ਸੜਕ ਦੀ ਹਾਲਤ ਸੁਧਾਰਨ ਲਈ ਵਫਦ ਨੇ ਸੀਐੱਮ ਸੈਣੀ ਨੂੰ ਦਿੱਤਾ ਮੰਗ ਪੱਤਰ
ਸੜਕ ਦੀ ਹਾਲਤ ਸੁਧਾਰਨ ਲਈ ਵਫਦ ਨੇ ਸੀਐੱਮ ਸੈਣੀ ਨੂੰ ਦਿੱਤਾ ਮੰਗ ਪੱਤਰ
Publish Date: Thu, 29 Jan 2026 03:58 PM (IST)
Updated Date: Fri, 30 Jan 2026 04:02 AM (IST)

ਖ਼ਸਤਾਹਾਲ ਸੜਕ ਕਾਰਨ ਬੱਸਾਂ ਵੀ ਚੱਲਣੀਆਂ ਹੋਈਆਂ ਬੰਦ ਹਰਜੀਤ ਸਿੰਘ, ਪੰਜਾਬੀ ਜਾਗਰਣ, ਖਨੌਰੀ : ਖਨੌਰੀ-ਕੈਥਲ ਰੋਡ ਦੀ ਹਾਲਤ ਖਸਤਾਹਾਲ ਹੋਣ ਕਾਰਨ ਇਸ ਸੜਕ ਤੇ ਲੋਕਾਂ ਦਾ ਹੀ ਨਹੀਂ, ਬਲਕਿ ਬੱਸਾਂ ਦਾ ਚੱਲਣਾ ਵੀ ਔਖਾ ਹੋ ਗਿਆ। ਇਸ ਕਾਰਨ ਕਈ ਬੱਸਾਂ ਨੇ ਇਸ ਸੜਕ ’ਤੇ ਚੜ੍ਹਨਾ ਬੰਦ ਕਰ ਦਿੱਤਾ ਤੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਇਸ ਸੜਕ ਦੀ ਹਾਲਤ ਸੁਧਾਰਨ ਦੀ ਮੰਗ ਨੂੰ ਲੈ ਕੇ ਖਨੌਰੀ ਤੇ ਸੁਤਰਾਣਾ ਹਲਕੇ ਦੇ ਇਕ ਵਫ਼ਦ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਮੰਗ ਪੱਤਰ ਸੌਂਪਿਆ। ਸੜਕ ਦੀ ਮਾੜੀ ਹਾਲਤ ਕਾਰਨ ਜਨਤਾ ਪਰੇਸ਼ਾਨ : ਵਫ਼ਦ ਵਿਚ ਸ਼ਾਮਲ ਆਗੂਆਂ ਰਾਜਪਾਲ ਖਨੌਰੀ ਤੇ ਪ੍ਰੋ. ਅਮਨਦੀਪ ਸਿੰਘ ਨੇ ਦੱਸਿਆ ਕਿ ਖਨੌਰੀ ਤੋਂ ਕੈਥਲ ਰੋਡ ਪਿਛਲੇ ਦੋ-ਤਿੰਨ ਸਾਲਾਂ ਤੋਂ ਬੁਰੀ ਤਰ੍ਹਾਂ ਟੁੱਟੀ ਹੋਈ ਹੈ ਅਤੇ ਸੜਕ ਵਿਚ ਥਾਂ-ਥਾਂ ਡੂੰਘੇ ਟੋਏ ਪੈ ਚੁੱਕੇ ਹਨ। ਇਹ ਸੜਕ ਪੰਜਾਬ ਦੇ ਸੰਗਰੂਰ ਤੇ ਪਟਿਆਲਾ ਜ਼ਿਲ੍ਹਿਆਂ ਨੂੰ ਹਰਿਆਣਾ ਦੇ ਕੈਥਲ ਤੇ ਕੁਰੂਕਸ਼ੇਤਰ ਨਾਲ ਜੋੜਨ ਵਾਲਾ ਮੁੱਖ ਮਾਰਗ ਹੈ। ਸੜਕ ਦੀ ਖ਼ਸਤਾ ਹਾਲਤ ਕਾਰਨ ਪਿਛਲੇ ਤਿੰਨ ਮਹੀਨਿਆਂ ਤੋਂ ਪੰਜਾਬ ਤੇ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਇਸ ਮਾਰਗ ’ਤੇ ਬੰਦ ਹਨ, ਜਿਸ ਕਾਰਨ ਆਮ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਵਿਦਿਆਰਥੀਆਂ ਦੀ ਪੜ੍ਹਾਈ ਤੇ ਮਾੜਾ ਅਸਰ ਆਗੂ ਜਸਪਾਲ ਅੰਨਦਾਣਾ ਤੇ ਪਰਮਿੰਦਰ ਸਾਗਰਾ ਨੇ ਕਿਹਾ ਕਿ ਬੱਸਾਂ ਬੰਦ ਹੋਣ ਦਾ ਸਭ ਤੋਂ ਵੱਧ ਨੁਕਸਾਨ ਸਕੂਲਾਂ ਤੇ ਕਾਲਜਾਂ ਵਿਚ ਪੜ੍ਹਨ ਵਾਲੇ ਬੱਚਿਆਂ ਨੂੰ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਸੜਕ ਹੁਣ ਐੱਨਐੱਚਏਆਈ ਨੂੰ ਟ੍ਰਾਂਸਫਰ ਹੋ ਚੁੱਕੀ ਹੈ ਅਤੇ ਇਸ ਦੇ ਨਵੀਨੀਕਰਨ ਦਾ ਕੰਮ ਐਨੱਐੱਚਏਆਈ ਵੱਲੋਂ ਹੀ ਕੀਤਾ ਜਾਣਾ ਹੈ। ਉਨ੍ਹਾਂ ਦੱਸਿਆ ਕੀ ਮੁੱਖ ਮੰਤਰੀ ਵੱਲੋਂ ਤੁਰੰਤ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਹੈ। ਮੁੱਖ ਮੰਤਰੀ ਨਾਇਬ ਸੈਣੀ ਨੇ ਵਫ਼ਦ ਦੀਆਂ ਮੰਗਾਂ ਨੂੰ ਬੜੇ ਧਿਆਨ ਨਾਲ ਸੁਣਿਆ ਤੇ ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਸੜਕ ਦੇ ਨਵੀਨੀਕਰਨ ਦਾ ਕੰਮ ਜਲਦੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ। ਇਲਾਕਾ ਨਿਵਾਸੀਆਂ ਨੇ ਕੀਤਾ ਧੰਨਵਾਦ ਇਸ ਮੌਕੇ ਵਫ਼ਦ ਵਿਚ ਸ਼ਾਮਲ ਆਗੂਆਂ ਰਾਜਪਾਲ ਖਨੌਰੀ, ਪ੍ਰੋ. ਅਮਨਦੀਪ ਸਿੰਘ, ਜਸਪਾਲ ਅੰਨਦਾਣਾ, ਜਸਵੀਰ ਸਰਾਂਓ, ਬਲਰਾਜ ਸ਼ਰਮਾ, ਪਰਮਿੰਦਰ ਸਾਗਰਾ, ਸੁਰੇਸ਼ ਸ਼ਰਮਾ ਅਤੇ ਜਸਵਿੰਦਰ ਸਿੰਘ ਗਿੱਲ ਨੇ ਮੁੱਖ ਮੰਤਰੀ ਹਰਿਆਣਾ ਦਾ ਇਸ ਤੁਰੰਤ ਕਾਰਵਾਈ ਲਈ ਧੰਨਵਾਦ ਕੀਤਾ।