- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੂਬੇ ਭਰ ਦੇ ਸਾਈਕਲਿਸਟਾਂ ਨੇ ਦਿਖਾਇਆ ਦਮ, ਨੈਸ਼ਨਲ ਚੈਂਪੀਅਨਸ਼ਿਪ ਲਈ ਪੰਜਾਬ ਦੀ ਟੀਮ ਚੁਣੀ ਜਾਵੇਗੀ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ (ਸੀਏਪੀ) ਵੱਲੋਂ ਪੰਜਾਬ ਸਟੇਟ ਐੱਮਟੀਬੀ ਸਾਈਕਲਿੰਗ ਚੈਂਪੀਅਨਸ਼ਿਪ-2026 ਪਟਿਆਲਾ ਵਿਖੇ ਕਰਵਾਈ ਗਈ। ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪਹੁੰਚੇ ਸਾਈਕਲਿਸਟਾਂ ਨੇ ਵੱਖ-ਵੱਖ ਉਮਰ ਵਰਗਾਂ ਵਿਚ ਆਪਣੀ ਸਰੀਰਕ ਸਮਰੱਥਾ, ਸਹਿਣਸ਼ੀਲਤਾ ਅਤੇ ਤਕਨੀਕੀ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਚੈਂਪੀਅਨਸ਼ਿਪ ਵਿਚ ਖਿਡਾਰੀਆਂ ਦੀ ਕਾਰਗੁਜ਼ਾਰੀ ਦੇ ਆਧਾਰ ’ਤੇ ਨੈਸ਼ਨਲ ਐੱਮਟੀਬੀ ਸਾਈਕਲਿੰਗ ਚੈਂਪੀਅਨਸ਼ਿਪ ਲਈ ਪੰਜਾਬ ਦੀ ਟੀਮ ਦੀ ਚੋਣ ਕੀਤੀ ਜਾਵੇਗੀ। ਐਸੋਸੀਏਸ਼ਨ ਦੇ ਪ੍ਰਧਾਨ ਚਰਨਜੀਤ ਸਿੰਘ ਧਾਲੀਵਾਲ ਨੇ ਖਿਡਾਰੀਆਂ, ਕੋਚਾਂ, ਤਕਨੀਕੀ ਅਧਿਕਾਰੀਆਂ ਅਤੇ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਵਿਚ ਸਾਈਕਲਿੰਗ ਦੀ ਬੇਅੰਤ ਪ੍ਰਤਿਭਾ ਮੌਜੂਦ ਹੈ। ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਐਸੋਸੀਏਸ਼ਨ ਦਾ ਮੁੱਖ ਟੀਚਾ ਪੰਜਾਬ ਵਿਚ ਸਾਈਕਲਿੰਗ ਨੂੰ ਜ਼ਮੀਨੀ ਪੱਧਰ ਤੋਂ ਮਜ਼ਬੂਤ ਕਰਕੇ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਖਿਡਾਰੀ ਤਿਆਰ ਕਰਨਾ ਹੈ। ਉਨ੍ਹਾਂ ਦੱਸਿਆ ਕਿ ਸੂਬਾ ਪੱਧਰੀ ਚੈਂਪੀਅਨਸ਼ਿਪ ਤੋਂ ਪਹਿਲਾਂ ਵੱਖ-ਵੱਖ ਜ਼ਿਲ੍ਹਿਆਂ ਵਿਚ ਮੁਕਾਬਲੇ ਕਰਵਾਏ ਗਏ ਸਨ, ਤਾਂ ਜੋ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਦੀ ਪ੍ਰਤਿਭਾ ਨੂੰ ਅੱਗੇ ਆਉਣ ਦਾ ਮੌਕਾ ਮਿਲ ਸਕੇ। ਮੁਕਾਬਲਿਆਂ ਵਿਚ ਯੂਥ ਬੁਆਏਜ਼ ਵਿਚ ਰੋਪੜ ਦੇ ਅਖਿਲੇਸ਼ ਵਰਮਾ, ਯੂਥ ਗਰਲਜ਼ ਵਿਚ ਪਟਿਆਲਾ ਦੀ ਹੰਸਿਕਾ, ਸਬ-ਜੂਨੀਅਰ ਬੁਆਏਜ਼ ਵਿਚ ਸੰਗਰੂਰ ਦੇ ਖੁਸ਼ਪ੍ਰੀਤ ਸਿੰਘ ਅਤੇ ਸਬ-ਜੂਨੀਅਰ ਗਰਲਜ਼ ਵਿੱਚ ਲੁਧਿਆਣਾ ਦੀ ਅੰਸ਼ਿਕਾ ਨੇ ਸੋਨ ਤਗਮੇ ਜਿੱਤੇ। ਜੂਨੀਅਰ ਪੁਰਸ਼ ਵਰਗ ਵਿੱਚ ਹੁਸ਼ਿਆਰਪੁਰ ਦੇ ਸੂਰਿਆ ਠਾਕੁਰ ਅਤੇ ਜੂਨੀਅਰ ਮਹਿਲਾ ਵਰਗ ਵਿੱਚ ਲੁਧਿਆਣਾ ਦੀ ਤਰਨਵੀਰ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਪੁਰਸ਼ ਅੰਡਰ-23 ਵਿੱਚ ਮੋਹਾਲੀ ਦੇ ਅਭੈ ਪ੍ਰਤਾਪ ਸਿੰਘ ਬਿੰਨਰ, ਪੁਰਸ਼ ਐਲੀਟ ਵਿੱਚ ਲੁਧਿਆਣਾ ਦੇ ਮੁਹੰਮਦ ਨਸੀਰੂ ਅਤੇ ਮਹਿਲਾ ਐਲੀਟ ਵਿੱਚ ਲੁਧਿਆਣਾ ਦੀ ਅਸ਼ਮੀਤ ਕੌਰ ਨੇ ਸੋਨ ਤਗਮੇ ਜਿੱਤੇ। ਚੈਂਪੀਅਨਸ਼ਿਪ ਦੌਰਾਨ ਤਗਮਾ ਜੇਤੂ ਖਿਡਾਰੀਆਂ ਦਾ ਉੱਘੀਆਂ ਖੇਡ ਤੇ ਸਮਾਜਿਕ ਸ਼ਖ਼ਸੀਅਤਾਂ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਅੰਤਰਰਾਸ਼ਟਰੀ ਪਹਿਲਵਾਨ ਅਤੇ ਡੀ.ਐਸ.ਪੀ. ਕਰਨੈਲ ਸਿੰਘ, ਸਾਈਕਲਿਸਟ ਵਿਸ਼ਵਜੀਤ ਸਿੰਘ ਭੰਗੂ, ਗੁਰਵਿੰਦਰ ਸਿੰਘ ਡੂਮਛੇੜੀ, ਨੈਸ਼ਨਲ ਫੁਟਬਾਲ ਖਿਡਾਰੀ ਸੰਜੇ ਸ਼ਰਮਾ, ਬ੍ਰਿਗੇਡੀਅਰ ਐਚ.ਪੀ.ਐਸ. ਬੇਦੀ ਅਤੇ ਡਾ. ਪਰਮਵੀਰ ਸਿੰਘ ਗਰੇਵਾਲ ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।