
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਡੀਏਵੀ ਸਕੂਲ ਪਟਿਆਲਾ ਵੱਲੋਂ ਆਈ.ਟੀ.ਬੀ.ਪੀ. ਦੇ ਜਵਾਨਾਂ ਨਾਲ ਰੱਖੜੀ ਦਾ ਤਿਉਹਾਰ ਮਨਾਇਆ

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ•, ਪਟਿਆਲਾ : ਡੀਏਵੀ ਪਬਲਿਕ ਸਕੂਲ ਪਟਿਆਲਾ ਦੇ ਆਰਮੀ, ਨੇਵੀ ਤੇ ਏਅਰ ਵਿੰਗ ਦੇ 45 ਕੈਡਿਟਾਂ ਨੇ ਦੇਸ਼ ਦੀ ਰੱਖਿਆ ਲਈ ਸਦਾ ਸਮਰਪਿਤ ਰਹਿਣ ਵਾਲੇ 51ਵੀਂ ਬਟਾਲੀਅਨ ਆਈ.ਟੀ.ਬੀ.ਪੀ., ਪਟਿਆਲਾ ਦੇ ਬਹਾਦਰ ਜਵਾਨਾਂ ਨਾਲ ਰੱਖੜੀ ਦਾ ਤਿਉਹਾਰ ਬੜੇ ਪਿਆਰ ਤੇ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਕੈਡਿਟਾਂ ਨੇ ਏਐਨਓ ਮੋਨਿਕਾ ਗੁਪਤਾ ਦੀ ਅਗਵਾਈ ਹੇਠ ਆਪਣੇ ਹੱਥਾਂ ਨਾਲ ਸੁੰਦਰ ਰੱਖੜੀਆਂ ਤੇ ਸ਼ੁਭਕਾਮਨਾ ਕਾਰਡ ਤਿਆਰ ਕੀਤੇ। ਕੈਡਿਟਾਂ ਵੱਲੋਂ ਤਿਆਰ ਕੀਤੀਆਂ ਇਨ੍ਹਾਂ ਰੱਖੜੀਆਂ ਅਤੇ ਕਾਰਡਾਂ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਅਤੇ ਉਨ੍ਹਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ। ਇਸ ਮੌਕੇ ਕੈਡਿਟਾਂ ਨੇ ਦੇਸ਼ ਦੀ ਸੁਰੱਖਿਆ ਲਈ ਨਿਸ਼ਕਾਮ ਭਾਵਨਾ ਨਾਲ ਆਪਣੀਆਂ ਸੇਵਾਵਾਂ ਨਿਭਾ ਰਹੇ ਬਹਾਦਰ ਜਵਾਨਾਂ ਦੀਆਂ ਕਲਾਈਆਂ ’ਤੇ ਰੱਖੜੀਆਂ ਬੰਨ੍ਹੀਆਂ। ਸਮਾਗਮ ਦੀ ਸ਼ੋਭਾ ਕਮਾਂਡੈਂਟ ਨਰਿੰਦਰ ਕੁਮਾਰ, ਸੈਕਿੰਡ-ਇਨ-ਕਮਾਂਡ ਵਿਕਰਮ ਸਿੰਘ ਅਤੇ ਡਿਪਟੀ ਕਮਾਂਡੈਂਟ ਗਿਆਨ ਸਿੰਘ ਨੇ ਵਧਾਈ। ਕੈਡਿਟਾਂ ਦੇ ਨਾਲ ਏਐਨਓ ਮੋਨਿਕਾ ਗੁਪਤਾ ਅਤੇ ਸੀ.ਟੀ.ਓ. ਹਿਮਾਂਸ਼ੂ ਵੀ ਮੌਜੂਦ ਰਹੇ ਅਤੇ ਉਨ੍ਹਾਂ ਨੇ ਕੈਡਿਟਾਂ ਦਾ ਮਾਰਗਦਰਸ਼ਨ ਤੇ ਸਹਿਯੋਗ ਕੀਤਾ। ਸਮੁੱਚੇ ਸਮਾਗਮ ਸਕੂਲ ਦੇ ਪ੍ਰਿੰਸੀਪਲ ਵਿਵੇਕ ਤਿਵਾਰੀ ਦੇ ਮਾਰਗਦਰਸ਼ਨ ਅਤੇ ਦਿਸ਼ਾ-ਨਿਰਦੇਸ਼ ਹੇਠ ਕੀਤਾ ਗਿਆ।