ਡੀਸੀ ਦੀ ਹਦਾਇਤ ਦੀ ਕੱਢੀ ਫੂਕ : ਬਰਸਾਤੀ ਪਾਣੀ ਦੇ ਨਹੀਂ ਹੋਏ ਨਿਕਾਸੀ ਪ੍ਰਬੰਧ ਡੀਸੀ ਦੀ ਹਦਾਇਤੀ ਦੀ ਕੱਢੀ ਫੂਕ: ਬਰਸਾਤੀ ਪਾਣੀ ਦੇ ਨਹੀ ਹੋਏ ਨਿਕਾਸੀ ਪ੍ਰਬੰਧ
Publish Date: Wed, 19 Aug 2026 05:17 PM (IST)
Updated Date: Wed, 19 Aug 2026 05:18 PM (IST)
ਅਸ਼ਵਿੰਦਰ ਸਿੰਘ, ਪੰਜਾਬੀ ਜਾਗਰਣ, ਬਨੂੜ : ਸ਼ਹਿਰ ਦੇ ਬਰਸਾਤੀ ਪਾਣੀ ਦਾ ਢੁੱਕਵਾਂ ਨਿਕਾਸ ਨਾ ਹੋਣ ਕਾਰਨ ਸ਼ਹਿਰਵਾਸੀਆਂ ਨੂੰ ਲਗਾਤਾਰ ਮਾਲੀ ਨੁਕਸਾਨ ਝੱਲਣਾ ਪੈ ਰਿਹਾ ਹੈ। ਕਈ ਕਲੋਨੀਆਂ ਤੇ ਸੰਸਥਾਵਾਂ ਦੇ ਰਾਹ ਬੰਦ ਹੋ ਜਾਂਦੇ ਹਨ ਤੇ ਸਕੂਲੀ ਬੱਚਿਆਂ ਸਮੇਤ ਲੋਕ ਗੋਡੇ-ਗੋਡੇ ਪਾਣੀ ਵਿਚ ਲੰਘ ਕੇ ਮੰਜ਼ਲ ’ਤੇ ਪੁੱਜਦੇ ਹਨ। ਬਨੂੜ ਬੈਰੀਅਰ ਤੋਂ ਤੇਪਲਾ ਰੋਡ ਨਾਲ ਲਗਦੇ ਇਕ ਪਾਸੇ ਵੱਡੀ ਮਾਤਰਾ ਵਿਚ ਬਰਸਾਤੀ ਪਾਣੀ ਇਕੱਠਾ ਹੁੰਦਾ ਹੈ। ਜੋ ਤੇਪਲਾ ਰੋਡ ਤੇ ਬਣੀ ਪੁੱਲੀਆਂ ’ਚੋਂ ਦੀ ਨਿਕਾਸ ਹੋ ਕੇ ਦੂਜੇ ਪਾਸੇ ਖਾਲੀ ਪਏ ਨਿੱਜੀ ਪਲਾਟਾਂ ’ਚ ਦੀ ਲੰਘ ਜਾਂਦਾ ਸੀ, ਪਰ ਚਾਰ ਸਾਲਾਂ ਦੌਰਾਨ ਇਨਾਂ ਖਾਲੀ ਪਏ ਪਲਾਟਾਂ ’ਚ ਉਸਾਰੀ ਹੋ ਗਈਆਂ। ਜਿਸ ਕਾਰਨ ਬਰਸਾਤੀ ਪਾਣੀ ਉਪਰ ਹੀ ਰੁਕ ਜਾਂਦਾ ਹੈ ਜੋ ਵਾਰਡ ਨੰ 2 ਬਾਜੀਗਰ ਬਸਤੀ, ਗੁਲਮੋਹਰ ਕਲੋਨੀ ਤੇ ਲੋਕਾਂ ਦੀ ਜ਼ਮੀਨਾਂ ਵਿਚ ਪਾਣੀ ਭਰ ਜਾਂਦਾ ਹੈ। ਕਿਸਾਨਾਂ ਦੀ ਜ਼ਮੀਨਾਂ ਦੇ ਨਾਲ ਲਗਦੀ ਖਾਲੀ ਪਈ ਕੌਂਸਲ ਦੀ ਜ਼ਮੀਨ ਵਿਚ ਵੱਡਾ ਛੱਪੜ ਬਣਿਆ ਹੋਇਆ ਹੈ ਜਿਸ ਵਿਚ ਸ਼ਹਿਰ ਦੇ ਕਈ ਵਾਰਡਾਂ ਦਾ ਘਰੇਲੂ ਪਾਣੀ ਡਿੱਗਦਾ ਹੈ, ਪਰ ਉਸ ਦੇ ਓਵਰਫਲੋਅ ਹੋਣ ਤੋਂ ਬਾਅਦ ਨਿਕਾਸੀ ਦੇ ਕੋਈ ਪ੍ਰਬੰਧ ਨਹੀਂ ਹਨ ਜਿਸ ਕਾਰਨ ਇਹ ਗੰਦਾ ਪਾਣੀ ਨਾਲ ਲਗਦੇ ਬੇਬੀ ਕਾਨਵੈਂਟ ਸਕੂਲ ਤੇ ਸ਼ਿਵਾਲਿਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਮੂਹਰੇ ਇਕੱਠਾ ਹੋ ਜਾਂਦਾ ਹੈ। ਇਸ ਸਬੰਧੀ ਸਕੂਲ ਚੇਅਰਮੈਨ ਰਮੇਸ਼ ਭਰਦਵਾਜ ਤੇ ਮਾਸਟਰ ਦਿਆਲ ਸਿੰਘ, ਕਿਸਾਨ ਨਿਰਭੈਲ ਸਿੰਘ ਸੰਧੂ ਆਦਿ ਨੇ ਲੋਕਲਬਾਡੀ, ਡਿਪਟੀ ਕਮਸ਼ਿਨਰ, ਮੁੱਖ ਮੰਤਰੀ ਸਮੇਤ ਹਰ ਛੋਟੇ ਤੋਂ ਵੱਡੇ ਅਧਿਕਾਰੀਆਂ ਨੂੰ ਲਿਖਤੀ ਦਰਖਾਸਤ ਦੇ ਕੇ ਪਾਣੀ ਨਿਕਾਸ ਦੀ ਪ੍ਰਬੰਧ ਦੀ ਮੰਗ ਕੀਤੀ ਜਾ ਚੁੱਕੀ ਹੈ, ਪਰ ਕੋਈ ਹੱਲ ਨਹੀ ਹੋ ਸਕਿਆ। ਪ੍ਰਭਾਵਿਤ ਸ਼ਹਿਰ ਵਾਸੀਆਂ ਵੱਲੋਂ ਦਿੱਤੀਆਂ ਦਰਖਾਸਤਾਂ ਤੇ ਡਿਪਟੀ ਕਮਿਸ਼ਨਰ ਮੁਹਾਲੀ ਵੱਲੋਂ 2 ਜੁਲਾਈ ਨੂੰ ਕੌਂਸਲ ਤੇ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਪਾਣੀ ਨਿਕਾਸ ਕਰਨ ਦੀ ਹਦਾਇਤ ਕੀਤੀ ਗਈ ਸੀ, ਦੋਵੇਂ ਵਿਭਾਗਾਂ ਨੇ ਮੌਕਾ ਵੀ ਵੇਖਿਆ, ਪਰ ਕਾਰਵਾਈ ਕੋਈ ਨਹੀਂ ਕੀਤੀ ਗਈ। ਜਿਸ ਕਾਰਨ ਸ਼ਹਿਰ ਵਾਸੀਆਂ ਪਿਛਲੇ ਚਾਰ ਸਾਲ ਤੋਂ ਸੰਤਾਪ ਭੋਗ ਰਹੇ ਹਨ। ਪੀੜਤ ਕਿਸਾਨ ਨੇ ਦੱਸਿਆ ਕਿ ਉਨਾਂ ਚਾਰ ਸਾਲਾਂ ਤੋਂ ਕੋਈ ਆਪਣੀ ਚਾਰ ਪੰਜ ਏਕੜ ਵਿਚ ਇਕ ਫਸਲ ਵੀ ਨਹੀਂ ਕੱਟੀ। ਉਨ੍ਹਾਂ ਕਿਹਾ ਕਿ ਉਨਾਂ ਇਸ ਵਾਰ ਅਗੇਤੀ ਮੱਕੀ ਦੀ ਬਿਜਾਈ ਕੀਤੀ ਸੀ, ਪਰ ਪਹਿਲੇ ਮੀਂਹ ਵਿਚ ਹੀ ਛੱਪੜ ਦਾ ਓਵਰ ਫਲੋਅ ਹੋਇਆ ਪਾਣੀ ਭਰ ਗਿਆ ਤੇ ਕੱਟਣ ਦੇ ਸਮੇਂ ’ਤੇ ਹੀ ਖਤਮ ਹੋ ਗਈ। ਇਹੀ ਹਾਲ ਕਣਕ ਦੀ ਫਸਲ ਦਾ ਹੈ। ਉਨ੍ਹਾਂ ਗਿਰਦਵਾਰੀ ਕਰਾ ਕੇ ਖਤਮ ਹੋਈ ਫਸਲ ਦੇ ਮੁਆਵਜੇ ਦੀ ਮੰਗ ਕੀਤੀ ਹੈ। ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਸ਼ਹਿਰ ਦੇ ਇਕੱਠੇ ਹੋਏ ਪਾਣੀ ਦੇ ਨਿਕਾਸ ਦਾ ਤੁਰੰਤ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਚਿੰਤਾ ਪ੍ਰਗਟ ਕੀਤੀ ਕਿ ਸ਼ਹਿਰ ਉਪਰ ਬਣੀ ਝੀਲ ਦੇ ਨਿਕਾਸ ’ਚ ਦੇਰੀ ਹੋਈ ਤਾਂ ਇਹ ਵੱਡੀ ਤਬਾਹੀ ਕਰੇਗੀ।