ਚੋਰੀ ਦਾ ਇਲਜ਼ਾਮ ਲੱਗਣ ਤੇ ਜ਼ਲੀਲ ਕਰਨ ’ਤੇ ਨੌਜਵਾਨ ਵੱਲੋਂ ਖੁਦਕੁਸ਼ੀ
ਚੋਰੀ ਦਾ ਇਲਜ਼ਾਮ ਲੱਗਣ ਅਤੇ ਜਲੀਲ ਕਰਨ ’ਤੇ ਨੌਜਵਾਨ ਵੱਲੋਂ ਖੁਦਕੁਸ਼ੀ
Publish Date: Thu, 02 Apr 2026 05:21 PM (IST)
Updated Date: Thu, 02 Apr 2026 05:25 PM (IST)
ਜੀਐੱਸ ਮਹਿਰੋਕ, ਪੰਜਾਬੀ ਜਾਗਰਣ ਦੇਵੀਗਡ਼੍ਹ : ਥਾਣਾ ਜੁਲਕਾਂ ਅਧੀਨ ਪਿੰਡ ਸ਼ੇਖੂਪੁਰ ਵਿਖੇ ਇੱਕ ਵਿਅਕਤੀ ਵੱਲੋਂ ਫਾਹਾ ਲੈ ਕੇ ਖੁਦਕਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਸੁਖਵਿੰਦਰ ਕੌਰ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੇ ਪਤੀ ਦੀ ਮੌਤ ਹੋਣ ਤੋਂ ਬਾਅਦ ਰਾਮ ਗਿਰ ਨਾਲ ਵਿਆਹੀ ਗਈ ਸੀ। ਉਸਦਾ ਇੱਕ 25 ਸਾਲ ਦਾ ਲਡ਼ਕਾ ਸੰਦੀਪ ਸਿੰਘ ਵੀ ਹੈ, ਜੋ ਮੁਲਜ਼ਮ ਮਨੀ ਸਿੰਘ ਕੋਲ ਉਸ ਦੀ ਟ੍ਰਾਂਸਪੋਰਟ ਵਿੱਚ ਡਰਾਇਵਰ ਦੀ ਨੌਕਰੀ ਕਰਦਾ ਸੀ, ਜੋ ਕਿ ਕਈ ਕਈ ਦਿਨ ਬਾਅਦ ਘਰ ਆਉਂਦਾ ਹੈ। ਸੰਦੀਪ ਸਿੰਘ 31 ਮਾਰਚ ਨੂੰ ਸ਼ਾਮ ਨੂੰ ਘਰ ਆਇਆ ਤਾਂ ਮਨੀ ਸਿੰਘ ਤੇ ਉਸ ਦੇ ਚਾਚੇ ਦੇ ਲਡ਼ਕੇ ਰਾਜੂ ਸਿੰਘ ਨੇ ਉਸ ’ਤੇ ਟਰੱਕ ਵਿਚੋਂ 150 ਲੀਟਰ ਡੀਜ਼ਲ ਚੋਰੀ ਕਰ ਕੇ ਵੇਚਣ ਦਾ ਇਲਜ਼ਾਮ ਲਗਾ ਦਿੱਤਾ ਅਤੇ ਸਾਰਿਆਂ ਦੇ ਸਾਹਮਣੇ ਉਸ ਨੂੰ ਜ਼ਲੀਲ ਕੀਤਾ। ਕਾਫੀ ਸਮਾਂ ਸਮਝਾਉਣ ਤੇ ਮੁਦੈਲਾ ਦਾ ਪਤੀ ਸੰਦੀਪ ਸਿੰਘ ਨੂੰ ਆਪਣੇ ਨਾਲ ਪਿੰਡ ਦੇ ਨੇਡ਼ੇ ਹੀ ਇੱਕ ਪੋਲਟਰੀ ਫਾਰਮ ਵਿਖੇ ਲੈ ਗਿਆ। ਜਦੋਂ ਮੁਦੈਲਾ ਆਪਣੇ ਪਤੀ ਸਮੇਤ ਸੰਦੀਪ ਸਿੰਘ ਦੀ ਰੋਟੀ ਲੈ ਕੇ ਪੋਲਟਰੀ ਫਾਰਮ ਪੁੱਜੀ ਤਾਂ ਦੇਖਿਆ ਕਿ ਸੰਦੀਪ ਸਿੰਘ ਨੇ ਆਪਣੇ ਗਲ ਵਿੱਚ ਰੱਸੀ ਪਾ ਕੇ ਗਾਰਡਰ ਨਾਲ ਫਾਹਾ ਲਿਆ ਹੋਇਆ ਸੀ। ਇਸ ਸਬੰਧੀ ਥਾਣਾ ਜੁਲਕਾਂ ਦੀ ਪੁਲੀਸ ਨੇ ਮਨੀ ਸਿੰਘ ਤੇ ਰਾਜੂ ਸਿੰਘ ਵਿਰੁੱਧ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।