾ ਰਾਜਪੁਰਾ ਮੁਕੰਮਲ ਰੋਡ ਅਤੇ ਖਾਸ ਕਰਕੇ ਬਹਾਦਰਗੜ੍ਹ ਤੋਂ ਲੈ ਕੇ ਅਰਬਨ ਅਸਟੇਟ ਤੱਕ ਸੜਕ ਦੀ ਹਾਲਤ ਦੀ ਮੁਕੰਮਲ ਜਾਂਚ ਅਤੇ ਵੀਡੀਓਗ੍ਰਾਫੀ ਕਰਵਾ ਕੇ ਟੋਲ ਰੋਡ ਸਬੰਧੀ ਸਹੀ ਮਾਪਦੰਡਾਂ ਅਨੁਸਾਰ ਸੜਕ ਬਣਾਉਣ ਦੀ ਮੰਗ ਕੀਤੀ। ਰਾਣਾ ਨੇ ਕਿਹਾ ਕਿ ਜੇ ਨਾਜਾਇਜ਼ ਪਰਚਾ ਰੱਦ ਨਾ ਹੋਇਆ ਤਾਂ ਵੱਡੇ ਪੱਧਰ ’ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਗੁਰਧਿਆਨ ਸਿੰਘ ਕੌਸਲਰ, ਐਡਵੋਕੇਟ ਰਿਸ਼ਵ ਮਹਿਤਾ, ਵਿਜੇ ਕੁਮਾਰ ਸਾਬਕਾ ਸਰਪੰਚ, ਬਲਦੇਵ ਸ਼ਰਮਾ, ਨਰੇਸ਼ ਜਿੰਦਲ, ਮਲਕੀਤ ਸਿੰਘ ਜਸੋਵਾਲ, ਗਾਗੂ ਸ਼ਰਮਾ ਅਤੇ ਹੋਰ ਮੌਜੂਦ ਸਨ।