ਘੱਗਰ ਦਰਿਆ ਦੇ ਪੁਰਾਣੇ ਪੁਲ ਹੇਠਾਂ ਮਲਬਾ ਘੱਗਰ ਦਰਿਆ ਦੇ ਪੁਰਾਣੇ ਪੁਲ ਹੇਠਾਂ ਮਲਬਾ
Publish Date: Thu, 23 Jul 2026 04:44 PM (IST)
Updated Date: Fri, 24 Jul 2026 04:04 AM (IST)
ਹੜ੍ਹਾਂ ਤੋਂ ਪਹਿਲਾਂ ਹੀ ਸਰਕਾਰ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਘਨੌਰ : ਮਾਨਸੂਨ ਦੇ ਮੌਸਮ ਦੌਰਾਨ ਘੱਗਰ ਦਰਿਆ ਵਿੱਚ ਸੰਭਾਵਿਤ ਹੜ੍ਹਾਂ ਦੇ ਖਤਰੇ ਨੂੰ ਲੈ ਕੇ ਹਲਕਾ ਘਨੌਰ ਦੇ ਸਰਾਲਾ ਇਲਾਕੇ ਵਿੱਚ ਇੱਕ ਵਾਰ ਫਿਰ ਚਿੰਤਾ ਵਧ ਗਈ ਹੈ। ਸਰਾਲਾ ਵਿਖੇ ਘੱਗਰ ਦਰਿਆ ਦੇ ਪੁਰਾਣੇ ਅਤੇ ਖਸਤਾ ਹਾਲ ਪੁਲ ਹੇਠਾਂ ਪਿਛਲੇ ਕਈ ਦਿਨਾਂ ਤੋਂ ਵੱਡੀ ਮਾਤਰਾ ਵਿੱਚ ਝਾੜ-ਫੂਸ, ਦਰੱਖਤਾਂ ਦੀਆਂ ਟਾਹਣੀਆਂ, ਪਲਾਸਟਿਕ ਅਤੇ ਹੋਰ ਮਲਬਾ ਫਸਿਆ ਹੋਇਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਕਾਰਨ ਦਰਿਆ ਦੇ ਕੁਦਰਤੀ ਵਹਾਅ ਵਿੱਚ ਰੁਕਾਵਟ ਪੈਦਾ ਹੋ ਰਹੀ ਹੈ, ਜਿਸ ਨਾਲ ਭਾਰੀ ਮੀਂਹ ਦੀ ਸਥਿਤੀ ਵਿੱਚ ਹੜ੍ਹਾਂ ਦਾ ਖਤਰਾ ਵਧ ਸਕਦਾ ਹੈ। ਮੌਕੇ ਤੇ ਲੱਗੇ ਗੇਜ ਅਨੁਸਾਰ ਇਸ ਸਮੇਂ ਵੀ ਪੁਲ ਦੇ ਪਿਲਰਾਂ ਵਿੱਚ ਲਗਭਗ 6 ਤੋਂ 7 ਫੁੱਟ ਤੱਕ ਝਾੜ-ਫੂਸ ਅਤੇ ਮਲਬਾ ਫਸਿਆ ਹੋਇਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਿਵੇਂ-ਜਿਵੇਂ ਪਾਣੀ ਦਾ ਪੱਧਰ ਵਧਦਾ ਹੈ, ਇਹ ਮਲਬਾ ਹੋਰ ਇਕੱਠਾ ਹੁੰਦਾ ਜਾਂਦਾ ਹੈ, ਜਿਸ ਨਾਲ ਪਾਣੀ ਦਾ ਦਬਾਅ ਪੁਲ ਅਤੇ ਬੰਨ੍ਹਾਂ ਉੱਤੇ ਵਧਣ ਦਾ ਖਤਰਾ ਬਣ ਜਾਂਦਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਜੇਕਰ ਸਮੇਂ ਸਿਰ ਸਫਾਈ ਨਾ ਹੋਈ ਤਾਂ ਸਰਾਲਾ ਸਮੇਤ ਆਲੇ-ਦੁਆਲੇ ਦੇ ਕਈ ਪਿੰਡਾਂ ਦੀਆਂ ਫਸਲਾਂ ਅਤੇ ਸੰਪਤੀ ਨੂੰ ਨੁਕਸਾਨ ਪਹੁੰਚ ਸਕਦਾ ਹੈ। ਕਿਸਾਨ ਆਗੂ ਪਵਨ ਕੁਮਾਰ ਸੋਗਲਪੁਰ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਕਈ ਵਾਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਜਲ ਸਰੋਤ ਵਿਭਾਗ ਨੂੰ ਲਿਖਤੀ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ, ਪਰ ਅਜੇ ਤੱਕ ਕੋਈ ਢੁੱਕਵੀਂ ਕਾਰਵਾਈ ਨਹੀਂ ਹੋਈ। ਉਨ੍ਹਾਂ ਦੋਸ਼ ਲਗਾਇਆ ਕਿ ਕੁਝ ਦਿਨ ਪਹਿਲਾਂ ਜੇਸੀਬੀ ਮਸ਼ੀਨ ਲਿਆ ਕੇ ਸਫਾਈ ਦਾ ਸਿਰਫ਼ ਦਿਖਾਵਾ ਕੀਤਾ ਗਿਆ, ਜਦਕਿ ਪੁਲ ਹੇਠਾਂ ਫਸਿਆ ਮਲਬਾ ਅਜੇ ਵੀ ਜਿਉਂ ਦਾ ਤਿਉਂ ਪਿਆ ਹੈ। ਇਸ ਮਾਮਲੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਘਨੌਰ ਇੰਚਾਰਜ ਸਰਬਜੀਤ ਸਿੰਘ ਝਿੰਜਰ ਨੇ ਵੀ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਘੱਗਰ ਦੇ ਬੰਨ੍ਹਾਂ ਦੀ ਮੁਰੰਮਤ ਅਤੇ ਸਫਾਈ ਲਈ 18 ਕਰੋੜ ਰੁਪਏ ਖਰਚ ਕਰਨ ਦੇ ਦਾਅਵੇ ਕੀਤੇ ਗਏ ਹਨ, ਪਰ ਜ਼ਮੀਨੀ ਹਕੀਕਤ ਇਸ ਦੇ ਉਲਟ ਹੈ। ਉਨ੍ਹਾਂ ਹਲਕਾ ਵਿਧਾਇਕ ਗੁਰਲਾਲ ਘਨੌਰ ਤੋਂ ਸਫਾਈ ਅਤੇ ਮੁਰੰਮਤ ਤੇ ਖਰਚ ਕੀਤੇ ਗਏ ਫੰਡਾਂ ਦਾ ਪੂਰਾ ਵੇਰਵਾ ਜਨਤਕ ਕਰਨ ਅਤੇ ਵਾਈਟ ਪੇਪਰ ਜਾਰੀ ਕਰਨ ਦੀ ਮੰਗ ਕੀਤੀ। ਇਸ ਸਬੰਧੀ ਹਲਕਾ ਵਿਧਾਇਕ ਗੁਰਲਾਲ ਘਨੌਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ। ਉੱਧਰ ਜਲ ਸਰੋਤ ਵਿਭਾਗ ਦੇ ਐਕਸੀਅਨ ਆਕਾਸ਼ ਅਗਰਵਾਲ ਨੇ ਕਿਹਾ ਕਿ ਵਿਭਾਗ ਦੇ ਧਿਆਨ ਵਿੱਚ ਮਾਮਲਾ ਆ ਚੁੱਕਾ ਹੈ ਅਤੇ ਇੱਕ ਤੋਂ ਦੋ ਦਿਨਾਂ ਦੇ ਅੰਦਰ ਪੁਲ ਹੇਠਾਂ ਫਸਿਆ ਝਾੜ-ਫੂਸ ਅਤੇ ਮਲਬਾ ਹਟਾ ਕੇ ਸਫਾਈ ਦਾ ਕੰਮ ਮੁਕੰਮਲ ਕਰ ਦਿੱਤਾ ਜਾਵੇਗਾ, ਤਾਂ ਜੋ ਮਾਨਸੂਨ ਦੌਰਾਨ ਪਾਣੀ ਦੇ ਵਹਾਅ ਵਿੱਚ ਕੋਈ ਰੁਕਾਵਟ ਨਾ ਆਵੇ ਅਤੇ ਹੜ੍ਹਾਂ ਦੇ ਖਤਰੇ ਨੂੰ ਘੱਟ ਕੀਤਾ ਜਾ ਸਕੇ।