ਦਾਮਨ ਬਾਜਵਾ ਨੇ ਮੋਹਨਜੀਤ ਸ਼ੇਰੋਂ ਦੇ ਹੱਕ ’ਚ ਮਾਰਿਆ ਹਾਅ ਦਾ ਨਾਅਰਾ ਦਾਮਨ ਬਾਜਵਾ ਨੇ ਮੋਹਨਜੀਤ ਸ਼ੇਰੋਂ ਦੇ ਹੱਕ ’ਚ ਮਾਰਿਆ ਹਾਅ ਦਾ ਨਾਅਰਾ
Publish Date: Wed, 25 Nov 2026 06:24 PM (IST)
Updated Date: Thu, 26 Nov 2026 04:08 AM (IST)
ਮੰਤਰੀ ਅਮਨ ਅਰੋੜਾ ਨੂੰ ਸਵਾਲ ਪੁੱਛਣ ਦੇ ਡਰੋਂ ਪੁਲਿਸ ਨੇ ਕੀਤਾ ਡੀਟੇਨ, ਮੰਤਰੀ ਨੇ ਕਚਿਹਰੀ ਕੰਪਲੈਕਸ ਦਾ ਕਰਨਾ ਸੀ ਉਦਘਾਟਨ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਮੁੱਖ ਮੰਤਰੀ ਨੂੰ ਪਿੰਡ ਸ਼ੇਰੋਂ ਵਿਖੇ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਨਸ਼ਿਆ ਦੇ ਮਾਮਲੇ ਵਿੱਚ ਸਵਾਲ ਪੁੱਛਣ ਵਾਲੇ ਨੌਜਵਾਨ ਮੋਹਨਜੀਤ ਸਿੰਘ ਸ਼ੇਰੋਂ ਨੂੰ ਪੁਲਿਸ ਵੱਲੋਂ ਡੀਟੇਨ ਕੀਤੇ ਜਾਣ ਦੇ ਮਾਮਲੇ ਵਿੱਚ ਭਾਜਪਾ ਜ਼ਿਲ੍ਹਾ ਸੰਗਰੂਰ ਦੀ ਦਾਮਨ ਬਾਜਵਾ ਨੇ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਆਖਿਆ ਕਿ ਮੋਹਨਜੀਤ ਬੁੱਧਵਾਰ ਨੂੰ ਆਪਣੇ ਨਿੱਜੀ ਕੰਮ ਕਰਵਾਉਣ ਲਈ ਕਚਹਿਰੀ ਆਇਆ ਹੋਇਆ ਸੀ ਤਾਂ ਪੁਲਿਸ ਨੇ ਕਚਿਹਰੀ ਵਿਖੇ ਮੰਤਰੀ ਅਮਨ ਅਰੋੜਾ ਦੀ ਆਮਦ ਦੇ ਮੱਦੇਨਜ਼ਰ ਉਸਨੂੰ ਹਿਰਾਸਤ ਵਿੱਚ ਲੈ ਲਿਆ। ਦੱਸ ਦੇਈਏ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਚਿਹਰੀ ਵਿਖੇ ਬਣਾਏ ਪ੍ਰਬੰਧਕੀ ਕੰਪਲੈਕਸ ਦਾ ਉਦਘਾਟਨ ਕਰਨ ਲਈ ਆਉਣਾ ਸੀ। ਭਾਜਪਾ ਆਗੂ ਦਾਮਨ ਬਾਜਵਾ ਨੇ ਇੰਟਰਨੈੱਟ ਮੀਡੀਆ ਤੇ ਵੀਡੀਓ ਸਾਂਝੀ ਕਰਦਿਆਂ ਕਰਦਿਆਂ ਆਖਿਆ ਕਿ ਪੁਲਿਸ ਸਰਕਾਰ ਦੀ ਰਖੇਲ ਬਣਕੇ ਕੰਮ ਕਰ ਰਹੀ ਹੈ, ਨੌਜਵਾਨਾਂ ਦੀ ਅਵਾਜ਼ ਨੂੰ ਦਬਾਉਣ ਲਈ ਸਰਕਾਰ ਦਾ ਹੱਥ ਠੋਕਾ ਬਣ ਰਹੀ ਪੁਲਿਸ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਰਕਾਰਾਂ ਨੂੰ ਜਨਤਾ ਬਦਲ ਦਿੰਦੀ ਹੈ। ਉਨ੍ਹਾਂ ਆਖਿਆ ਕਿ ਮੋਹਨਜੀਤ ਸਿੰਘ ਸ਼ੇਰੋਂ ਵਰਗੇ ਨੌਜਵਾਨ ਪੰਜਾਬ ਅੰਦਰ ਚੱਲ ਰਹੇ ਨਸ਼ਿਆ ਦੇ ਕਾਲੇ ਕਾਰੋਬਾਰ ਖ਼ਿਲਾਫ਼ ਅਵਾਜ਼ ਬੁਲੰਦ ਕਰ ਰਹੇ ਹਨ ਲੇਕਿਨ ਮੁੱਖ ਮੰਤਰੀ ਸਮੇਤ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੌਜਵਾਨਾਂ ਦੇ ਸਵਾਲ ਸੁਣਨ ਤੋਂ ਡਰ ਰਹੇ ਹਨ। ਉਨ੍ਹਾਂ ਪੁਲਿਸ ਵੱਲੋਂ ਡੀਟੇਨ ਕੀਤੇ ਮੋਹਨਜੀਤ ਸਿੰਘ ਸ਼ੇਰੋਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦਿਆਂ ਆਖਿਆ ਕਿ ਪੁਲਿਸ ਉਕਤ ਨੌਜਵਾਨ ਨੂੰ ਤੁਰੰਤ ਛੱਡੇ ਨਹੀਂ ਤਾਂ ਫਿਰ ਲੋਕਾਂ ਦੇ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਉਨ੍ਹਾਂ ਅਮਨ ਅਰੋੜਾ ਨੂੰ ਆਖਿਆ ਕਿ ਸੂਬੇ ਦੀ ਜਨਤਾ ਦੇ ਸਵਾਲਾਂ ਦੇ ਜਵਾਬ ਦੇਣੇ ਪੈਣਗੇ।