ਡੀਸੀ ਨੇ ਨਰਾਤਿਆਂ ਤੇ ਦੁਰਗਾ ਅਸ਼ਟਮੀ ਸਬੰਧੀ ਪ੍ਰਬੰਧਾਂ ਦਾ ਲਿਆ ਜਾਇਜ਼ਾ ਡੀਸੀ ਵੱਲੋਂ ਮਾਤਾ ਸ੍ਰੀ ਕਾਲੀ ਦੇਵੀ ਮੰਦਿਰ ਵਿਖੇ ਅੱਸੂ ਦੇ ਨਵਰਾਤਰਿਆਂ ਤੇ ਦੁਰਗਾ ਅਸ਼ਟਮੀ ਸਬੰਧੀ ਤਿਆਰੀਆਂ ਦਾ ਜਾਇਜ਼ਾ
Publish Date: Tue, 22 Sep 2026 05:42 PM (IST)
Updated Date: Tue, 22 Sep 2026 05:45 PM (IST)
ਸਟਾਫ ਰਿਪੋਰਟਰ•, ਪੰਜਾਬੀ ਜਾਗਰਣ•, ਪਟਿਆਲਾ : ਇਤਿਹਾਸਕ ਮਾਤਾ ਸ਼੍ਰੀ ਕਾਲੀ ਦੇਵੀ ਮੰਦਿਰ ਪਟਿਆਲਾ ਵਿਖੇ 11 ਤੋਂ 19 ਅਕਤੂਬਰ ਤੱਕ ਚੱਲਣ ਵਾਲੇ ਅੱਸੂ ਦੇ ਨਰਾਤਿਆਂ ਤੇ ਦੁਰਗਾ ਅਸ਼ਟਮੀ ਦੌਰਾਨ ਵੱਡੀ ਗਿਣਤੀ ਸ਼ਰਧਾਲੂਆਂ ਦੀ ਆਮਦ ਨੂੰ ਲੈਕੇ ਤਿਆਰੀਆਂ ਸਮੇਤ ਹੋਰ ਸਾਰੇ ਪ੍ਰਬੰਧ ਜੰਗੀ ਪੱਧਰ ਤੇ ਜਾਰੀ ਹਨ। ਇਨ੍ਹਾਂ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਏਡੀਸੀ ਅਨੁਪ੍ਰਿਤਾ ਜੌਹਲ ਸਮੇਤ ਐਡਵਾਈਜ਼ਰੀ ਕਮੇਟੀ ਦੇ ਮੈਂਬਰਾਂ ਸੀਏ ਅਜੇ ਅਲੀਪੁਰੀਆ, ਸੰਜੇ ਸਿੰਗਲਾ ਤੇ ਡਾ. ਰਾਜ ਕੁਮਾਰ ਗੁਪਤਾ ਨਾਲ ਇਕ ਉਚ ਪੱਧਰੀ ਬੈਠਕ ਕੀਤੀ। ਡਿਪਟੀ ਕਮਿਸ਼ਨਰ ਨੇ ਇਸ ਤਿਉਹਾਰ ਦੌਰਾਨ ਦੂਰੋਂ-ਦੂਰੋਂ ਸ਼ਰਧਾਲੂ ਇੱਥੇ ਨਤਮਸਤਕ ਹੋਣ ਲਈ ਮੰਦਿਰ ਚ ਪੁੱਜਣ ਵਾਲੇ ਆਮ ਸ਼ਰਧਾਲੂਆਂ ਸਮੇਤ ਦਿਵਿਆਂਗ ਸ਼ਰਧਾਲੂਆਂ ਦੀ ਸਹੂਲਤ ਲਈ ਵੀਲ੍ਹਚੇਅਰ ਦਾ ਪ੍ਰਬੰਧ ਕਰਨ ਸਮੇਤ ਸ਼ਰਧਾਲੂਆਂ ਲਈ ਲੰਗਰ ਤੇ ਭੰਡਾਰੇ, ਪੀਣ ਵਾਲੇ ਪਾਣੀ, ਬਾਥਰੂਮ, ਸਾਫ਼ ਸਫ਼ਾਈ, ਸਜਾਵਟ ਆਦਿ ਦੇ ਪ੍ਰਬੰਧਾਂ ਦੀ ਸਮੀਖਿਆ ਕੀਤੀ। ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਸ਼ਰਧਾਲੂਆਂ ਦੀ ਵੱਡੀ ਗਿਣਤੀ ’ਚ ਆਮਦ ਨੂੰ ਲੈ ਕੇ ਜ਼ਿਲ੍ਹਾ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ ਤੇ ਵਾਹਨਾਂ ਦੀ ਪਾਰਕਿੰਗ ਸਮੇਤ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਟਰੈਫ਼ਿਕ ਪਲਾਨ ਵੀ ਬਣਾਇਆ ਜਾ ਰਿਹਾ ਹੈ। ਮੰਦਿਰ ਦੀ ਉੱਚ ਪੱਧਰੀ ਐਡਵਾਈਜ਼ਰੀ ਕਮੇਟੀ ਦੇ ਮੈਂਬਰ ਡਾ. ਰਾਜ ਕੁਮਾਰ ਗੁਪਤਾ ਨੇ ਦੱਸਿਆ ਕਿ ਸ਼ਾਰਦੀਆ ਨਵਰਾਤਰੀ ਅੱਸੂ ਦੇ ਮਹੀਨੇ ਦੇ ਸ਼ੁਕਲ ਪੱਖ ਦੀ ਪ੍ਰਤੀਪਦਾ ਤਿਥੀ ਦੀ ਸ਼ੁਰੂਆਤ 11 ਅਕਤੂਬਰ ਤੋਂ ਹੋ ਰਹੀ ਹੈ ਅਤੇ ਇਸ ਦੌਰਾਨ ਦੁਰਗਾ ਮਾਂ ਦੇ ਨੌ ਰੂਪਾਂ ਦੀ ਵਿਧੀ ਵਿਧਾਨ ਨਾਲ ਅਰਾਧਨਾ ਕੀਤੀ ਜਾਂਦੀ ਹੈ, ਜਿਸ ਲਈ ਪ੍ਰਬੰਧ ਵੱਡੀ ਪੱਧਰ ਤੇ ਕੀਤੇ ਜਾ ਰਹੇ ਹਨ। ਮੈਂਬਰ ਸੰਜੇ ਸਿੰਗਲਾ ਨੇ ਦੱਸਿਆ ਕਿ ਨਵਰਾਤਰਿਆਂ ਦੌਰਾਨ ਰੋਜ਼ ਸਵੇਰੇ ਸਾਢੇ 8.30 ਵਜੇ ਹਵਨ ਸ਼ੁਰੂ ਹੋਵੇਗਾ, ਜਿਸ ਲਈ ਆਮ ਸ਼ਰਧਾਲੂ ਬੁਕਿੰਗ ਕਰਵਾ ਸਕਦੇ ਹਨ। ਇਸ ਦੌਰਾਨ ਮੰਦਿਰ ਦੇ ਮਾਹੌਲ ਨੂੰ ਹੋਰ ਅਧਿਆਤਮਿਕ ਬਣਾਉਣ ਲਈ ਮੰਤਰਾਂ ਦਾ ਉਚਾਰਨ ਚੱਲਦਾ ਰਹੇਗਾ। ਇਸੇ ਤਰ੍ਹਾਂ ਲੰਗਰ ਦੀ ਬੁਕਿੰਗ ਵੀ ਕਰਵਾਈ ਜਾ ਸਕਦੀ ਹੈ। ਬੈਠਕ ਦੌਰਾਨ ਡੀ.ਐਸ.ਪੀ. ਸੰਜੀਵ ਸਿੰਗਲਾ, ਵਧੀਕ ਮੰਡਲ ਫਾਇਰ ਬ੍ਰਿਗੇਡ ਅਫ਼ਸਰ ਹਰਿੰਦਰਪਾਲ ਸਿੰਘ, ਮੰਦਿਰ ਸਹਾਇਕ ਸੁਪਰਵਾਈਜ਼ਰ ਨਵਨੀਤ ਟੰਡਨ ਸਮੇਤ ਨਗਰ ਨਿਗਮ, ਲੋਕ ਨਿਰਮਾਣ ਵਿਭਾਗ ਸਮੇਤ ਹੋਰ ਵਿਭਾਗਾਂ ਦੇ ਵੱਡੀ ਗਿਣਤੀ ਅਧਿਕਰੀ ਮੌਜੂਦ ਸਨ। ਡੱਬੀ- ਸ਼੍ਰੀ ਕਾਲੀ ਦੇਵੀ ਮੰਦਿਰ ਦੀ ਪੂਰੀ ਦੁਨੀਆ ’ਚ ਮਾਨਤਾ : ਸੀਏ ਅਲੀਪੁਰੀਆ ਮੈਂਬਰ ਸੀਏ ਅਜੇ ਅਲੀਪੁਰੀਆ ਨੇ ਦੱਸਿਆ ਕਿ ਇਸ ਪਵਿੱਤਰ, ਪੁਰਾਤਨ ਤੇ ਇਤਿਹਾਸਕ ਮਾਤਾ ਸ਼੍ਰੀ ਕਾਲੀ ਦੇਵੀ ਮੰਦਿਰ ਦੀ ਪੂਰੀ ਦੁਨੀਆ ਵਿਚ ਮਹਾਨਤਾ ਤੇ ਮਾਨਤਾ ਹੈ, ਇਸ ਲਈ ਨਰਾਤਿਆਂ ਤਿਉਹਾਰ ਮੌਕੇ ਵੱਡੀ ਗਿਣਤੀ ਪੁੱਜਣ ਵਾਲੇ ਸ਼ਰਧਾਲੂਆਂ ਦੀ ਸੇਵਾ ’ਚ ਕੋਈ ਕਮੀ ਨਹੀਂ ਛੱਡੀ ਜਾਵੇਗੀ। ਅਜੇ ਅਲੀਪੁਰੀਆ ਨੇ ਮੀਟਿੰਗ ਦੌਰਾਨ ਸੁਰੱਖਿਆ ਦੀ ਜ਼ਿੰਮੇਵਾਰੀ ਨਿਭਾਉਣ ਵਾਲੇ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਕਿ ਉਹ ਬਹੁਤ ਹੀ ਨਿਮਰ ਰਹਿਕੇ ਸੇਵਾਵਾਂ ਨਿਭਾਉਣ ਤੇ ਹਰ ਸ਼ਰਧਾਲੂ ਨੂੰ ਬਹੁਤ ਹੀ ਪਿਆਰ ਨਾਲ ਮੰਦਿਰ ਦੇ ਅੰਦਰ ਤੇ ਬਾਹਰ ਅਤੇ ਮਾਤਾ ਦੇ ਭਵਨ ਵਿੱਚ ਪਿਆਰ ਦੇ ਨਾਲ ਅੱਗੇ ਵਧਾਈ ਜਾਣ ਤਾਂ ਕਿ ਭੀੜ ਨੂੰ ਸਹੀ ਢੰਗ ਨਾਲ ਨਿਯੰਤਰਤ ਕੀਤਾ ਜਾ ਸਕੇ।