ਗ਼ੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਨ ਵਾਲਾ ਮੋਡੀਊਲ ਬੇਨਕਾਬ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਨ ਵਾਲਾ ਮੋਡੀਊਲ ਬੇਨਕਾਬ
Publish Date: Sat, 31 Oct 2026 04:38 PM (IST)
Updated Date: Sat, 31 Oct 2026 04:41 PM (IST)
9 ਪਿਸਤੌਲਾਂ ਸਮੇਤ ਤਿੰਨ ਮੁਲਜ਼ਮ ਕਾਬੂ ਮੱਧ ਪ੍ਰਦੇਸ਼ ਤੋਂ ਲਿਆਂਦੇ ਗਏ ਸਨ ਹਥਿਆਰ, ਬੰਬੀਹਾ ਗੈਂਗ ਨਾਲ ਜੁੜੇ ਤਾਰ ਨਵਦੀਪ ਢੀਂਗਰਾ, ਪੰਜਾਬੀ ਜਾਗਰਣ ਪਟਿਆਲਾ : ਮਾੜੇ ਅਨਸਰਾਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਪਟਿਆਲਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਥਾਣਾ ਸਿਟੀ ਰਾਜਪੁਰਾ ਅਤੇ ਸੀ.ਆਈ.ਏ. ਰਾਜਪੁਰਾ ਦੀਆਂ ਸਾਂਝੀਆਂ ਟੀਮਾਂ ਨੇ ਇੱਕ ਹਥਿਆਰ ਸਪਲਾਈ ਮੋਡੀਊਲ ਦਾ ਪਰਦਾਫਾਸ਼ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ .32 ਬੋਰ ਦੀਆਂ 9 ਪਿਸਤੌਲਾਂ, 10 ਜ਼ਿੰਦਾ ਕਾਰਤੂਸ, 16 ਮੈਗਜ਼ੀਨ ਅਤੇ ਇੱਕ ਚਿੱਟੇ ਰੰਗ ਦੀ ਹੁੰਡਈ ਵਰਨਾ ਕਾਰ ਬਰਾਮਦ ਕੀਤੀ ਹੈ। ਇਸ ਸਬੰਧੀ ਥਾਣਾ ਸਿਟੀ ਰਾਜਪੁਰਾ ਵਿਖੇ ਆਰਮਜ਼ ਐਕਟ ਅਤੇ ਬੀ.ਐੱਨ.ਐੱਸ. ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਐੱਸਪੀ (ਡੀ) ਰਾਜੇਸ਼ ਛਿੱਬੜ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਜਸਵਿੰਦਰ ਸਿੰਘ ਉਰਫ਼ ਗੋਰਾ ਵਾਸੀ ਪਿੰਡ ਕੋਟਿਰ ਸਿੰਘ ਵਾਲਾ, ਥਾਣਾ ਭਗਤਾ ਭਾਈ, ਜ਼ਿਲ੍ਹਾ ਬਠਿੰਡਾ ਵਿਰੁੱਧ ਪਹਿਲਾਂ ਵੀ ਅਸਲਾ ਐਕਟ ਅਤੇ ਚੋਰੀ ਦੇ ਪਰਚੇ ਦਰਜ ਹਨ। ਲਖਵੀਰ ਸਿੰਘ ਉਰਫ਼ ਲਾਡੀ ਵਾਸੀ ਪਿੰਡ ਅਲੀਪੁਰ ਮੰਡਵਾਲ, ਥਾਣਾ ਖੇੜੀ ਗੰਡਿਆਂ, ਜ਼ਿਲ੍ਹਾ ਪਟਿਆਲਾ ਵਿਰੁੱਧ ਪਹਿਲਾਂ ਅਸਲਾ ਐਕਟ ਅਤੇ ਐੱਨ.ਡੀ.ਪੀ.ਐੱਸ. ਐਕਟ ਦੇ ਪਰਚੇ ਦਰਜ ਹਨ। ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਾਸੀ ਅਮੀਰ ਕਲੋਨੀ, ਰਾਜਪੁਰਾ, ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ। ਐੱਸਪੀ ਛਿੱਬੜ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਇਹ ਖ਼ੁਲਾਸਾ ਹੋਇਆ ਹੈ ਕਿ ਬਰਾਮਦ ਕੀਤੇ ਗਏ ਹਥਿਆਰ ਮੱਧ ਪ੍ਰਦੇਸ਼ ਤੋਂ ਲਿਆਂਦੇ ਗਏ ਸਨ। ਮੁਲਜ਼ਮ ਜਸਵਿੰਦਰ ਸਿੰਘ ਉਰਫ਼ ਗੋਰਾ ਦੇ ਬੰਬੀਹਾ ਗੈਂਗ ਨਾਲ ਸਬੰਧ ਸਾਹਮਣੇ ਆਏ ਹਨ ਅਤੇ ਉਸ ਵੱਲੋਂ ਇਹ ਹਥਿਆਰ ਬੰਬੀਹਾ ਗੈਂਗ ਲਈ ਸਪਲਾਈ ਕੀਤੇ ਜਾਣੇ ਸਨ। ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮ ਜਸਵਿੰਦਰ ਸਿੰਘ ਆਪਣੇ ਪਿੰਡ ਦੇ ਦੋ ਵਿਅਕਤੀਆਂ ਨਾਲ ਨਿੱਜੀ ਰੰਜਿਸ਼ ਰੱਖਦਾ ਸੀ ਅਤੇ ਉਨ੍ਹਾਂ ਦਾ ਕਤਲ ਕਰਨ ਦੀ ਯੋਜਨਾ ਬਣਾ ਰਿਹਾ ਸੀ। ਪੁਲਿਸ ਵੱਲੋਂ ਸਮੇਂ ਸਿਰ ਕੀਤੀ ਕਾਰਵਾਈ ਨਾਲ ਇੱਕ ਸੰਭਾਵਿਤ ਦੋਹਰੇ ਕਤਲ ਦੀ ਵਾਰਦਾਤ ਟਲ ਗਈ। ਪੁਲਿਸ ਅਨੁਸਾਰ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਤਾਂ ਜੋ ਹਥਿਆਰਾਂ ਦੇ ਪੂਰੇ ਨੈੱਟਵਰਕ ਅਤੇ ਹੋਰ ਸ਼ਾਮਲ ਵਿਅਕਤੀਆਂ ਦਾ ਪਤਾ ਲਗਾਇਆ ਜਾ ਸਕੇ।