ਸੱਤ ਪਿਸਤੌਲਾਂ ਤੇ 19 ਕਾਰਤੂਸਾਂ ਸਣੇ ਦੋ ਕਾਬੂ ਹਥਿਆਰ ਸਪਲਾਈ ਕਰਨ ਵਾਲਾ ਬਰਖਾਸਤ ਫੋਜੀ ਤੇ ਦੋਸਤ 7 ਹਥਿਆਰਾਂ ਸਮੇਤ ਕਾਬੂ
Publish Date: Tue, 29 Sep 2026 07:09 PM (IST)
Updated Date: Wed, 30 Sep 2026 04:06 AM (IST)
- ਮੁਲਜ਼ਮ ਬਰਖ਼ਾਸਤ ਫ਼ੌਜੀ ਖ਼ਿਲਾਫ਼ ਪਟਿਆਲਾ ਦੇ ਥਾਣਿਆਂ ’ਚ ਗੰਭੀਰ ਅਪਰਾਧਾਂ ਸਬੰਧੀ 10 ਕੇਸ ਦਰਜ - ਬਰਾਮਦ ਹਥਿਆਰਾਂ ਬਾਰੇ ਦੋਵਾਂ ਤੋਂ ਪੁੱਛਗਿੱਛ ਜਾਰੀ, ਪੁਲਿਸ ਰਿਮਾਂਡ ’ਤੇ ਲਿਆ ਜਾਵੇਗਾ ਫੋਟੋ 29ਪੀਟੀਐੱਲ- 03 ਸਟਾਫ ਰਿਪੋਰਟਰ•, ਪੰਜਾਬੀ ਜਾਗਰਣ•, ਪਟਿਆਲਾ : ਪਟਿਆਲਾ ਪੁਲਿਸ ਨੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਦੋ ਕਥਿਤ ਸਰਗਰਮ ਮੈਂਬਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਸੱਤ ਪਿਸਤੌਲ ਤੇ 23 ਕਾਰਤੂਸ ਬਰਾਮਦ ਕੀਤੇ ਹਨ। ਪੁਲਿਸ ਅਨੁਸਾਰ ਮੁਲਜ਼ਮ ਲਾਰੈਂਸ ਬਿਸ਼ਨੋਈ ਗੈਂਗ ਤੋਂ ਗ਼ੈਰ ਕਾਨੂੰਨੀ ਹਥਿਆਰ ਲਿਆ ਕੇ ਅਪਰਾਧ ਕਰਨ ਵਾਲਿਆ ਨੂੰ ਵੇਚਦੇ ਹਨ। ਦੋਵਾਂ ਨੂੰ 28 ਸਤੰਬਰ ਨੂੰ ਸਾਧੂ ਬੇਲਾ ਰੋਡ ਤੋਂ ਕਾਬੂ ਕੀਤਾ ਗਿਆ। ਐੱਸਐੱਸਪੀ ਹਰਮਨਦੀਪ ਸਿੰਘ ਹੰਸ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਚੱਲ ਰਹੀ ‘ਗੈਂਗਸਟਰਾਂ ਖ਼ਿਲਾਫ਼ ਜੰਗ’ ਮੁਹਿੰਮ ਤਹਿਤ ਡੀਆਈਜੀ ਪਟਿਆਲਾ ਰੇਂਜ ਕੁਲਦੀਪ ਸਿੰਘ ਚਾਹਲ ਦੇ ਨਿਰਦੇਸ਼ਾਂ ਹੇਠ ਸੀਆਈਏ ਪਟਿਆਲਾ ਦੀ ਟੀਮ ਨੇ ਇਹ ਕਾਰਵਾਈ ਕੀਤੀ। ਮੁਲਜ਼ਮਾਂ ਦੀ ਪਛਾਣ ਤੇਜਿੰਦਰ ਸਿੰਘ ਉਰਫ਼ ਫੌਜੀ ਵਾਸੀ ਪਿੰਡ ਦੌਣ ਕਲਾਂ ਤੇ ਰਾਹੁਲ ਉਰਫ਼ ਦਾਨਾ ਵਾਸੀ ਹਰੀਦਾਸ ਕਲੋਨੀ, ਨਾਭਾ ਵਜੋਂ ਹੋਈ ਹੈ। ਪੁਲਿਸ ਅਨੁਸਾਰ ਤੇਜਿੰਦਰ ਕੋਲੋਂ ਛੇ .32 ਬੋਰ ਪਿਸਤੌਲ ਤੇ 19 ਕਾਰਤੂਸ, ਜਦਕਿ ਇਕ .30 ਬੋਰ ਪਿਸਤੌਲ ਤੇ ਚਾਰ ਕਾਰਤੂਸ ਬਰਾਮਦ ਹੋਏ ਹਨ। ਐੱਸਐੱਸਪੀ ਨੇ ਦੱਸਿਆ ਕਿ ਤੇਜਿੰਦਰ ਸਿੰਘ ਫੌਜੀ ਪਹਿਲਾਂ ਭਾਰਤੀ ਫੌਜ ਦੀ 152 ਸਿੱਖ ਰੈਜੀਮੈਂਟ ’ਚ ਸਿਪਾਹੀ ਸੀ ਅਤੇ ਉਸ ਨੂੰ ਬਰਖ਼ਾਸਤ ਕੀਤਾ ਜਾ ਚੁੱਕਾ ਹੈ। ਉਸ ਖ਼ਿਲਾਫ਼ ਪਟਿਆਲਾ ਦੇ ਵੱਖ-ਵੱਖ ਥਾਣਿਆਂ ’ਚ ਗੰਭੀਰ ਅਪਰਾਧਾਂ ਸਬੰਧੀ 10 ਕੇਸ ਦਰਜ ਹਨ। ਪੁਲਿਸ ਨੇ ਦੱਸਿਆ ਕਿ ਅਪ੍ਰੈਲ 2022 ’ਚ ਪੰਜਾਬੀ ਯੂਨੀਵਰਸਿਟੀ ਦੇ ਬਾਹਰ ਕਬੱਡੀ ਖਿਡਾਰੀ ਧਰਮਿੰਦਰ ਭਿੰਦਾ ਦੇ ਕਤਲ ਦੇ ਮਾਮਲੇ ’ਚ ਵੀ ਉਹ ਨਾਮਜ਼ਦ ਹੈ ਅਤੇ ਮਈ 2026 ’ਚ ਜ਼ਮਾਨਤ ’ਤੇ ਜੇਲ੍ਹ ਤੋਂ ਬਾਹਰ ਆਇਆ ਸੀ। ਪੁਲਿਸ ਅਨੁਸਾਰ ਮੁਲਜ਼ਮ ਦੇ ਵਿਦੇਸ਼ ’ਚ ਬੈਠੇ ਲਾਰੈਂਸ ਬਿਸ਼ਨੋਈ ਗੈਂਗ ਦੇ ਫਰਾਰ ਮੈਂਬਰਾਂ ਨਾਲ ਸੰਪਰਕ ਹੋਣ ਦੀ ਗੱਲ ਸਾਹਮਣੇ ਆਈ ਹੈ। ਬਰਾਮਦ ਹਥਿਆਰਾਂ ਬਾਰੇ ਦੋਵਾਂ ਤੋਂ ਪੁੱਛਗਿੱਛ ਜਾਰੀ ਹੈ ਤੇ ਅਦਾਲਤ ’ਚ ਪੇਸ਼ ਕਰ ਕੇ ਪੁਲਿਸ ਰਿਮਾਂਡ ਲਿਆ ਜਾਵੇਗਾ।