ਦਾਮਨ ਬਾਜਵਾ ਸਫ਼ਾਈ ਕਾਮਿਆਂ ਦੇ ਹੱਕ ’ਚ ਡਟੇ ਦਾਮਨ ਬਾਜਵਾ ਸਫ਼ਾਈ ਕਾਮਿਆਂ ਦੇ ਹੱਕ ’ਚ ਡਟੇ
Publish Date: Tue, 28 Jul 2026 03:49 PM (IST)
Updated Date: Wed, 29 Jul 2026 04:01 AM (IST)
ਕਿਹਾ-ਅਮਨ ਅਰੋੜਾ ਨੇ ਨਹੀਂ ਲਈ ਸਫ਼ਾਈ ਸੇਵਕਾਂ ਦੀ ਸਾਰ ਆਪ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਨਹੀਂ ਸੰਜੀਦਾ : ਹਰਮਨ ਬਾਜਵਾ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਕੱਚੇ ਸਫ਼ਾਈ ਕਾਮਿਆਂ ਨੂੰ ਪੱਕੇ ਕਰਨ ਤੇ ਆਊਟਸੋਰਸ ਨੂੰ ਵਿਭਾਗ ’ਚ ਮਰਜ਼ ਕਰਨ ਦੀ ਮੰਗ ਨੂੰ ਲੈ ਕੇ ਅਣਮਿੱਥੇ ਸਮੇਂ ਦੀ ਹੜਤਾਲ ਕਰਕੇ ਨਗਰ ਕੌਂਸਲ ਦਫ਼ਤਰ ਸੁਨਾਮ ਸਾਹਮਣੇ ਧਰਨਾ ਦੇ ਰਹੇ ਸਫ਼ਾਈ ਕਾਮਿਆਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨ ਲਈ ਭਾਜਪਾ ਜ਼ਿਲ੍ਹਾ ਸੰਗਰੂਰ ਦੀ ਪ੍ਰਧਾਨ ਦਾਮਨ ਬਾਜਵਾ ਤੇ ਹਰਮਨਦੇਵ ਸਿੰਘ ਬਾਜਵਾ ਧਰਨੇ ’ਚ ਸ਼ਮੂਲੀਅਤ ਕਰਨ ਪੁੱਜੇ। ਦੱਸ ਦੇਈਏ ਸਫ਼ਾਈ ਕਾਮਿਆਂ ਦੀ ਹੜਤਾਲ ਦੇ ਸਮਰਥਨ ’ਚ ਨਗਰ ਕੌਂਸਲ ਦੇ ਸੇਵਾ ਮੁਕਤ ਮੁਲਾਜ਼ਮਾਂ ਵੀ ਸ਼ਾਮਲ ਹੋਏ ਹਨ। ਭਾਜਪਾ ਆਗੂਆਂ ਦਾਮਨ ਬਾਜਵਾ ਤੇ ਹਰਮਨਦੇਵ ਸਿੰਘ ਬਾਜਵਾ ਨੇ ਸੂਬੇ ਦੀ ਭਗਵੰਤ ਮਾਨ ਸਰਕਾਰ ਨੂੰ ਘੇਰਦਿਆਂ ਆਖਿਆ ਕਿ ਆਮ ਆਦਮੀ ਪਾਰਟੀ ਨੇ ਆਮ ਲੋਕਾਂ ਦੀ ਪਾਰਟੀ ਆਖਕੇ ਲੋਕਾਂ ਦੀਆਂ ਵੋਟਾਂ ਲਈਆਂ ਸਨ ਲੇਕਿਨ ਹੁਣ ਕੁੱਝ ਕੁ ਮੀਟਰ ਦੀ ਦੂਰੀ ਤੇ ਬੈਠੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸਫ਼ਾਈ ਕਾਮਿਆਂ ਦੀ ਕਦੇ ਸਾਰ ਨਹੀਂ ਲਈ। ਉਨ੍ਹਾਂ ਕਿਹਾ ਕਿ ਸੂਬੇ ਦੀ ਸਰਕਾਰ ਮੰਗਾਂ ਪੂਰੀਆਂ ਕਰਨ ਦੀ ਬਜਾਏ ਹੱਕ ਮੰਗਦੇ ਸਫ਼ਾਈ ਸੇਵਕਾਂ ਤੇ ਡਾਂਗਾਂ ਵਰ੍ਹਾ ਰਹੀ ਹੈ। ਉਨ੍ਹਾਂ ਕਿਹਾ ਕਿ ਸਫ਼ਾਈ ਸੇਵਕਾਂ ਦੀ ਹੜਤਾਲ ਕਾਰਨ ਸ਼ਹਿਰਾਂ ਵਿੱਚ ਲੱਗੇ ਕੂੜੇ ਦੇ ਢੇਰਾਂ ਲਈ ਸਿੱਧੇ ਤੌਰ ਤੇ ਸਰਕਾਰ ਜ਼ਿੰਮੇਵਾਰ ਹੈ ਨਾ ਕਿ ਸਫ਼ਾਈ ਕਾਮੇ, ਸਰਕਾਰ ਮੰਗਾਂ ਪੂਰੀਆਂ ਕਰ ਦੇਵੇ ਸਫ਼ਾਈ ਕਰਮਚਾਰੀ ਆਪਣੀ ਡਿਊਟੀ ਤੇ ਪਰਤ ਆਉਣਗੇ। ਉਨ੍ਹਾਂ ਕਿਹਾ ਕਿ ਬਰਨਾਲਾ ਵਿਖੇ ਹਸਪਤਾਲਾਂ ਵਿੱਚ ਜੇਰੇ ਇਲਾਜ਼ ਸਫ਼ਾਈ ਕਾਮਿਆਂ ਦੀ ਮੂੰਹ ਬੋਲਦੀ ਤਸਵੀਰ ਸੱਚ ਬਿਆਨ ਕਰ ਰਹੀ ਹੈ। ਭਾਜਪਾ ਆਗੂਆਂ ਨੇ ਆਖਿਆ ਕਿ ਸਰਕਾਰ ਦੇ ਮੰਤਰੀ ਸਫ਼ਾਈ ਸੇਵਕਾਂ ਦੀ ਹੜਤਾਲ ਖ਼ਤਮ ਹੋਣ ਦਾ ਝੂਠ ਬੋਲਕੇ ਜਨਤਾ ਨੂੰ ਗੁੰਮਰਾਹ ਕਰ ਰਹੇ ਹਨ ਜਦਕਿ ਹਾਲੇ ਤੱਕ ਜਥੇਬੰਦੀਆਂ ਨੇ ਸਫ਼ਾਈ ਕਾਮਿਆਂ ਦੀਆਂ ਮੰਗਾਂ ਨੂੰ ਲੈਕੇ ਸਰਕਾਰ ਦੀ ਨੀਤੀ ਨੂੰ ਪ੍ਰਵਾਨ ਨਹੀਂ ਕੀਤਾ। ਇਸ ਮੌਕੇ ਸਰਕਲ ਪ੍ਰਧਾਨ ਰਾਜੀਵ ਕੁਮਾਰ ਮੱਖਣ, ਸ਼ੰਕਰ ਬਾਂਸਲ, ਸੰਜੇ ਗੋਇਲ, ਰਿੰਕੂ ਆਲਮਪੁਰੀਆ, ਅਸ਼ੋਕ ਗੋਇਲ, ਨਗਰ ਕੌਂਸਲ ਦੇ ਸੇਵਾ ਮੁਕਤ ਮੁਲਾਜ਼ਮ ਸੱਤਪਾਲ ਸੱਤੀ, ਸ਼ਵਿੰਦਰ ਸਿੰਘ ਚੱਠਾ, ਮਿਉਂਸਪਲ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਕਿਰਨਦੀਪ ਸਹੋਤਾ, ਸਫ਼ਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਅਮਨ ਸਿੱਖਣ, ਹਰਿੰਦਰ ਕੌਰ ਹਾਜ਼ਰ ਸਨ।