ਪ੍ਰਾਪਰਟੀ ਡੀਲਰ ’ਤੇ ਫਾਇਰ ਕਰਨ ਵਾਲੇ ਸ਼ੂਟਰਾਂ ਤੇ ਪੁਲਿਸ ਵਿਚਕਾਰ ਮੁੱਠਭੇੜ ਪ੍ਰਾਪਰਟੀ ਡੀਲਰ ’ਤੇ ਫਾਇਰ ਕਰਨ ਵਾਲੇ ਸ਼ੂਟਰਾਂ ਤੇ ਪੁਲਿਸ ਵਿਚਕਾਰ ਮੁੱਠਭੇੜ
Publish Date: Tue, 17 Nov 2026 08:29 PM (IST)
Updated Date: Wed, 18 Nov 2026 04:04 AM (IST)
* ਪੁਲਿਸ ਦੀ ਗੋਲ਼ੀ ਨਾਲ ਦੋਵੇਂ ਮੁਲਜ਼ਮ ਹੋਏ ਜ਼ਖ਼ਮੀਂ, ਕਾਬੂ * ਜ਼ਖ਼ਮੀਆਂ ਨੂੰ ਕਰਵਾਇਆ ਸਰਕਾਰੀ ਹਸਪਤਾਲ ਦਾਖ਼ਲ ਫੋਟੋ : 17ਪੀਟੀਐਲ : 27,28 ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਪੁਲਿਸ ਨੇ ਪ੍ਰਾਪਰਟੀ ਡੀਲਰ ਸੁਖਵਿੰਦਰ ਗੱਗੂ ਤੇ ਗੋਲ਼ੀਆਂ ਚਲਾਉਣ ਵਾਲੇ ਦੋ ਮੁਲਜ਼ਮਾਂ ਨੂੰ ਇਕ ਮੁੱਠਭੇੜ ਮਗਰੋਂ ਗ੍ਰਿਫ਼ਤਾਰ ਕਰ ਲਿਆ ਹੈ। ਮੁੱਠਭੇੜ ਦੌਰਾਨ ਪੁਲਿਸ ਵੱਲੋਂ ਕੀਤੀ ਜਵਾਬੀ ਫਾਇਰਿੰਗ ’ਚ ਦੋਵੇਂ ਮੁਲਜ਼ਮ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਕਾਬੂ ਕਰ ਕੇ ਇਲਾਜ ਲਈ ਸਰਕਾਰੀ ਰਜਿੰਦਰਾ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਦਿੰਦਿਆਂ ਐੱਸਐੱਸਪੀ ਹਰਮਨਦੀਪ ਸਿੰਘ ਹੰਸ ਨੇ ਦੱਸਿਆ ਕਿ ਬੀਤੇ ਦਿਨ ਪ੍ਰਾਪਰਟੀ ਡੀਲਰ ਸੁਖਵਿੰਦਰ ਗੱਗੂ ਉੱਪਰ ਇਕ ਗੈਂਗ ਦੇ ਕੁਝ ਮੈਂਬਰਾਂ ਨੇ ਜਾਨਲੇਵਾ ਹਮਲਾ ਕਰਦਿਆਂ ਗੋਲ਼ੀਆਂ ਚਲਾਈਆਂ ਗਈਆਂ ਸਨ। ਉਸ ਵਾਰਦਾਤ ਵੇਲੇ ਹੀ ਇਕ ਮੁਲਜ਼ਮ, ਜਿਸ ਦੀ ਪਛਾਣ ਨੇਗੀ ਵਜੋਂ ਹੋਈ ਸੀ, ਮੌਕੇ ਤੇ ਜ਼ਖ਼ਮੀ ਹੋ ਗਿਆ ਸੀ ਅਤੇ ਪੁਲਿਸ ਨੇ ਉਸ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਸੀ। ਇਸ ਵਾਰਦਾਤ ਤੋਂ ਬਾਅਦ ਪੁਲਿਸ ਵੱਲੋਂ ਫ਼ਰਾਰ ਹੋਏ ਬਾਕੀ ਮੁਲਜ਼ਮਾਂ ਦੀ ਭਾਲ ਲਈ ਵੱਖ-ਵੱਖ ਟੀਮਾਂ ਦਾ ਗਠਨ ਕਰ ਕੇ ਤੇਜ਼ੀ ਨਾਲ ਛਾਪੇਮਾਰੀ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਫ਼ਰਾਰ ਮੁਲਜ਼ਮਾਂ ਦੀ ਪੈੜ ਨੱਪਦਿਆਂ ਅੱਜ ਪੁਲਿਸ ਟੀਮਾਂ ਨੂੰ ਪੁਖਤਾ ਸੂਚਨਾ ਮਿਲੀ, ਜਿਸ ਦੇ ਆਧਾਰ ਤੇ ਬੀੜ ਖੇੜੀ ਗੁਜਰਾਂ ਦੇ ਇਲਾਕੇ ਕੋਲ ਮੁਲਜ਼ਮਾਂ ਦਾ ਪਿੱਛਾ ਕੀਤਾ ਗਿਆ। ਜਦੋਂ ਪੁਲਿਸ ਟੀਮਾਂ ਨੇ ਘੇਰਾਬੰਦੀ ਕਰ ਕੇ ਮੁਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਪੁਲਿਸ ਪਾਰਟੀ ਉੱਪਰ ਸਿੱਧੀਆਂ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਟੀਮਾਂ ਨੇ ਆਪਣਾ ਬਚਾਅ ਕਰਦਿਆਂ ਜਵਾਬੀ ਫਾਇਰਿੰਗ ਕੀਤੀ, ਜਿਸ ’ਚ ਦੋਵੇਂ ਮੁਲਜ਼ਮ ਗੋਲ਼ੀਆਂ ਲੱਗਣ ਕਾਰਨ ਜ਼ਖ਼ਮੀ ਹੋ ਗਏ। ਜ਼ਖ਼ਮੀ ਮੁਲਜ਼ਮਾਂ ਦੀ ਪਛਾਣ ਅਸ਼ਵਨੀ ਤੇ ਸੰਨੀ ਵਜੋਂ ਹੋਈ ਹੈ, ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਮੁੱਢਲੀ ਸਹਾਇਤਾ ਲਈ ਹਸਪਤਾਲ ਪਹੁੰਚਾਇਆ। ਐੱਸਐੱਸਪੀ ਨੇ ਦੱਸਿਆ ਕਿ ਗ੍ਰਿਫਤਾਰ ਦੋਵੇਂ ਮੁਲਜ਼ਮ ਪਟਿਆਲਾ ਦੇ ਵਾਸੀ ਹਨ। ਇਨ੍ਹਾਂ ਦਾ ਸਬੰਧ ਬਦਨਾਮ ਬੌਬੀ ਮਾਹੀ ਤੇ ਰਵੀ ਮਾਹੀ ਗੈਂਗ ਨਾਲ ਹੈ ਅਤੇ ਇਹ ਇਸ ਗੈਂਗ ਦੇ ਸਰਗਰਮ ਮੈਂਬਰ ਹਨ। ਪੁਲਿਸ ਅਧਿਕਾਰੀ ਅਨੁਸਾਰ, ਇਸ ਗੈਂਗ ਦਾ ਸਰਗਨਾ ਬੌਬੀ ਮਾਹੀ ਇਸ ਸਮੇਂ ਸੰਗਰੂਰ ਜੇਲ੍ਹ ’ਚ ਬੰਦ ਹੈ, ਜਦੋਂਕਿ ਦੂਜਾ ਸਾਥੀ ਰਵੀ ਮਾਹੀ ਵਿਦੇਸ਼ ’ਚ ਬੈਠ ਕੇ ਆਪਣੀਆਂ ਗਤੀਵਿਧੀਆਂ ਚਲਾ ਰਿਹਾ ਹੈ।