ਨਕਲੀ ਪੁਲਿਸ ਮੁਲਾਜ਼ਮ ਬਣ ਫੌਜੀ ਦੇ ਘਰ ’ਚ ਦਾਖਲ ਹੋਏ ਠੱਗ ਨਕਲੀ ਪੁਲਿਸ ਮੁਲਾਜ਼ਮ ਬਣ ਫੌਜੀ ਦੇ ਘਰ ’ਚ ਦਾਖਲ ਹੋਏ ਠੱਗ
Publish Date: Sun, 09 Aug 2026 06:38 PM (IST)
Updated Date: Mon, 10 Aug 2026 04:03 AM (IST)
ਬਜ਼ੁਰਗ ਜੋੜੇ ਤੇ ਨੂੰਹ ਨੂੰ ਡਰਾ ਕੇ ਤਲਾਸ਼ੀ ਦੇ ਬਹਾਨੇ 60 ਹਜ਼ਾਰ ਰੁਪਏ ਲੈ ਕੇ ਫਰਾਰ ਨਸ਼ਾ ਵੇਚਣ ਦੇ ਸ਼ੱਕ ਦੇ ਬਹਾਨੇ ਹੋਏ ਘਰ ’ਚ ਦਾਖਲ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, •ਦੇਵੀਗੜ੍ਹ/ਪਟਿਆਲਾ : ਥਾਣਾ ਜੁਲਕਾਂ ਅਧੀਨ ਆਉਂਦੇ ਪਿੰਡ ਬਹਾਦਰਪੁਰ ਫਕੀਰਾਂ (ਨਮਕਗਿਰਾ) ’ਚ ਨਸ਼ਾ ਵੇਚੇ ਜਾਣ ਦਾ ਸ਼ੱਕ ਜ਼ਾਹਰ ਕਰਦੇ ਹੋਏ ਫੌਜੀ ਦੇ ਘਰ ’ਚ ਦਾਖਲ ਹੋਏ ਨਕਲੀ ਪੁਲਿਸ ਮੁਲਾਜ਼ਮ ਤਲਾਸ਼ੀ ਦੇ ਬਹਾਨੇ 60 ਹਜ਼ਾਰ ਰੁਪਏ ਲੈ ਕੇ ਫਰਾਰ ਹੋ ਗਏ। ਪਹਿਲਾਂ ਪੁਲਿਸ ਵਰਗੀ ਵਰਦੀ ਪਹਿਨੇ 3 ਨੌਜਵਾਨ ਘਰ ’ਚ ਦਾਖਲ ਹੋਏ, ਜਿਨ੍ਹਾਂ ਨੇ ਨਸ਼ਾ ਵੇਚੇ ਜਾਣ ਦੀ ਸੂਚਨਾ ਮਿਲਣ ਦਾ ਬਹਾਨਾ ਬਣਾ ਕੇ ਰੇਕੀ ਕੀਤੀ। ਇਸ ਤੋਂ ਬਾਅਦ 3 ਹੋਰ ਵਿਅਕਤੀ ਸਾਦੇ ਕੱਪੜਿਆਂ ’ਚ ਆਏ ਅਤੇ ਦੋ ਮੰਜ਼ਿਲਾ ਘਰ ਦੀ ਤਲਾਸ਼ੀ ਲੈਣ ਦੇ ਬਹਾਨੇ 60 ਹਜ਼ਾਰ ਰੁਪਏ ਲੈ ਕੇ ਫਰਾਰ ਹੋ ਗਏ। ਘਟਨਾ 29 ਜੂਨ 2026 ਦੀ ਹੈ। ਕਰੀਬ 40 ਦਿਨ ਦੀ ਜਾਂਚ ਤੋਂ ਬਾਅਦ ਜੁਲਕਾਂ ਥਾਣੇ ’ਚ ਬੀਤੀ ਰਾਤ ਮਾਮਲਾ ਦਰਜ ਕੀਤਾ ਗਿਆ ਹੈ। ਇਹ ਕੇਸ ਫੌਜੀ ਦੇ ਪਿਤਾ ਹਰਬੰਸ ਸਿੰਘ ਦੇ ਬਿਆਨਾਂ ’ਤੇ 6 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਦਰਜ ਕੀਤਾ ਗਿਆ ਹੈ। ਹਾਲੇ ਤੱਕ ਕਿਸੇ ਵੀ ਮੁਲਜ਼ਮ ਦੀ ਪਛਾਣ ਨਹੀਂ ਹੋ ਸਕੀ। ਸ਼ਿਕਾਇਤਕਰਤਾ ਹਰਬੰਸ ਸਿੰਘ ਨੇ ਦੱਸਿਆ ਕਿ 29 ਜੂਨ ਦੀ ਦੁਪਹਿਰ ਉਹ ਆਪਣੀ ਪਤਨੀ ਤੇ ਨੂੰਹ ਨਾਲ ਘਰ ’ਚ ਮੌਜੂਦ ਸਨ। ਦੁਪਹਿਰ ਕਰੀਬ 2 ਵਜੇ ਗੇਟ ’ਤੇ 3 ਵਿਅਕਤੀ ਆਏ ਤੇ ਕਹਿਣ ਲੱਗੇ ਕਿ ਉਹ ਮੁੰਡੇ ਦੀ ਨੋਕਰੀ ਦੀ ਵੈਰੀਫਿਕੇਸ਼ਨ ਲਈ ਆਏ ਹਨ। ਇਹ ਸੁਣ ਕੇ ਜਦੋਂ ਉਨ੍ਹਾਂ ਨੇ ਗੇਟ ਖੋਲ੍ਹਿਆ ਤਾਂ 3 ਨੌਜਵਾਨ ਪੁਲਿਸ ਵਰਗੀ ਖਾਕੀ ਵਰਦੀ ਪਹਿਨੇ ਹੋਏ ਸਨ। ਜਦੋਂ ਉਨ੍ਹਾਂ ਨੇ ਵੈਰੀਫਿਕੇਸ਼ਨ ਦਾ ਕਾਰਨ ਪੁੱਛਿਆ ਤਾਂ ਇਨ੍ਹਾਂ ਵਿਅਕਤੀਆਂ ਨੇ ਗੇਟ ਬੰਦ ਕਰਦੇ ਹੋਏ ਕਿਹਾ ਕਿ ਸੂਚਨਾ ਮਿਲੀ ਹੈ ਕਿ ਉਨ੍ਹਾਂ ਦੇ ਘਰ ’ਚ ਨਸ਼ਾ ਵੇਚਿਆ ਜਾਂਦਾ ਹੈ। ਇਸ ’ਤੇ ਉਨ੍ਹਾਂ ਨੇ ਦੱਸਿਆ ਕਿ ਵੱਡਾ ਪੁੱਤਰ ਪ੍ਰਾਈਵੇਟ ਫਾਈਨਾਂਸ ਕੰਪਨੀ ’ਚ ਲੋਨ ਕਰਵਾਉਣ ਦਾ ਕੰਮ ਕਰਦਾ ਹੈ, ਜਦਕਿ ਛੋਟਾ ਪੁੱਤਰ ਭਾਰਤੀ ਫੌਜ ਵਿੱਚ ਹੈ। ਉਨ੍ਹਾਂ ਕਿਹਾ ਕਿ ਘਰ ਤਾਂ ਕੀ ਪਿੰਡ ’ਚ ਵੀ ਨਸ਼ਾ ਨਹੀਂ ਵਿਕਦਾ। ਕਥਿਤ ਵਰਦੀਧਾਰੀਆਂ ਨੇ ਕਿਹਾ ਕਿ ਵੱਡੇ ਸਾਹਿਬ ਆ ਰਹੇ ਹਨ ਤੇ ਬਾਕੀ ਗੱਲ ਉਹ ਕਰਨਗੇ। ਕੁਝ ਸਮੇਂ ਬਾਅਦ 3 ਹੋਰ ਵਿਅਕਤੀ ਸਾਦੇ ਕੱਪੜਿਆਂ ’ਚ ਘਰ ਅੰਦਰ ਦਾਖਲ ਹੋ ਗਏ। ਇਨ੍ਹਾਂ ਲੋਕਾਂ ਨੇ ਪੂਰੇ ਪਰਿਵਾਰ ਨੂੰ ਇੱਕ ਥਾਂ ਖੜ੍ਹਾ ਕਰ ਦਿੱਤਾ ਤੇ ਦੋਵੇਂ ਮੰਜ਼ਿਲਾਂ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਘਰ ਦਾ ਕੋਨਾ-ਕੋਨਾ ਖੰਗਾਲਣ ਦੇ ਬਾਵਜੂਦ ਡਰ ਕਾਰਨ ਪਰਿਵਾਰਕ ਮੈਂਬਰ ਚੁੱਪ ਖੜ੍ਹੇ ਰਹੇ। ਕਰੀਬ 20 ਮਿੰਟ ਬਾਅਦ ਜਦੋਂ ਸਾਰੇ ਵਿਅਕਤੀ ਵਾਪਸ ਜਾਣ ਲੱਗੇ ਤਾਂ ਇੱਕ ਨੇ ਕਿਹਾ ਕਿ ਸੂਚਨਾ ਦੇਣ ਵਾਲੇ ਦਾ ਆਧਾਰ ਕਾਰਡ ਹੈ, ਜਿਸ ਨੂੰ ਦਿਖਾ ਕੇ ਪਛਾਣ ਕਰਵਾਈ ਜਾਵੇਗੀ। ਬਾਅਦ ’ਚ ਪਿੰਡ ’ਚ ਝਗੜਾ ਹੋਣ ਦੀ ਗੱਲ ਕਹਿ ਕੇ ਇਹ ਲੋਕ ਬਿਨਾਂ ਆਧਾਰ ਕਾਰਡ ਦਿਖਾਏ ਉੱਥੋਂ ਚਲੇ ਗਏ। ਥਾਣਾ ਜੁਲਕਾਂ ਦੇ ਮੁਖੀ ਕਰਮਜੀਤ ਸਿੰਘ ਨੇ ਕਿਹਾ ਕਿ ਐੱਫਆਈਆਰ ਦਰਜ ਕਰ ਲਈ ਗਈ ਹੈ। ਜਾਂਚ ’ਚ ਕੁਝ ਸਮਾਂ ਲੱਗਿਆ ਹੈ। ਹੁਣ ਜਲਦ ਹੀ ਮੁਲਜ਼ਮਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। ਡੱਬੀ- ਸਵਿਫਟ ਤੇ ਆਲਟੋ ਕਾਰਾਂ ’ਚ ਬੈਠੇ ਸਨ ਦੋ ਹੋਰ ਵਿਅਕਤੀ ਹਰਬੰਸ ਸਿੰਘ ਨੇ ਦੱਸਿਆ ਕਿ ਜਦੋਂ ਉਹ ਘਰ ਤੋਂ ਬਾਹਰ ਆਏ ਤਾਂ ਦੇਖਿਆ ਕਿ ਦੋ ਹੋਰ ਵਿਅਕਤੀ ਸਵਿਫਟ ਅਤੇ ਆਲਟੋ ਕਾਰਾਂ ’ਚ ਬੈਠੇ ਹੋਏ ਸਨ। ਦੋਵੇਂ ਕਾਰਾਂ ’ਤੇ ਜਾਅਲੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਸਨ। ਉਨ੍ਹਾਂ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਸੀ। ਘਰ ਦੀ ਜਾਂਚ ਕਰਨ ’ਤੇ ਪਤਾ ਲੱਗਾ ਕਿ ਸਿਰਫ਼ ਨਕਦੀ ਹੀ ਚੋਰੀ ਹੋਈ ਸੀ। ਘਟਨਾ ਤੋਂ ਇੱਕ ਹਫ਼ਤੇ ਬਾਅਦ ਫੌਜ ’ਚ ਤਾਇਨਾਤ ਉਨ੍ਹਾਂ ਦਾ ਪੁੱਤਰ ਘਰ ਵਾਪਸ ਆਇਆ ਤੇ ਪੁਲਿਸ ਅਧਿਕਾਰੀਆਂ ਕੋਲ ਜਾ ਕੇ ਕਾਰਵਾਈ ਦੀ ਮੰਗ ਕੀਤੀ, ਜਿਸ ਤੋਂ ਬਾਅਦ ਐੱਫਆਈਆਰ ਦਰਜ ਕੀਤੀ ਗਈ। ਸੀਸੀਟੀਵੀ ਫੁਟੇਜ ਦੀ ਜਾਂਚ ਦੌਰਾਨ ਪਤਾ ਲੱਗਾ ਕਿ ਕਾਰਾਂ ’ਤੇ ਜਾਅਲੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਸਨ।