ਭਾਰੀ ਮੀਂਹ ਨਾਲ ਫਸਲਾਂ ਜਲਥਲ, ਖੇਤਾਂ 'ਚ ਜਮ੍ਹਾਂ ਹੋਇਆ ਦੋ-ਦੋ ਫੁੱਟ ਪਾਣੀ ਭਾਰੀ ਮੀਂਹ ਨਾਲ ਫਸਲਾਂ ਜਲਥਲ, ਖੇਤਾਂ 'ਚ ਜਮ੍ਹਾਂ ਹੋਇਆ ਦੋ-ਦੋ ਫੁੱਟ ਪਾਣੀ
Publish Date: Mon, 13 Jul 2026 06:03 PM (IST)
Updated Date: Tue, 14 Jul 2026 04:04 AM (IST)
ਭੜੋਲੀਆਂ ਬੰਦ ਹੋਣ ਕਾਰਨ ਪਾਣੀ ਦੀ ਨਿਕਾਸੀ ਪ੍ਰਭਾਵਿਤ, ਹਰਾ ਚਾਰਾ ਵੱਢਣਾ ਵੀ ਹੋਇਆ ਔਖਾ ਕਿਸਾਨਾਂ ਨੇ ਪ੍ਰਸ਼ਾਸਨ ਤੋਂ ਤੁਰੰਤ ਭੜੋਲੀਆਂ ਖੁਲਵਾਉਣ ਦੀ ਕੀਤੀ ਮੰਗ ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਪਿਛਲੇ ਦਿਨ ਪਏ ਭਾਰੀ ਮੀਂਹ ਕਾਰਨ ਭਵਾਨੀਗੜ੍ਹ ਇਲਾਕੇ ਦੇ ਕਈ ਪਿੰਡਾਂ ਵਿੱਚ ਖੇਤ ਪਾਣੀ ਨਾਲ ਜਲਥਲ ਹੋ ਗਏ ਹਨ। ਨੇੜ੍ਹਲੇ ਪਿੰਡ ਮਾਝੀ ਵਿਖੇ ਖੇਤਾਂ ਵਿੱਚ ਦੋ-ਦੋ ਫੁੱਟ ਤੱਕ ਪਾਣੀ ਖੜ੍ਹਾ ਹੋਣ ਕਾਰਨ ਝੋਨੇ ਸਮੇਤ ਹੋਰ ਫਸਲਾਂ ਨੂੰ ਨੁਕਸਾਨ ਪਹੁੰਚਣ ਦਾ ਖ਼ਦਸ਼ਾ ਬਣ ਗਿਆ ਹੈ। ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਕਿਸਾਨਾਂ ਨੂੰ ਪਸ਼ੂਆਂ ਲਈ ਹਰਾ ਚਾਰਾ ਵੱਢਣ ਵਿੱਚ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨਾਲ ਉਨ੍ਹਾਂ ਦੀ ਚਿੰਤਾ ਹੋਰ ਵਧ ਗਈ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡ ਮਾਝੀ ਦੇ ਕਿਸਾਨ ਚਮਕੌਰ ਸਿੰਘ, ਜਸਪਾਲ ਸਿੰਘ, ਸੁਖਦੀਪ ਸਿੰਘ (ਸੁੱਖੀ ਬੁੱਟਰ), ਬਹਾਦਰ ਸਿੰਘ ਬੁੱਟਰ, ਗੁਰਦੇਵ ਸਿੰਘ, ਮਿੱਠੂ ਸਿੰਘ, ਬਲਵੀਰ ਸਿੰਘ, ਪੂਰਨ ਸਿੰਘ, ਥਾਣੇਦਾਰ ਟੇਕ ਸਿੰਘ, ਭੁਪਿੰਦਰ ਸਿੰਘ ਅਤੇ ਸੱਤਾ ਸਿੰਘ ਨੇ ਦੱਸਿਆ ਕਿ ਕਈ ਖੇਤਾਂ ਵਿੱਚ ਲਗਭਗ ਦੋ ਫੁੱਟ ਤੱਕ ਪਾਣੀ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਕੁਝ ਥਾਵਾਂ ਤੇ ਝੋਨੇ ਦੀ ਨਵੀਂ ਲਗਾਈ ਫਸਲ ਪੂਰੀ ਤਰ੍ਹਾਂ ਪਾਣੀ ਹੇਠ ਆ ਗਈ ਹੈ, ਜਦਕਿ ਲਗਾਤਾਰ ਪਾਣੀ ਖੜ੍ਹਾ ਰਹਿਣ ਕਾਰਨ ਫਸਲ ਦੇ ਖਰਾਬ ਹੋਣ ਦਾ ਡਰ ਬਣਿਆ ਹੋਇਆ ਹੈ। ਕਿਸਾਨਾਂ ਨੇ ਦੱਸਿਆ ਕਿ ਪਾਣੀ ਖੜ੍ਹਾ ਹੋਣ ਕਾਰਨ ਪਸ਼ੂਆਂ ਲਈ ਹਰਾ ਚਾਰਾ ਵੱਢਣਾ ਵੀ ਮੁਸ਼ਕਿਲ ਹੋ ਗਿਆ ਹੈ। ਖੇਤਾਂ ਵਿੱਚ ਪਾਣੀ ਭਰ ਜਾਣ ਕਾਰਨ ਮਸ਼ੀਨਾਂ ਅਤੇ ਹੋਰ ਖੇਤੀਬਾੜੀ ਦੇ ਸੰਦ ਵੀ ਅੰਦਰ ਨਹੀਂ ਜਾ ਸਕਦੇ, ਜਿਸ ਨਾਲ ਰੋਜ਼ਾਨਾ ਦੇ ਕੰਮ ਪ੍ਰਭਾਵਿਤ ਹੋ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਇਹ ਸਮੱਸਿਆ ਕੁਝ ਕਿਸਾਨਾਂ ਵੱਲੋਂ ਪਾਣੀ ਦੀ ਨਿਕਾਸੀ ਲਈ ਬਣੀਆਂ ਭੜੋਲੀਆਂ ਬੰਦ ਕਰਨ ਕਾਰਨ ਪੈਦਾ ਹੋਈ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਭੜੋਲੀਆਂ ਖੁੱਲ੍ਹੀਆਂ ਹੁੰਦੀਆਂ ਤਾਂ ਮੀਂਹ ਦਾ ਪਾਣੀ ਆਪਣੇ ਆਪ ਨੀਵੇਂ ਇਲਾਕਿਆਂ ਵੱਲ ਨਿਕਲ ਜਾਂਦਾ ਅਤੇ ਖੇਤਾਂ ਵਿੱਚ ਪਾਣੀ ਨਾ ਖੜ੍ਹਦਾ। ਉਨ੍ਹਾਂ ਦੋਸ਼ ਲਗਾਇਆ ਕਿ ਕੁਝ ਲੋਕਾਂ ਦੀ ਲਾਪਰਵਾਹੀ ਦਾ ਨੁਕਸਾਨ ਪੂਰੇ ਇਲਾਕੇ ਦੇ ਕਿਸਾਨਾਂ ਨੂੰ ਝੱਲਣਾ ਪੈ ਰਿਹਾ ਹੈ। ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬੰਦ ਕੀਤੀਆਂ ਗਈਆਂ ਭੜੋਲੀਆਂ ਨੂੰ ਤੁਰੰਤ ਖੁਲਵਾਇਆ ਜਾਵੇ, ਤਾਂ ਜੋ ਮੀਂਹ ਦੇ ਪਾਣੀ ਦੀ ਸੁਚੱਜੀ ਨਿਕਾਸੀ ਹੋ ਸਕੇ ਅਤੇ ਫਸਲਾਂ ਨੂੰ ਹੋਰ ਨੁਕਸਾਨ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਜਲਦੀ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਖੇਤਾਂ ਵਿੱਚ ਖੜ੍ਹੇ ਪਾਣੀ ਕਾਰਨ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪੈ ਸਕਦਾ ਹੈ।