ਦਾਮਨ ਬਾਜਵਾ ਨੇ ਪਾਣੀ ਦੇ ਡਿੱਗ ਰਹੇ ਪੱਧਰ ਤੇ ਜਤਾਈ ਚਿੰਤਾ ਦਾਮਨ ਬਾਜਵਾ ਨੇ ਪਾਣੀ ਦੇ ਡਿੱਗ ਰਹੇ ਪੱਧਰ ਤੇ ਜਤਾਈ ਚਿੰਤਾ
Publish Date: Wed, 18 Nov 2026 04:17 PM (IST)
Updated Date: Wed, 18 Nov 2026 04:18 PM (IST)
ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ ਵਿਧਾਨ ਸਭਾ ਹਲਕਾ ਸੁਨਾਮ ’ਚ ਲਗਾਤਾਰ ਡਿੱਗ ਰਹੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਲੈ ਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਸੰਗਰੂਰ-2 ਦਾਮਨ ਬਾਜਵਾ ਨੇ ਕੇਂਦਰੀ ਜਲ ਸ਼ਕਤੀ ਮੰਤਰੀ ਸੀਆਰ ਪਾਟਿਲ ਨਾਲ ਮੁਲਾਕਾਤ ਕਰ ਕੇ ਵਿਸ਼ੇਸ਼ ਜਲ ਸੰਭਾਲ ਅਤੇ ਰੀਚਾਰਜ ਪ੍ਰਾਜੈਕਟ ਸ਼ੁਰੂ ਕਰਨ ਸਬੰਧੀ ਮੰਗ ਪੱਤਰ ਸੌਂਪਿਆ। ਭਾਜਪਾ ਆਗੂ ਦਾਮਨ ਬਾਜਵਾ ਨੇ ਕਿਹਾ ਕਿ ਸੁਨਾਮ ਸਮੇਤ ਸੰਗਰੂਰ ਜ਼ਿਲ੍ਹੇ ਵਿੱਚ ਧਰਤੀ ਹੇਠਲੇ ਪਾਣੀ ਦਾ ਤੇਜ਼ੀ ਨਾਲ ਡਿੱਗਦਾ ਪੱਧਰ ਗੰਭੀਰ ਚਿੰਤਾ ਦਾ ਵਿਸ਼ਾ ਹੈ। ਕੇਂਦਰੀ ਭੂ-ਜਲ ਬੋਰਡ ਦੇ 2020 ਦੇ ਮੁਲਾਂਕਣ ਅਨੁਸਾਰ ਸੁਨਾਮ ਬਲਾਕ ਵਿੱਚ ਧਰਤੀ ਹੇਠਲੇ ਪਾਣੀ ਦੀ ਨਿਕਾਸੀ 338 ਫੀਸਦੀ ਦਰਜ ਕੀਤੀ ਗਈ ਸੀ ਅਤੇ ਇਸਨੂੰ ‘ਓਵਰ-ਐਕਸਪਲੋਇਟਿਡ’ ਸ਼੍ਰੇਣੀ ਵਿੱਚ ਰੱਖਿਆ ਗਿਆ ਸੀ। ਇਸੇ ਤਰ੍ਹਾਂ, 2025 ਦੇ ਡਾਇਨਾਮਿਕ ਗਰਾਊਂਡਵਾਟਰ ਰਿਸੋਰਸ ਅਸੈਸਮੈਂਟ ਅਨੁਸਾਰ ਸੰਗਰੂਰ ਜ਼ਿਲ੍ਹੇ ਵਿੱਚ ਧਰਤੀ ਹੇਠਲੇ ਪਾਣੀ ਦੀ ਨਿਕਾਸੀ ਦਰ 309.99 ਫ਼ੀਸਦੀ ਦਰਜ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਗੰਭੀਰ ਸਥਿਤੀ ਦੇ ਮੱਦੇਨਜ਼ਰ ਸੁਨਾਮ ਲਈ ਵਿਸ਼ੇਸ਼ ‘ਗਰਾਊਂਡਵਾਟਰ ਕੰਜ਼ਰਵੇਸ਼ਨ ਐਂਡ ਵਾਟਰ ਸਕਿਊਰਿਟੀ ਪ੍ਰੋਜੈਕਟ’ ਤਿਆਰ ਕੀਤਾ ਜਾਣਾ ਚਾਹੀਦਾ ਹੈ। ਇਸ ਤਹਿਤ ਆਰਟੀਫੀਸ਼ੀਅਲ ਗਰਾਊਂਡਵਾਟਰ ਰੀਚਾਰਜ ਸਟ੍ਰਕਚਰ, ਰੇਨ ਵਾਟਰ ਹਾਰਵੈਸਟਿੰਗ ਸਿਸਟਮ, ਪਿੰਡਾਂ ਦੇ ਛੱਪੜਾਂ ਦੀ ਮੁੜ ਬਹਾਲੀ ਅਤੇ ਆਧੁਨਿਕ ਗਰਾਊਂਡਵਾਟਰ ਮਾਨੀਟਰਿੰਗ ਸਟੇਸ਼ਨਾਂ ਦੀ ਸਥਾਪਨਾ ਕੀਤੀ ਜਾਵੇ। ਉਨ੍ਹਾਂ ਕੇਂਦਰੀ ਮੰਤਰੀ ਤੋਂ ਮੰਗ ਕੀਤੀ ਕਿ ਕੇਂਦਰੀ ਭੂ-ਜਲ ਬੋਰਡ ਰਾਹੀਂ ਸੁਨਾਮ ਦੀ ਨਵੀਂ ਵਿਗਿਆਨਕ ਜਾਂਚ ਕਰਵਾਈ ਜਾਵੇ ਅਤੇ ਇੱਕ ਵਿਸਥਾਰਤ ਡੀਪੀਆਰ ਤਿਆਰ ਕਰਕੇ ਕੇਂਦਰ ਸਰਕਾਰ ਵੱਲੋਂ ਲੋੜੀਂਦੀ ਵਿੱਤੀ ਅਤੇ ਤਕਨੀਕੀ ਸਹਾਇਤਾ ਮੁਹੱਈਆ ਕਰਵਾਈ ਜਾਵੇ। ਇਸ ਮੌਕੇ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ, ਮਾਣਯੋਗ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਅਤੇ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਰਣਜੀਤ ਗਿੱਲ ਅਤੇ ਸੁਭਾਸ਼ ਸ਼ਰਮਾ ਵੀ ਮੌਜੂਦ ਰਹੇ। ਸਾਰੇ ਆਗੂਆਂ ਨੇ ਸੁਨਾਮ ਅਤੇ ਸੰਗਰੂਰ ਦੇ ਧਰਤੀ ਹੇਠਲੇ ਪਾਣੀ ਦੀ ਸੰਭਾਲ ਨੂੰ ਬੇਹੱਦ ਮਹੱਤਵਪੂਰਨ ਮੁੱਦਾ ਦੱਸਦਿਆਂ ਇਸ ਸਬੰਧੀ ਕੇਂਦਰ ਸਰਕਾਰ ਵੱਲੋਂ ਢੁੱਕਵੇਂ ਅਤੇ ਲੰਬੇ ਸਮੇਂ ਦੇ ਹੱਲ ਲਈ ਪਹਿਲਕਦਮੀ ਦੀ ਲੋੜ ’ਤੇ ਜ਼ੋਰ ਦਿੱਤਾ। ਦਾਮਨ ਬਾਜਵਾ ਨੇ ਕਿਹਾ ਕਿ ਪਾਣੀ ਸਿਰਫ਼ ਅੱਜ ਦੀ ਲੋੜ ਨਹੀਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਅਤੇ ਕਿਸਾਨੀ ਦਾ ਆਧਾਰ ਹੈ। ਸਮੇਂ ਸਿਰ ਕੀਤੀ ਗਈ ਠੋਸ ਕਾਰਵਾਈ ਹੀ ਸੁਨਾਮ ਦੇ ਜਲ ਸਰੋਤਾਂ ਨੂੰ ਬਚਾ ਸਕਦੀ ਹੈ ਅਤੇ ਭਵਿੱਖ ਵਿੱਚ ਪੈਦਾ ਹੋਣ ਵਾਲੇ ਪਾਣੀ ਦੇ ਸੰਕਟ ਨੂੰ ਟਾਲ ਸਕਦੀ ਹੈ।