ਦੂਜਾ ਦਿਨ: ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰਾਂ ਵਿਰੁੱਧ ਕਾਰਵਾਈ ਜਾਰੀ ਦੂਜਾ ਦਿਨ: ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰਾਂ ਵਿਰੁੱਧ ਕਾਰਵਾਈ ਜਾਰੀ
Publish Date: Sun, 25 Oct 2026 04:11 PM (IST)
Updated Date: Mon, 26 Oct 2026 04:01 AM (IST)
ਪੁਲਿਸ ਵੱਲੋਂ ਬਿੱਜੋਕੀ ਕਲਾਂ ਵਿਖੇ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਦਾ ਪਰਦਾਫਾਸ਼, 49 ਵਿਅਕਤੀਆਂ ਨੂੰ ਛੁਡਵਾਇਆ, ਇਕ ਗ੍ਰਿਫ਼ਤਾਰ ਸੱਤਪਾਲ ਕਾਲਾਬੂਲਾ, ਰਣਵੀਰ ਰਾਣਾ, ਮਾਲੇਰਕੋਟਲਾ, ਅਮਰਗੜ੍ਹ : ਨਸ਼ੇ ਖਿਲਾਫ ਤਿੱਖੀ ਲੜਾਈ ਲੜ ਰਹੇ ਐਸਐਸਪੀ ਹਰ ਕਮਲਪ੍ਰੀਤ ਸਿੰਘ ਖੱਖ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੁਲਿਸ ਪਾਰਟੀ ਵੱਲੋਂ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰਾਂ ਵਿਰੁੱਧ ਲਗਾਤਾਰ ਦੂਜੇ ਦਿਨ ਕਾਰਵਾਈ ਕਰਦਿਆਂ ਮਾਲੇਰਕੋਟਲਾ ਪੁਲਿਸ ਨੇ ਥਾਣਾ ਅਮਰਗੜ੍ਹ ਅਧੀਨ ਪੈਂਦੇ ਪਿੰਡ ਬਿੱਜੋਕੀ ਕਲਾਂ ਵਿਖੇ ਇੱਕ ਹੋਰ ਅਜਿਹੇ ਕੇਂਦਰ ਦਾ ਪਰਦਾਫਾਸ਼ ਕੀਤਾ ਹੈ। ਇਹ ਕੇਂਦਰ ਨਸ਼ਾ ਮੁਕਤ ਸਮਾਜ ਵੈਲਫੇਅਰ ਸੁਸਾਇਟੀ ਦੇ ਨਾਮ ਹੇਠ ਚਲਾਇਆ ਜਾ ਰਿਹਾ ਸੀ। ਦੋਸ਼ ਹੈ ਕਿ ਇੱਥੇ ਨਸ਼ੇ ਦੇ ਆਦੀ ਵਿਅਕਤੀਆਂ ਨੂੰ ਉਨ੍ਹਾਂ ਦੀ ਮਰਜ਼ੀ ਦੇ ਖ਼ਿਲਾਫ਼ ਬੰਦੀ ਬਣਾ ਕੇ ਰੱਖਿਆ ਜਾਂਦਾ ਸੀ, ਉਨ੍ਹਾਂ ਦੀ ਕੁੱਟਮਾਰ ਕੀਤੀ ਜਾਂਦੀ ਸੀ ਤੇ ਉਨ੍ਹਾਂ ਤੋਂ ਜਬਰਦਸਤੀ ਕੰਮ ਕਰਵਾਇਆ ਜਾਂਦਾ ਸੀ। ਦੋਸ਼ੀਆਂ ਦੀ ਪਛਾਣ ਜਤਿੰਦਰ ਸਿੰਘ ਵਾਸੀ ਨੁਸ਼ਹਿਰਾ ਤੇ ਮੁਹੰਮਦ ਸਦੀਕ ਉਰਫ਼ ਸ਼ਿਕੂ ਵਾਸੀ ਕੱਚਾ ਜਮਾਲਪੁਰਾ, ਮਾਲੇਰਕੋਟਲਾ ਵਜੋਂ ਹੋਈ ਹੈ। ਦੋਸ਼ੀ ਜਤਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਐੱਸਐੱਸਪੀ ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਇਹ ਕਾਰਵਾਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਕੀਤੀ ਗਈ ਹੈ। ਇਹ ਕਾਰਵਾਈ ਡੀਐੱਸਪੀ ਅਮਰਗੜ੍ਹ ਸੰਜੀਵ ਕਪੂਰ ਦੀ ਨਿਗਰਾਨੀ ਹੇਠ ਹੋਈ। 24 ਅਕਤੂਬਰ ਨੂੰ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਪਿੰਡ ਬਿੰਜੋਕੀ ਕਲਾਂ ਨੇੜੇ ਗਸ਼ਤ ਤੇ ਸੀ, ਜਦੋਂ ਉਨ੍ਹਾਂ ਨੂੰ ਖ਼ਾਸ ਇਤਲਾਹ ਮਿਲੀ। ਇਤਲਾਹ ਅਨੁਸਾਰ ਦੋਸ਼ੀ ਇੱਕ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਚਲਾ ਰਹੇ ਸਨ, ਜਿੱਥੇ ਨਸ਼ੇ ਦੇ ਆਦੀ ਵਿਅਕਤੀਆਂ ਨੂੰ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਚੁੱਕ ਕੇ ਜਬਰਦਸਤੀ ਬੰਦੀ ਬਣਾਇਆ ਜਾਂਦਾ ਸੀ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਕੇਂਦਰ ਤੇ ਛਾਪਾ ਮਾਰਿਆ ਅਤੇ ਉੱਥੇ ਬੰਦੀ ਬਣਾਏ ਗਏ 49 ਵਿਅਕਤੀਆਂ ਨੂੰ ਛੁਡਵਾਇਆ। ਇਸ ਸਬੰਧੀ ਦੋਸ਼ੀਆਂ ਵਿਰੁੱਧ ਥਾਣਾ ਅਮਰਗੜ੍ਹ ਵਿਖੇ ਦਰਜ ਰਜਿਸਟਰ ਕੀਤਾ ਗਿਆ ਹੈ। ਦੂਜੇ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਯਤਨ ਜਾਰੀ ਹਨ ਤੇ ਮਾਮਲੇ ਦੀ ਅਗਲੇਰੀ ਤਫ਼ਤੀਸ਼ ਜਾਰੀ ਹੈ। ਐੱਸਐੱਸਪੀ ਖੱਖ ਨੇ ਕਿਹਾ ਕਿ ਨਸ਼ਾ ਛੁਡਾਉਣਾ ਡਾਕਟਰੀ ਇਲਾਜ ਤੇ ਮਨੁੱਖੀ ਮਾਣ-ਸਨਮਾਨ ਦਾ ਵਿਸ਼ਾ ਹੈ ਤੇ ਕਿਸੇ ਨੂੰ ਵੀ ਇਸ ਨੂੰ ਧੋਖਾਧੜੀ ਅਤੇ ਜ਼ੁਲਮ ਦਾ ਧੰਦਾ ਬਣਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਗੈਰ-ਕਾਨੂੰਨੀ ਕੇਂਦਰਾਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਅਜਿਹੇ ਅਦਾਰਿਆਂ ਵਿਰੁੱਧ ਸਖ਼ਤ ਕਾਰਵਾਈ ਜਾਰੀ ਰਹੇਗੀ। ਐੱਸ.ਐੱਸ.ਪੀ. ਖੱਖ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਾ ਛੁਡਾਉਣ ਦਾ ਇਲਾਜ ਸਿਰਫ਼ ਸਰਕਾਰੀ ਹਸਪਤਾਲਾਂ ਜਾਂ ਲਾਇਸੈਂਸਸ਼ੁਦਾ ਨਸ਼ਾ ਛੁਡਾਊ ਕੇਂਦਰਾਂ ’ਚ ਹੀ ਕਰਵਾਇਆ ਜਾਵੇ।