
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਝਾਕੀਆਂ ਦੀ ਆੜ ’ਚ ਨਾਚ ਬਰਦਾਸ਼ਤ ਨਹੀਂ: ਵਿਪੁਲ ਬੱਬਰ, ਕੌਂਸਲਰ ਸਪਰਾ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਧਰਮ ਬਚਾਓ ਮੋਰਚਾ ਦੇ ਆਗੂ ਵਿਪੁਲ ਬੱਬਰ ਤੇ ਕੌਂਸਲਰ ਹਿਮਾਂਸ਼ੂ ਸਪਰਾ ਸਮੇਤ ਹੋਰਨਾਂ ਨੇ ਧਾਰਮਿਕ ਸਮਾਗਮਾਂ ਦੌਰਾਨ ਦੇਵੀ-ਦੇਵਤਿਆਂ ਦੀਆਂ ਝਾਕੀਆਂ ਦੀ ਆੜ ਵਿਚ ਕਰਵਾਏ ਜਾਂਦੇ ਨਾਚ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਹੈ। ਪ੍ਰੈੱਸ ਕਾਨਫਰੰਸ ਦੌਰਾਨ ਆਗੂਆਂ ਨੇ ਕਿਹਾ ਕਿ ਜਨਮ ਅਸ਼ਟਮੀ, ਸ਼ੋਭਾ ਯਾਤਰਾਵਾਂ ਤੇ ਜਗਰਾਤਿਆਂ ਸਮੇਤ ਹੋਰ ਧਾਰਮਿਕ ਸਮਾਗਮਾਂ ਵਿਚ ਦੇਵੀ-ਦੇਵਤਿਆਂ ਦੇ ਰੂਪ ਧਾਰ ਕੇ ਨਾਚ ਕਰਵਾਉਣ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਅਤੇ ਲੋਕਾਂ ਵਿੱਚ ਗਲਤ ਸੰਦੇਸ਼ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਰਾਜਪੁਰਾ ਦੀਆਂ 10 ਤੋਂ 15 ਧਾਰਮਿਕ ਸੰਸਥਾਵਾਂ ਦੀਆਂ ਕਮੇਟੀਆਂ ਨਾਲ ਮੀਟਿੰਗ ਕਰਕੇ ਇਸ ਮੁੱਦੇ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਸੰਸਥਾਵਾਂ ਦੇ ਅਹੁਦੇਦਾਰਾਂ ਨੇ ਮੰਗ ਨਾਲ ਸਹਿਮਤੀ ਜਤਾਉਂਦਿਆਂ ਆਉਣ ਵਾਲੇ ਧਾਰਮਿਕ ਸਮਾਗਮਾਂ ਵਿੱਚ ਝਾਕੀਆਂ ਤੋਂ ਨਾਚ ਨਾ ਕਰਵਾਉਣ ਦਾ ਭਰੋਸਾ ਦਿੱਤਾ ਹੈ। ਕੁਝ ਬੁੱਕ ਕੀਤੀਆਂ ਝਾਕੀਆਂ ਵੀ ਰੱਦ ਕੀਤੀਆਂ ਗਈਆਂ ਹਨ। ਵਿਪੁਲ ਬੱਬਰ ਤੇ ਹਿਮਾਂਸ਼ੂ ਸਪਰਾ ਨੇ ਕਿਹਾ ਕਿ ਆਉਣ ਵਾਲੀ ਜਨਮ ਅਸ਼ਟਮੀ ਮੌਕੇ ਮੰਦਰਾਂ ਵਿੱਚ ਸ੍ਰੀ ਕ੍ਰਿਸ਼ਨ ਜੀ ਦੇ ਜੀਵਨ ਨਾਲ ਸਬੰਧਤ ਝਾਕੀਆਂ ਵਿੱਚ ਬੱਚਿਆਂ ਨੂੰ ਸਿਰਫ਼ ਬਿਠਾਇਆ ਜਾਵੇ ਅਤੇ ਨਾਚ ਨਾ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਲੋਕਾਂ ਨੂੰ ਘਰ-ਘਰ ਜਾ ਕੇ ਜਾਗਰੂਕ ਕੀਤਾ ਜਾਵੇਗਾ ਅਤੇ ਐੱਸਡੀਐੱਮ ਰਾਜਪੁਰਾ ਨੂੰ ਮੰਗ ਪੱਤਰ ਵੀ ਸੌਂਪਿਆ ਜਾਵੇਗਾ। ਇਸ ਮੌਕੇ ਧਰੁਵ ਕਾਲੜਾ, ਕੁਲਦੀਪ ਸੇਠੀ, ਬੱਬੂ ਦਿਲਹੋੜ, ਅਨਿਲ, ਰਾਣਾ ਸਮੇਤ ਹੋਰ ਹਾਜ਼ਰ ਸਨ।