10 ਘੰਟਿਆਂ ਅੰਦਰ ਝਪਟਮਾਰੀ ਦੀਆਂ ਦੋ ਵਾਰਦਾਤਾਂ 10 ਘੰਟਿਆਂ ਅੰਦਰ ਝਪਟਮਾਰੀ ਦੀਆਂ ਦੋ ਵਾਰਦਾਤਾਂ
Publish Date: Thu, 29 Oct 2026 06:27 PM (IST)
Updated Date: Thu, 29 Oct 2026 06:28 PM (IST)
ਸੀਨੀਅਰ ਰਿਪੋਰਟਰ•, ਪੰਜਾਬੀ ਜਾਗਰਣ, ਪਟਿਆਲਾ : ਸ਼ਹਿਰ ਦੇ ਭੀੜ-ਭੜੱਕੇ ਵਾਲੇ ਇਲਾਕਿਆਂ ਵਿੱਚ ਸ਼ਾਮਲ ਅਰਬਨ ਅਸਟੇਟ ਅਤੇ ਐੱਸਐੱਸਟੀ ਨਗਰ ਵਿੱਚ 10 ਘੰਟਿਆਂ ਦੇ ਅੰਦਰ ਝਪਟਮਾਰੀ ਦੀਆਂ ਦੋ ਵਾਰਦਾਤਾਂ ਵਾਪਰ ਗਈਆਂ। ਦੋਵੇਂ ਘਟਨਾਵਾਂ ਉਸ ਸਮੇਂ ਹੋਈਆਂ ਜਦੋਂ ਘਟਨਾ ਸਥਾਨ ਦੇ ਆਲੇ-ਦੁਆਲੇ ਲੋਕਾਂ ਦੀ ਕਾਫ਼ੀ ਭੀੜ ਸੀ। ਇਸ ਦੇ ਬਾਵਜੂਦ ਝਪਟਮਾਰ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਬਾਅਦ ਫ਼ਰਾਰ ਹੋ ਗਏ। ਦੋਵਾਂ ਮਾਮਲਿਆਂ ਵਿੱਚ ਪੁਲਿਸ ਕੋਲ ਸ਼ਿਕਾਇਤਾਂ ਪਹੁੰਚ ਚੁੱਕੀਆਂ ਹਨ, ਪਰ ਘਟਨਾਵਾਂ ਤੋਂ ਕਈ ਘੰਟੇ ਬੀਤਣ ਦੇ ਬਾਵਜੂਦ ਮੁਲਜ਼ਮਾਂ ਦਾ ਕੋਈ ਸੁਰਾਗ ਨਹੀਂ ਮਿਲਿਆ। ਇੱਕ ਵਾਰਦਾਤ ਵਿੱਚ ਝਪਟਮਾਰ ਔਰਤ ਦੇ ਕੰਨ ਦੀ ਇੱਕ ਵਾਲੀ ਖੋਹ ਕੇ ਲੈ ਗਏ, ਜਦਕਿ ਦੂਜੀ ਘਟਨਾ ਵਿੱਚ 63 ਸਾਲਾ ਔਰਤ ਦੇ ਦੋਵੇਂ ਕੰਨਾਂ ਦੇ ਮਾਸ ਫਟ ਗਏ। ਜ਼ਖ਼ਮੀ ਔਰਤ ਦੇ ਕੰਨਾਂ ’ਤੇ ਟਾਂਕੇ ਲਾਉਣੇ ਪਏ। ਉਸ ਦੀ ਪਛਾਣ ਅਰਬਨ ਅਸਟੇਟ ਫੇਜ਼-1 ਦੀ ਰਹਿਣ ਵਾਲੀ ਗੁਰਜੀਤ ਕੌਰ ਵਜੋਂ ਹੋਈ ਹੈ। ਦੂਜੀ ਵਾਰਦਾਤ ਥਾਣਾ ਲਾਹੌਰੀ ਗੇਟ ਅਧੀਨ ਆਉਂਦੇ ਐੱਸਐੱਸਟੀ ਨਗਰ ਇਲਾਕੇ ਵਿੱਚ ਗੁਰਬਖ਼ਸ਼ ਕਾਲੋਨੀ ਦੀ ਰਹਿਣ ਵਾਲੀ ਨੀਸ਼ੂ ਗੁਪਤਾ ਨਾਲ ਵਾਪਰੀ। ਪਹਿਲੀ ਘਟਨਾ ਅਨੁਸਾਰ ਗੁਰਜੀਤ ਕੌਰ ਨੇ ਦੱਸਿਆ ਕਿ ਹਰ ਬੁੱਧਵਾਰ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਸਬਜ਼ੀ ਮੰਡੀ ਲੱਗਦੀ ਹੈ, ਜਿਸ ਕਾਰਨ ਇਲਾਕੇ ਵਿੱਚ ਕਾਫ਼ੀ ਭੀੜ ਹੁੰਦੀ ਹੈ। 28 ਅਕਤੂਬਰ ਨੂੰ ਰਾਤ ਕਰੀਬ 9 ਵਜੇ ਉਹ ਪੈਦਲ ਘਰ ਵੱਲ ਜਾ ਰਹੀ ਸੀ। ਇਸੇ ਦੌਰਾਨ ਇੱਕ ਨੌਜਵਾਨ ਆਇਆ ਅਤੇ ਉਸ ਦੇ ਕੰਨਾਂ ਦੀਆਂ ਦੋਵੇਂ ਵਾਲੀਆਂ ਝਪਟ ਕੇ ਫ਼ਰਾਰ ਹੋ ਗਿਆ। ਵਾਲੀਆਂ ਖੋਹਣ ਦੌਰਾਨ ਉਸ ਦੇ ਦੋਵੇਂ ਕੰਨਾਂ ਦਾ ਮਾਸ ਫਟ ਗਿਆ ਅਤੇ ਖ਼ੂਨ ਵਗਣ ਲੱਗ ਪਿਆ। ਉਸ ਨੇ ਰੌਲਾ ਪਾਇਆ, ਪਰ ਮੁਲਜ਼ਮ ਆਪਣੇ ਮੋਟਰਸਾਈਕਲ ਸਵਾਰ ਸਾਥੀ ਨਾਲ ਸ਼ਿਵ ਮੰਦਰ ਵੱਲ ਫ਼ਰਾਰ ਹੋ ਗਿਆ। ਘਟਨਾ ਤੋਂ ਬਾਅਦ ਗੁਰਜੀਤ ਕੌਰ ਨੂੰ ਰਾਜਿੰਦਰਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੇ ਕੰਨਾਂ ’ਤੇ ਟਾਂਕੇ ਲਾਉਣੇ ਪਏ। ਪੀੜਤ ਔਰਤ ਨੇ ਥਾਣਾ ਅਰਬਨ ਅਸਟੇਟ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਪਰ 24 ਘੰਟਿਆਂ ਬਾਅਦ ਵੀ ਐੱਫਆਈਆਰ ਦਰਜ ਨਹੀਂ ਹੋ ਸਕੀ ਸੀ। --- ਸਕੂਲ ਨੇੜੇ ਮਾਪਿਆਂ ਦੀ ਭੀੜ ਵਿੱਚੋਂ ਵਾਲੀ ਖੋਹ ਕੇ ਫ਼ਰਾਰ ਝਪਟਮਾਰੀ ਦੀ ਦੂਜੀ ਘਟਨਾ ਐੱਸਐੱਸਟੀ ਨਗਰ ਸਥਿਤ ਸ਼ਿਵਾਲਿਕ ਪਬਲਿਕ ਸਕੂਲ ਦੇ ਨੇੜੇ ਵਾਪਰੀ। ਸਕੂਲ ਵਿੱਚ ਛੁੱਟੀ ਸਮੇਂ ਬੱਚਿਆਂ ਨੂੰ ਲੈਣ ਆਏ ਮਾਪਿਆਂ ਦੀ ਭੀੜ ਲੱਗੀ ਹੋਈ ਸੀ। ਇਸੇ ਦੌਰਾਨ ਨੀਸ਼ੂ ਗੁਪਤਾ ਸਕੂਲ ਨੇੜੇ ਪਹੁੰਚੀ ਤਾਂ ਮੋਟਰਸਾਈਕਲ ਸਵਾਰ ਨੌਜਵਾਨ ਉਸ ਦੇ ਕੰਨ ਦੀ ਵਾਲੀ ਖੋਹ ਕੇ ਫ਼ਰਾਰ ਹੋ ਗਿਆ। ਮੁਲਜ਼ਮ ਨੇ ਦੋਵੇਂ ਕੰਨਾਂ ਦੀਆਂ ਵਾਲੀਆਂ ਖੋਹਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਸ ਦੇ ਹੱਥ ਇੱਕ ਹੀ ਵਾਲੀ ਲੱਗੀ। ਨੀਸ਼ੂ ਗੁਪਤਾ ਨੂੰ ਜ਼ਿਆਦਾ ਸੱਟ ਨਹੀਂ ਲੱਗੀ। ਪੀੜਤ ਪਰਿਵਾਰ ਨੇ ਤੁਰੰਤ ਥਾਣਾ ਲਾਹੌਰੀ ਗੇਟ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ। ਜਾਂਚ ਅਧਿਕਾਰੀ ਏਐੱਸਆਈ ਇੰਦਰਜੀਤ ਸਿੰਘ ਨੇ ਦੱਸਿਆ ਕਿ ਝਪਟਮਾਰੀ ਸਬੰਧੀ ਮਿਲੀ ਸ਼ਿਕਾਇਤ ਦੀ ਜਾਂਚ ਕੀਤੀ ਜਾ ਰਹੀ ਹੈ। -- ਇਲਾਕੇ ਦੀ ਸਾਰੀ ਸੀਸੀਟੀਵੀ ਫੁਟੇਜ ਖੰਗਾਲ ਰਹੇ ਹਾਂ : ਐੱਸਐੱਚਓ ਥਾਣਾ ਅਰਬਨ ਅਸਟੇਟ ਦੇ ਮੁਖੀ ਸੁਖਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਇਲਾਕੇ ਦੀ ਸਾਰੀ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।