ਵਪਾਰੀਆਂ ਦੀਆਂ ਮੰਗਾਂ ਨੂੰ ਅਣਡਿੱਠਾ ਨਹੀਂ ਕੀਤਾ ਜਾਵੇਗਾ : ਡੀਸੀ
ਵਪਾਰੀਆਂ ਦੇ ਮਸਲਿਆਂ ਦੇ ਤੁਰੰਤ ਨਿਪਟਾਰੇ ਲਈ ਡੀਸੀ ਵਰਜੀਤ ਵਾਲੀਆ ਦਾ ਵੱਡਾ ਕਦਮ
Publish Date: Sun, 05 Apr 2026 05:56 PM (IST)
Updated Date: Sun, 05 Apr 2026 05:58 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ਰਾਜ ਵਿਚ ਟ੍ਰੇਡਰਜ਼ ਕਮਿਸ਼ਨ ਦੀਆਂ ਐੱਸਡੀਐੱਮ ਪੱਧਰ ’ਤੇ ਜ਼ਿਲ੍ਹਾ / ਹਲਕਾ ਪਧਰੀ ਮੀਟਿੰਗਾਂ ’ਚ ਪ੍ਰਾਪਤ ਸ਼ਿਕਾਇਤਾਂ ਸਬੰਧੀ ਪਟਿਆਲਾ ਦੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਤੇ ਐੱਸਐੱਸਪੀ ਵਰੁਣ ਸ਼ਰਮਾ ਨੇ ਟ੍ਰੇਡਰਜ਼ ਕਮਿਸ਼ਨ ਤੇ ਵਪਾਰੀ ਐਸੋਸੀਏਸ਼ਨਾਂ ਨਾਲ ਸਬੰਧਤ ਮਸਲਿਆਂ ਦੇ ਤੁਰੰਤ ਅਤੇ ਪ੍ਰਭਾਵਸ਼ਾਲੀ ਨਿਪਟਾਰੇ ਲਈ ਜ਼ਿਲ੍ਹਾ ਤੇ ਹਲਕਾ ਪੱਧਰੀ ਵਿਸ਼ੇਸ਼ ਮੀਟਿੰਗ ਬੁਲਾਈ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਵਪਾਰੀਆਂ ਦੀਆਂ ਜਾਇਜ਼ ਮੰਗਾਂ ਨੂੰ ਅਣਡਿੱਠਾ ਨਹੀਂ ਕੀਤਾ ਜਾਵੇਗਾ ਅਤੇ ਪ੍ਰਸ਼ਾਸਨ ਉਨ੍ਹਾਂ ਦੇ ਹਰ ਮਸਲੇ ਦਾ ਹੱਲ ਨਿਰਧਾਰਿਤ ਸਮੇਂ ਵਿੱਚ ਯਕੀਨੀ ਬਣਾਵੇਗਾ। ਮੀਟਿੰਗ ਦੌਰਾਨ ਵੱਖ-ਵੱਖ ਵਪਾਰੀਆਂ ਅਤੇ ਟ੍ਰੇਡ ਐਸੋਸੀਏਸ਼ਨਾਂ ਦੇ ਪ੍ਰਤੀਨਿਧੀਆਂ ਵੱਲੋਂ ਆਪਣੀਆਂ ਸ਼ਿਕਾਇਤਾਂ ਅਤੇ ਮੰਗਾਂ ਡਿਪਟੀ ਕਮਿਸ਼ਨਰ ਦੇ ਸਾਹਮਣੇ ਰੱਖੀਆਂ ਗਈਆਂ। ਮੀਟਿੰਗ ਦੌਰਾਨ ਏਡੀਸੀ ਸਿਮਰਪ੍ਰੀਤ ਕੌਰ, ਨਵਰੀਤ ਕੌਰ ਸੇਖੋਂ, ਐੱਸਡੀਐੱਮਜ਼ ਹਰਜੋਤ ਕੌਰ, ਨਮਨ ਮਰਕਨ, ਐੱਸਐੱਸਪੀ ਵੈਭਵ ਚੌਧਰੀ ਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਵਪਾਰੀਆਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਸਮੇਂ ਸਿਰ ਦੂਰ ਕਰਨਾ ਪ੍ਰਸ਼ਾਸਨ ਦੀ ਪ੍ਰਾਥਮਿਕਤਾ ਹੈ, ਕਿਉਂਕਿ ਵਪਾਰ ਅਤੇ ਉਦਯੋਗ ਜ਼ਿਲ੍ਹੇ ਦੀ ਆਰਥਿਕਤਾ ਦੇ ਮਹੱਤਵਪੂਰਨ ਹਿੱਸੇ ਹਨ। ਮੀਟਿੰਗ ਦੌਰਾਨ ਕੁਝ ਸ਼ਿਕਾਇਤਾਂ ਦਾ ਮੌਕੇ ਤੇ ਹੀ ਨਿਪਟਾਰਾ ਕਰ ਦਿੱਤਾ ਗਿਆ, ਜਿਸ ਨਾਲ ਵਪਾਰੀਆਂ ਵਿੱਚ ਸੰਤੁਸ਼ਟੀ ਦਾ ਮਾਹੌਲ ਦੇਖਣ ਨੂੰ ਮਿਲਿਆ। ਡਿਪਟੀ ਕਮਿਸ਼ਨਰ ਨੇ ਸਪਸ਼ਟ ਕੀਤਾ ਕਿ ਹਰ ਇਕ ਮਸਲੇ ਦੀ ਨਿਗਰਾਨੀ ਕੀਤੀ ਜਾਵੇਗੀ ਅਤੇ ਨਿਰਧਾਰਿਤ ਸਮੇਂ ਵਿੱਚ ਉਨ੍ਹਾਂ ਦਾ ਹੱਲ ਯਕੀਨੀ ਬਣਾਇਆ ਜਾਵੇਗਾ। ਇਸ ਮੌਕੇ ਮੈਂਬਰ ਪੰਜਾਬ ਸਟੇਟ ਟ੍ਰੇਡਰਜ਼ ਕਮਿਸ਼ਨ ਸੰਜੀਵ ਗੁਪਤਾ, ਜਿਲ੍ਹਾ ਪਟਿਆਲਾ ਚੇਅਰਪਰਸਨ ਵਿਨੋਦ ਕੁਮਾਰ ਸਿੰਗਲਾ, ਵਾਈਸ ਚੇਅਰਪਰਸਨ ਗੁਰਪ੍ਰੀਤ ਸਿੰਘ ਧਮੋਲੀ, ਰਾਜੇਸ਼ ਛਾਬੜਾ, ਪੁਨੀਤ ਬੁਧਰੀਜਾ, ਚਰਨਜੀਤ ਸਿੰਘ ਐਸ ਕੇ, ਭੁਪਿੰਦਰ ਕੌਸ਼ਲ, ਗੁਰਪ੍ਰੀਤ ਮਨੰਨ, ਦੁਰਗਾ ਦਾਸ ਸਿੰਗਲਾ, ਵੇਦ ਪ੍ਰਕਾਸ਼, ਟਿੰਕੂ ਬਾਂਸਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਪਾਰੀ ਐਸੋਸੀਏਸ਼ਨ ਦੇ ਨੁਮਾਇੰਦੇ ਮੌਜੂਦ ਸਨ।