- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀਏਵੀ ਸਕੂਲ ਪਟਿਆਲਾ ਨੇ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਮਾਰੀਆਂ ਮੱਲਾਂ

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, •ਪਟਿਆਲਾ : ਡੀਏਵੀ ਪਬਲਿਕ ਸਕੂਲ ਪਟਿਆਲਾ ਨੇ ਆਪਣੀ ਸ਼ਾਨਦਾਰ ਪ੍ਰਤਿਭਾ, ਮਿਹਨਤ ਤੇ ਸਮਰਪਣ ਦਾ ਪ੍ਰਦਰਸ਼ਨ ਕਰਦਿਆਂ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਕਰਵਾਏ ਗਏ ਜ਼ਿਲ੍ਹਾ ਪੱਧਰੀ ਗਰੁੱਪ ਸਿੰਗਿੰਗ ਮੁਕਾਬਲੇ ’ਚ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਸ ਮੁਕਾਬਲੇ ਵਿਚ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਨੇ ਉਤਸ਼ਾਹ ਨਾਲ ਭਾਗ ਲਿਆ। ਡੀਏਵੀ ਪਬਲਿਕ ਸਕੂਲ ਪਟਿਆਲਾ ਦੀ ਟੀਮ ਨੇ ਆਪਣੀ ਸੁਰੀਲੀ ਗਾਇਕੀ, ਸ਼ਾਨਦਾਰ ਤਾਲਮੇਲ, ਆਤਮ-ਵਿਸ਼ਵਾਸ ਤੇ ਪ੍ਰਭਾਵਸ਼ਾਲੀ ਪੇਸ਼ਕਾਰੀ ਨਾਲ ਜੱਜਾਂ ਤੇ ਦਰਸ਼ਕਾਂ ਨੂੰ ਪ੍ਰਭਾਵਿਤ ਕਰਦਿਆਂ ਪਹਿਲਾ ਸਥਾਨ ਪ੍ਰਾਪਤ ਕੀਤਾ। ਵਿਦਿਆਰਥੀਆਂ ਦੀ ਇਸ ਸ਼ਾਨਦਾਰ ਸਫਲਤਾ ਪਿੱਛੇ ਉਨ੍ਹਾਂ ਦੀ ਲਗਾਤਾਰ ਮਿਹਨਤ ਅਤੇ ਸਮਰਪਣ ਦੇ ਨਾਲ-ਨਾਲ ਉਨ੍ਹਾਂ ਦੇ ਮਾਰਗਦਰਸ਼ਕ ਰਾਹੁਲ ਤੇ ਰਜਤ ਦਾ ਵੀ ਮਹੱਤਵਪੂਰਨ ਯੋਗਦਾਨ ਰਿਹਾ। ਦੋਵਾਂ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਲਗਾਤਾਰ ਅਭਿਆਸ ਕਰਵਾਇਆ ਅਤੇ ਉਨ੍ਹਾਂ ਨੂੰ ਸਹੀ ਮਾਰਗਦਰਸ਼ਨ, ਪ੍ਰੇਰਣਾ ਤੇ ਹੌਸਲਾ ਦਿੱਤਾ। ਉਨ੍ਹਾਂ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਆਪਣੀ ਗਾਇਕੀ ਦੀ ਪ੍ਰਤਿਭਾ ਨੂੰ ਹੋਰ ਨਿਖਾਰਿਆ ਅਤੇ ਮੁਕਾਬਲੇ ਵਿੱਚ ਬੇਮਿਸਾਲ ਪ੍ਰਦਰਸ਼ਨ ਕੀਤਾ। ਇਸ ਮਾਣਮੱਤੀ ਪ੍ਰਾਪਤੀ ’ਤੇ ਸਕੂਲ ਦੇ ਸਮੂਹ ਸਟਾਫ਼ ਮੈਂਬਰਾਂ ਨੇ ਜੇਤੂ ਟੀਮ ਦੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਰਗਦਰਸ਼ਕ ਅਧਿਆਪਕਾਂ ਨੂੰ ਦਿਲੋਂ ਵਧਾਈ ਦਿੱਤੀ। ਸਕੂਲ ਦੇ ਪ੍ਰਿੰਸੀਪਲ ਵਿਵੇਕ ਤਿਵਾਰੀ ਨੇ ਇਸ ਸ਼ਾਨਦਾਰ ਉਪਲਬਧੀ ਲਈ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਰਗਦਰਸ਼ਕਾਂ ਨੂੰ ਵਧਾਈ ਦਿੱਤੀ।